#PUNJAB

ਗਿੱਦੜਬਾਹਾ ਵਿਧਾਨ ਸਭਾ ਦੀਆਂ ਉਪ ਚੋਣਾਂ ਲਈ ਸਿਆਸੀ ਪਾਰਟੀਆਂ  ਹੋਈਆਂ ਸਰਗਰਮ

ਸ੍ਰੀ ਮੁਕਤਸਰ ਸਾਹਿਬ,  23 ਅਗਸਤ (ਪੰਜਾਬ ਮੇਲ)- ਗਿੱਦੜਬਾਹਾ ਵਿਧਾਨ ਸਭਾ ਹਲਕੇ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਦੂਜੇ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸ ਹਲਕੇ ਦਾ ਦੌਰਾ ਅਗਲੇ ਹਫ਼ਤੇ ਤੋਂ ਕੀਤਾ ਜਾਵੇਗਾ। ਦੱਸਣਾ ਬਣਦਾ ਹੈ ਕਿ ‘ਆਪ’ ਦੇ ਹਲਕਾ ਇੰਚਾਰਜ ਪ੍ਰਿਤਪਾਲ ਸ਼ਰਮਾ, ਸੁਖਜਿੰਦਰ ਕਾਉਣੀ ਅਤੇ ਸਰਬੰਸ ਸਿੰਘ ਸੰਧੂ ਸਮੇਤ ਕੁਝ ਸਥਾਨਕ ਆਗੂ ਟਿਕਟ ਦੇ ਚਾਹਵਾਨ ਹਨ। ਹਾਲਾਂਕਿ ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਪਾਰਟੀ ਕਿਸੇ ਹੋਰ ਨੂੰ ਮੈਦਾਨ ਵਿਚ ਉਤਾਰ ਸਕਦੀ ਹੈ। ਜ਼ਿਕਰਯੋਗ ਹੈ ਕਿ ਇਹ ਸੀਟ ਤਿੰਨ ਵਾਰ ਵਿਧਾਇਕ ਰਹੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਖਾਲੀ ਹੋਈ ਹੈ। ਸ੍ਰੀ ਵੜਿੰਗ ਪਿਛਲੇ ਹਫ਼ਤੇ ਦੋ ਦਿਨ ਗਿੱਦੜਬਾਹਾ ਆਏ ਸਨ ਤੇ ਉਨ੍ਹਾਂ ਨੇ ਆਪਣੀ ਪਾਰਟੀ ਦੇ ਕਈ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਸਨ। ਇਸ ਤਰ੍ਹਾਂ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਵੀ ਪਿਛਲੇ ਹਫ਼ਤੇ ਹਲਕੇ ਵਿੱਚ ਦੋ ਦਿਨ ਬਿਤਾਏ ਸਨ ਅਤੇ ਉਹ ਕੁਝ ਕਾਂਗਰਸੀ ਵਰਕਰਾਂ ਦੇ ਘਰ ਵੀ ਗਏ ਸਨ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕੇ ਦਾ ਦੌਰਾ ਕੀਤਾ ਅਤੇ ਦੋ ਪਿੰਡਾਂ ਵਿੱਚ 16 ਮੀਟਿੰਗਾਂ ਕੀਤੀਆਂ। ਉਹ ਲਗਾਤਾਰ ਹਲਕੇ ਦਾ ਦੌਰਾ ਕਰ ਰਹੇ ਹਨ ਅਤੇ ਪਾਰਟੀ ਦੇ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਨਾਲ ਮਿਲ ਕੇ ਹਰੇਕ ਵਰਕਰ ਨਾਲ ਰਾਬਤਾ ਬਣਾ ਰਹੇ ਹਨ।