#CANADA

ਕੌਮਾਂਤਰੀ ਵਿਦਿਆਰਥੀਆਂ ਨੂੰ ਦਾਖਲ਼ਾ ਨਾ ਦੇਣ ਕਾਰਣ ਕੈਨੇਡਾ ਦੇ ਕਾਲਜ ਸੰਕਟ ‘ਚ

ਓਟਾਵਾ, 1 ਅਗਸਤ (ਪੰਜਾਬ ਮੇਲ)- ਕੈਨੇਡਾ ਵਿਚ ਸਟੂਡੈਂਟ ਕੈਪ ਕਾਰਨ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਵਿਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਕਾਰਨ ਕੈਨੇਡੀਅਨ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਬਜਟ ਵਿਚ ਭਾਰੀ ਕਟੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੰਗਾਰਾ ਕਾਲਜ ਦੀ ਪ੍ਰਧਾਨ ਪੌਲਾ ਬਰਨਜ਼ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਅੰਤਰਰਾਸ਼ਟਰੀ ਅਰਜ਼ੀਆਂ ਵਿਚ 79 ਫ਼ੀਸਦੀ ਦੀ ਕਮੀ ਆਈ ਹੈ। ‘ਵੈਨਕੂਵਰ ਸਨ’ ਦੀ ਰਿਪੋਰਟ ਅਨੁਸਾਰ ਕਾਲਜ ਦੀ ਫੈਕਲਟੀ ਐਸੋਸੀਏਸ਼ਨ ਦੇ ਮੈਂਬਰਾਂ ਨੇ ਸਥਿਤੀ ਨੂੰ ਸੰਕਟ ਦੱਸਿਆ ਹੈ। ਇਸ ਨੂੰ ਵਿਦਿਆਰਥੀਆਂ ਦੇ ਦਾਖਲੇ ਵਿਚ ‘ਅਚਾਨਕ ਅਤੇ ਭਾਰੀ ਗਿਰਾਵਟ’ ਦੱਸਿਆ ਗਿਆ ਹੈ, ਜਿਸਦਾ ਅਸਰ ਹਰ ਕਿਸੇ ‘ਤੇ ਪਵੇਗਾ। ਅੰਤਰਰਾਸ਼ਟਰੀ ਵਿਦਿਆਰਥੀਆਂ ਵਿਚ ਤੇਜ਼ੀ ਨਾਲ ਗਿਰਾਵਟ ਤਨਖਾਹ, ਲਾਭ ਅਤੇ ਨੌਕਰੀਆਂ ਨੂੰ ਪ੍ਰਭਾਵਿਤ ਕਰੇਗੀ।
ਬ੍ਰਿਟਿਸ਼ ਕੋਲੰਬੀਆ ਵਿਚ ਲੰਗਾਰਾ ਕਾਲਜ ਵਿਚ ਸਭ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਅਨੁਪਾਤ ਹੈ। ਲੰਗਾਰਾ ਕਾਲਜ ਵਿਚ 37 ਫ਼ੀਸਦੀ ਵਿਦਿਆਰਥੀ ਸਟੱਡੀ ਵੀਜ਼ੇ ‘ਤੇ ਪੜ੍ਹਦੇ ਹਨ। ਸੰਘੀ ਸਰਕਾਰ ਦੇ ਅੰਕੜਿਆਂ ਅਨੁਸਾਰ ਕਾਲਜ ਨੇ ਪਿਛਲੇ ਸਾਲ ਲਗਭਗ 7,500 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਾਖਲ ਕੀਤਾ ਸੀ। ਇਨ੍ਹਾਂ ਵਿਚੋਂ ਜ਼ਿਆਦਾਤਰ ਭਾਰਤ ਤੋਂ ਸਨ। ਇਹ ਅੰਕੜਾ ਕੈਨੇਡਾ ਦੀ ਇਕ ਵੱਡੀ ਵਿੱਦਿਅਕ ਸੰਸਥਾ ਸਾਈਮਨ ਫਰੇਜ਼ਰ ਯੂਨੀਵਰਸਿਟੀ ਤੋਂ ਵੀ ਵੱਧ ਹੈ।
ਲੰਗਾਰਾ ਇਕੱਲਾ ਅਜਿਹਾ ਕਾਲਜ ਨਹੀਂ ਹੈ, ਜਿਸ ਨੂੰ ਵਿਦਿਆਰਥੀਆਂ ਦੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਈਮਨ ਫਰੇਜ਼ਰ ਯੂਨੀਵਰਸਿਟੀ, ਵਿਕਟੋਰੀਆ ਯੂਨੀਵਰਸਿਟੀ ਅਤੇ ਵੈਨਕੂਵਰ ਆਈਲੈਂਡ ਯੂਨੀਵਰਸਿਟੀ ਵੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਘਟਦੀ ਗਿਣਤੀ ਕਾਰਨ ਬਜਟ ਵਿਚ ਕਟੌਤੀ ਦੀ ਯੋਜਨਾ ਬਣਾ ਰਹੀ ਹੈ। ਇਨ੍ਹਾਂ ਸੰਸਥਾਵਾਂ ਲਈ ਵਿਦੇਸ਼ੀ ਵਿਦਿਆਰਥੀਆਂ ਦਾ ਉਤਸ਼ਾਹ ਬਿਨਾਂ ਕਾਰਨ ਨਹੀਂ ਹੈ। ਵਿਦੇਸ਼ੀ ਵਿਦਿਆਰਥੀ ਆਮ ਤੌਰ ‘ਤੇ ਘਰੇਲੂ ਵਿਦਿਆਰਥੀਆਂ ਨਾਲੋਂ ਚਾਰ ਗੁਣਾ ਜ਼ਿਆਦਾ ਟਿਊਸ਼ਨ ਫੀਸ ਅਦਾ ਕਰਦੇ ਹਨ। ਇਸ ਦੌਰਾਨ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਨੇ ਕਿਹਾ ਕਿ ਉਸਦਾ ਦਾਖਲਾ ਬਜਟ ਅਨੁਮਾਨਾਂ ਦੇ ਅਨੁਸਾਰ ਚੱਲ ਰਿਹਾ ਹੈ।