#Featured

ਗੁਜਰਾਤੀ ਔਰਤ ਨੇ ਪਤੀ ਦੀ ਮੌਤ ਤੋਂ ਬਾਅਦ ਗੈਸ ਕੰਪਨੀ ‘ਤੇ 7 ਮਿਲੀਅਨ ਡਾਲਰ ਦਾ ਮੁਕੱਦਮਾ ਠੋਕਿਆ

ਨਿਊਯਾਰਕ, 11 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕੀ ਰਾਜ ਜਾਰਜੀਆ ‘ਚ ਰਹਿਣ ਵਾਲੀ ਇਕ ਗੁਜਰਾਤੀ ਔਰਤ ਦੀਨਾ ਪਟੇਲ ਨੇ ਆਪਣੇ ਪਤੀ ਦੀ ਅਚਾਨਕ ਮੌਤ ਤੋਂ ਇਕ ਸਾਲ ਅੱਠ ਮਹੀਨੇ ਬਾਅਦ ਗੈਸ ਵੰਡ ਨਾਲ ਜੁੜੀ ਇਕ ਕੰਪਨੀ ਦੇ ਖਿਲਾਫ 70 ਲੱਖ ਡਾਲਰ ਦਾ ਦਾਅਵਾ ਦਾਇਰ ਕੀਤਾ ਹੈ। ਗੁਜਰਾਤੀ ਔਰਤ ਜਿਸ ਦਾ ਨਾਂ  ਦੀਨਾ ਪਟੇਲ ਹੈ, ਉਸ ਦੇ ਪਤੀ ਨੀਲੇਸ਼ ਉਰਫ ਨੀਲ ਪਟੇਲ ਦੀ 26 ਜਨਵਰੀ 2023 ਨੂੰ ਮੌਤ ਹੋ ਗਈ ਸੀ। ਮੈਰੀਟਾ ਸਿਟੀ, ਜਾਰਜੀਆ ਦਾ ਵਸਨੀਕ ਨੀਲੇਸ਼ ਪਟੇਲ, ਸਮਾਹਨਾ ਸ਼ਹਿਰ ਦੇ ਕੈਂਡਲਵੁੱਡ ਸੂਟਸ ਨਾਂ ਦੇ ਇੱਕ ਹੋਟਲ ਵਿਚ ਗੈਸ ਲੀਕ ਹੋਣ ਤੋਂ ਬਾਅਦ ਅੱਗ ਲੱਗਣ ਕਾਰਨ ਗੰਭੀਰ ਰੂਪ ਵਿਚ ਝੁਲਸ ਗਿਆ ਸੀ। ਇਹ ਹੋਟਲ ਉਸਾਰੀ ਅਧੀਨ ਸੀ। ਇਹ ਘਟਨਾ 11 ਨਵੰਬਰ 2022 ਨੂੰ ਵਾਪਰੀ।
ਘਟਨਾ ਤੋਂ ਬਾਅਦ ਨੀਲੇਸ਼ ਪਟੇਲ ਨੂੰ ਗੰਭੀਰ ਹਾਲਤ ‘ਚ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਢਾਈ ਮਹੀਨਿਆਂ ਦੇ ਇਲਾਜ ਤੋਂ ਬਾਅਦ ਉਸਦੀ ਮੌਤ ਹੋ ਗਈ ਸੀ। ਜਦੋਂ 43 ਸਾਲਾ ਨੀਲੇਸ਼ ਪਟੇਲ ਦੀ ਮੌਤ ਹੋਈ, ਤਾਂ ਉਸ ਦੀ ਪਤਨੀ ਦੀਨਾ ਪਟੇਲ ਗਰਭਵਤੀ ਸੀ, ਪਰ ਪਹਿਲੇ ਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਹੀ ਉਸ ਦੇ ਪਤੀ ਦੀ ਮੌਤ ਹੋ ਗਈ। ਦੀਨਾ ਪਟੇਲ ਨੇ ਫੁਲਟਨ ਕਾਉਂਟੀ ਸਟੇਟ ਕੋਰਟ ਵਿਚ 30 ਅਗਸਤ ਨੂੰ ਦਾਇਰ ਕੀਤੇ ਮੁਕੱਦਮੇ ਵਿਚ, ਦੱਖਣੀ ਗੈਸ ਸਪਲਾਈ ਕੰਪਨੀ, ਇਸ ਦੀਆਂ ਸਹਾਇਕ ਕੰਪਨੀਆਂ ਸਾਉਦਰਨ ਕੰਪਨੀ ਗੈਸ, ਅਟਲਾਂਟਾ ਗੈਸ ਲਾਈਟ ਅਤੇ ਗੈਸ ਸਾਊਥ ਉੱਤੇ ਗੈਸ ਲੀਕ ਕਰਨ ਵਿਚ ਲਾਪ੍ਰਵਾਹੀ ਦਾ ਦੋਸ਼ ਲਗਾਇਆ ਹੈ, ਜਿਸ ਕਾਰਨ ਉਸਦੇ ਪਤੀ ਦੀ ਮੌਤ ਹੋ ਗਈ ਸੀ। ਦੀਨਾ ਪਟੇਲ ਨੇ ਕੰਪਨੀ ‘ਤੇ ਸੱਤ ਮਿਲੀਅਨ ਡਾਲਰ ਦਾ ਮੁਕੱਦਮਾ ਕੀਤਾ ਹੈ।
11 ਨਵੰਬਰ 2022 ਨੂੰ ਦੁਪਹਿਰ 1 ਵਜੇ ਦੇ ਕਰੀਬ ਨੀਲੇਸ਼ ਪਟੇਲ ਦੇ ਨਿਰਮਾਣ ਅਧੀਨ ਹੋਟਲ ਦੀ ਪੰਜਵੀਂ ਮੰਜ਼ਿਲ ਦੇ ਯੂਟੀਲਿਟੀ ਰੂਮ ‘ਚ ਵਾਟਰ ਹੀਟਰ ਦੇ ਫਟਣ ਤੋਂ ਬਾਅਦ ਅੱਗ ਲੱਗੀ। ਉਸ ਸਮੇਂ ਨੀਲ ਪਟੇਲ ਅਤੇ ਇੱਕ ਪਲੰਬਰ ਕਮਰੇ ‘ਚ ਸਨ। ਅਦਾਲਤ ਵਿਚ ਪੇਸ਼ ਕੀਤੇ ਰਿਕਾਰਡ ਅਨੁਸਾਰ ਜਦੋਂ ਨੀਲ ਪਟੇਲ ਅਤੇ ਪਲੰਬਰ, ਯੂਟੀਲਿਟੀ ਰੂਮ ‘ਚ ਗਏ, ਤਾਂ ਉੱਥੇ ਪਹਿਲਾਂ ਤੋਂ ਹੀ ਗੈਸ ਲੀਕ ਹੋ ਰਹੀ ਸੀ ਪਰ ਉੱਥੇ ਕੋਈ ਬਦਬੂ ਨਾ ਆਉਣ ਕਾਰਨ ਉਨ੍ਹਾਂ ਨੂੰ ਗੈਸ ਲੀਕ ਹੋਣ ਦਾ ਕੋਈ ਪਤਾ ਨਹੀਂ ਲੱਗਾ। ਜਦੋਂ ਪਲੰਬਰ ਨੇ ਲਾਈਟਰ ਜਗਾਇਆ ਤਾਂ ਉੱਥੇ ਗੈਸ ਲੀਕ ਹੋਣ ਕਾਰਨ ਇੱਕ ਜ਼ੋਰਦਾਰ ਧਮਾਕਾ ਹੋਇਆ ਅਤੇ ਨੀਲ ਪਟੇਲ ਗੰਭੀਰ ਰੂਪ ਵਿਚ ਝੁਲਸ ਗਿਆ, ਜਿਸ ਨੂੰ ਦੋ ਮਹੀਨਿਆਂ ਤੋਂ ਵੱਧ ਸਮੇਂ ਤੱਕ ਗ੍ਰੇਡੀ ਮੈਮੋਰੀਅਲ ਹਸਪਤਾਲ ਦੇ ਆਈ.ਸੀ.ਯੂ. ਵਿਚ ਰੱਖਿਆ ਗਿਆ ਸੀ, ਪਰ 21 ਜਨਵਰੀ 2023 ਨੂੰ ਉਸ ਦੀ ਮੌਤ ਹੋ ਗਈ ਸੀ। ਅਦਾਲਤ ‘ਚ ਦਾਇਰ ਮੁਕੱਦਮੇ ਮੁਤਾਬਕ ਨੀਲੇਸ਼ ਪਟੇਲ ਦੇ ਇਲਾਜ ‘ਤੇ 70 ਲੱਖ ਡਾਲਰ ਤੋਂ ਵੱਧ ਦਾ ਖਰਚ ਆਇਆ ਹੈ। ਇਸ ਘਟਨਾ ‘ਚ ਨੀਲ ਪਟੇਲ ਦੇ ਨਾਲ ਜ਼ਖਮੀ ਪਲੰਬਰ ਨੂੰ ਬਚਾ ਲਿਆ ਗਿਆ ਸੀ।