ਪੱਤਰ ਲਿਖਣ ਵਾਲਿਆਂ ‘ਚ ਫਾਰੂਕ ਅਬਦੁੱਲਾ, ਮਹਿਬੂਬਾ ਮੁਫ਼ਤੀ, RAW ਦੇ ਸਾਬਕਾ ਮੁਖੀ ਏ.ਐੱਸ. ਦੁਲਤ, ਮਨੋਜ ਝਾਅ, ਮਣੀਸ਼ੰਕਰ ਅਈਅਰ, ਮੀਰਵਾਈਜ਼ ਉਮਰ ਫਾਰੂਕ ਅਤੇ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਖੁਰਸ਼ੀਦ ਮਹਿਮੂਦ ਕਸੂਰੀ ਸ਼ਾਮਲ ਹਨ। ਇਨ੍ਹਾਂ ਲੋਕਾਂ ਨੇ ਪੱਤਰ ਰਾਹੀਂ ਮੰਗ ਕੀਤੀ ਕਿ ਦੋਵਾਂ ਦੇਸ਼ਾਂ ‘ਚ ਪੂਰਨ ਕੂਟਨੀਤਕ ਸਬੰਧਾਂ ਨੂੰ ਬਹਾਲ ਕੀਤਾ ਜਾਵੇ, ਹਾਈ ਕਮਿਸ਼ਨਰਾਂ ਦੀ ਨਿਯੁਕਤੀ ਦੁਬਾਰਾ ਕੀਤੀ ਜਾਵੇ ਅਤੇ ਵੀਜ਼ਾ ਪ੍ਰਕਿਰਿਆ ਨੂੰ ਆਸਾਨ ਬਣਾਇਆ ਜਾਵੇ।
ਇਹ ਵੀ ਪੜ੍ਹੋ- ‘ਗੋਰੀ ਮੇਮ’ ਨਾਲ ਵਿਆਹ ਕਰਵਾ ਪਾਕਿਸਤਾਨ ਲੈ ਆਇਆ ਬੰਦਾ ! 12 ਸਾਲਾਂ ‘ਚ ਹੀ ਨਰਕ ਬਣਾ’ਤੀ ਜ਼ਿੰਦਗੀ
ਇਸ ਤੋਂ ਇਲਾਵਾ ਇਸ ਪੱਤਰ ‘ਚ ਅਟਾਰੀ-ਵਾਹਗਾ ਸਰਹੱਦ ਰਾਹੀਂ ਵਪਾਰਕ ਰਸਤੇ ਦੁਬਾਰਾ ਖੋਲ੍ਹੇ ਜਾਣ, ਦਿੱਲੀ-ਲਾਹੌਰ ਬੱਸ, ਸਮਝੌਤਾ ਐਕਸਪ੍ਰੈਸ, ਥਾਰ ਐਕਸਪ੍ਰੈਸ ਅਤੇ ਵਪਾਰਕ ਉਡਾਣਾਂ ਲਈ ਏਅਰਸਪੇਸ ਮੁੜ ਸ਼ੁਰੂ ਕਰਨ ਬਾਰੇ ਵੀ ਅਪੀਲ ਕੀਤੀ ਗਈ ਹੈ। ਨਾਲ ਹੀ ਕਰਤਾਰਪੁਰ ਸਾਹਿਬ ਕਾਰੀਡੋਰ, ਸ਼ਾਰਦਾ ਪੀਠ ਦੇ ਰਸਤੇ ਖੋਲ੍ਹਣ, ਜੰਮੂ-ਕਸ਼ਮੀਰ ਦੇ ਮੁੱਦੇ ‘ਤੇ 2004-2007 ਦੇ ਢਾਂਚੇ ਮੁਤਾਬਕ ਫ਼ੌਜ ਦੀ ਤਾਇਨਾਤੀ ਅਤੇ ਤਣਾਅ ਨੂੰ ਘਟਾਉਣ ਦੀ ਅਪੀਲ ਵੀ ਇਸ ਪੱਤਰ ‘ਚ ਕੀਤੀ ਗਈ ਹੈ।
ਇਸ ਪੱਤਰ ‘ਚ ਸਪਸ਼ਟ ਕੀਤਾ ਗਿਆ ਹੈ ਕਿ ਇਹ ਅਪੀਲ ਕਿਸੇ ਰਾਜਨੀਤਿਕ ਪੱਖ ਦਾ ਸਮਰਥਨ ਨਹੀਂ ਹੈ, ਬਲਕਿ ਦੋਵਾਂ ਦੇਸ਼ਾਂ ਦੀ ਲਗਭਗ 2 ਅਰਬ ਆਬਾਦੀ ਦੀ ਭਲਾਈ ਲਈ ਹੈ। ਪੱਤਰ ‘ਤੇ ਦਸਤਖ਼ਤ ਕਰਨ ਵਾਲਿਆਂ ਮੁਤਾਬਕ, ਲਗਾਤਾਰ ਤਣਾਅਪੂਰਨ ਮਾਹੌਲ ਕਾਰਨ ਕਰੋੜਾਂ ਨੌਜਵਾਨ ਤਰੱਕੀ ਦੇ ਮੌਕਿਆਂ ਤੋਂ ਵਾਂਝੇ ਰਹਿ ਜਾਂਦੇ ਹਨ, ਇਸ ਲਈ ਦੱਖਣੀ ਏਸ਼ੀਆ ਦਾ ਭਵਿੱਖ ਟਕਰਾਅ ਦੀ ਬਜਾਏ ਸ਼ਾਂਤੀ ਅਤੇ ਸਾਂਝੀ ਤਰੱਕੀ ਨਾਲ ਤੈਅ ਹੋਣਾ ਚਾਹੀਦਾ ਹੈ।