#OTHERS

ਗਾਜ਼ਾ: ਤਿੰਨ ਦਿਨਾਂ ਦੀ ਗੋਲੀਬੰਦੀ ਦੇ ਬਦਲੇ ਛੱਡੇ ਜਾ ਸਕਦੇ ਨੇ 12 ਬੰਧਕ

ਖ਼ਾਨ ਯੂਨਿਸ, 10 ਨਵੰਬਰ (ਪੰਜਾਬ ਮੇਲ)- ਗਾਜ਼ਾ ਦੇ ਮਾੜੇ ਹਾਲਾਤ ‘ਤੇ ਕੌਮਾਂਤਰੀ ਪੱਧਰ ਉਪਰ ਚਿੰਤਾ ਜਤਾਏ ਦਰਮਿਆਨ ਵਿਚੋਲੇ 12 ਦੇ ਕਰੀਬ ਬੰਧਕਾਂ ਦੀ ਰਿਹਾਈ ਦੇ ਬਦਲੇ ‘ਚ ਤਿੰਨ ਦਿਨਾਂ ਦੀ ਗੋਲੀਬੰਦੀ ਬਾਰੇ ਸੰਭਾਵਿਤ ਸਮਝੌਤੇ ਨੇੜੇ ਪੁੱਜ ਗਏ ਹਨ। ਮਿਸਰ ਦੇ ਦੋ ਅਤੇ ਸੰਯੁਕਤ ਰਾਸ਼ਟਰ ਦੇ ਇਕ ਅਧਿਕਾਰੀ ਮੁਤਾਬਕ ਸਮਝੌਤੇ ਤਹਿਤ ਇਲਾਕੇ ‘ਚ ਥੋੜ੍ਹਾ ਈਂਧਣ ਭੇਜਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਕੋਈ ਵੀ ਆਰਜ਼ੀ ਗੋਲੀਬੰਦੀ ਤਾਂ ਹੀ ਸੰਭਵ ਹੈ, ਜੇਕਰ ਬੰਧਕਾਂ ਦੀ ਰਿਹਾਈ ਕੀਤੀ ਜਾਂਦੀ ਹੈ। ਅਮਰੀਕਾ, ਮਿਸਰ ਅਤੇ ਕਤਰ ਵੱਲੋਂ ਸੰਭਾਵਿਤ ਗੋਲੀਬੰਦੀ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਜ਼ਰਾਈਲ ਦੇ ਵਿਦੇਸ਼ ਮੰਤਰੀ ਏਲੀ ਕੋਹੇਨ ਨੇ ਕਿਸੇ ਵੀ ਸਮਝੌਤੇ ਬਾਰੇ ਚਰਚਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਇਸ ਨਾਲ ਵਾਰਤਾ ‘ਤੇ ਅਸਰ ਪੈ ਸਕਦਾ ਹੈ। ਸੰਯੁਕਤ ਰਾਸ਼ਟਰ ਦੇ ਮਾਨਵੀ ਮਾਮਲਿਆਂ ਬਾਰੇ ਦਫ਼ਤਰ ਨੇ ਕਿਹਾ ਕਿ ਬੁੱਧਵਾਰ ਨੂੰ 50 ਹਜ਼ਾਰ ਲੋਕ ਗਾਜ਼ਾ ਦੇ ਮੁੱਖ ਹਾਈਵੇਅ ਤੋਂ ਦੱਖਣ ਵੱਲ ਚਲੇ ਗਏ। ਇਜ਼ਰਾਇਲੀ ਫ਼ੌਜ ਵੱਲੋਂ ਰੋਜ਼ਾਨਾ ਲੋਕਾਂ ਨੂੰ ਦੱਖਣ ਵੱਲ ਜਾਣ ਲਈ ਸਮਾਂ ਦਿੱਤਾ ਜਾਂਦਾ ਹੈ। ਉਧਰ ਇਜ਼ਰਾਈਲ ਨੇ ਬੁੱਧਵਾਰ ਰਾਤ ਗਾਜ਼ਾ ‘ਤੇ ਜ਼ੋਰਦਾਰ ਹਵਾਈ ਹਮਲੇ ਕੀਤੇ ਅਤੇ ਪੈਦਲ ਸੈਨਾ ਨੇ ਸੰਘਣੀ ਸ਼ਹਿਰੀ ਆਬਾਦੀ ‘ਚ ਹਮਾਸ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਜ਼ਰਾਇਲੀ ਫ਼ੌਜ ਸ਼ਿਫ਼ਾ ਹਸਪਤਾਲ ਤੋਂ ਹੁਣ ਕਰੀਬ ਤਿੰਨ ਕਿਲੋਮੀਟਰ ਦੂਰ ਹੈ। ਅਧਿਕਾਰੀਆਂ ਮੁਤਾਬਕ ਹਮਾਸ ਦੇ ਖ਼ਾਤਮੇ ਦੀ ਮੁਹਿੰਮ ‘ਚ ਇਜ਼ਰਾਈਲ ਦਾ ਧਿਆਨ ਗਾਜ਼ਾ ਦੇ ਸਭ ਤੋਂ ਵੱਡੇ ਸ਼ਹਿਰ ‘ਤੇ ਹੈ।