#EUROPE

ਕੌਮਾਂਤਰੀ ਨਿਆਂ ਅਦਾਲਤ ਵੱਲੋਂ ਇਜ਼ਰਾਈਲ ਨੂੰ ਰਾਫਾਹ ਵਿਚ ਤੁਰੰਤ ਫੌਜੀ ਕਾਰਵਾਈ ਰੋਕਣ ਦੇ ਹੁਕਮ

ਇਜ਼ਰਾਈਲ ਵੱਲੋਂ ਹੁਕਮਾਂ ਨੂੰ ਨਾ ਮੰਨਣ ਦਾ ਇਸ਼ਾਰਾ
ਹੇਗ, 24 ਮਈ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਦੀ ਸਿਖਰਲੀ ਅਦਾਲਤ ਨੇ ਇਜ਼ਰਾਈਲ ਨੂੰ ਗਾਜ਼ਾ ਦੇ ਦੱਖਣ ਵਿਚ ਸਥਿਤ ਸ਼ਹਿਰ ਰਾਫਾਹ ਵਿਚ ਤੁਰੰਤ ਪ੍ਰਭਾਵ ਤੋਂ ਆਪਣੀ ਫੌਜੀ ਕਾਰਵਾਈ ਰੋਕਣ ਦਾ ਹੁਕਮ ਦਿੱਤਾ ਹੈ। ਹਾਲਾਂਕਿ, ਇਜ਼ਰਾਈਲ ਵੱਲੋਂ ਇਨ੍ਹਾਂ ਹੁਕਮਾਂ ਦੀ ਪਾਲਣਾ ਨਾ ਕੀਤੇ ਜਾਣ ਦੀ ਸੰਭਾਵਨਾ ਹੈ। ਇਨ੍ਹਾਂ ਹੁਕਮਾਂ ਨਾਲ ਇਕੱਲੇ ਰਹਿ ਗਏ ਦੇਸ਼ ਇਜ਼ਰਾਈਲ ‘ਤੇ ਦਬਾਅ ਹੋਰ ਵਧੇਗਾ।
ਇਜ਼ਰਾਈਲ ਨੇ ਰਾਫਾਹ ਵਿੱਚ ਫੌਜੀ ਕਾਰਵਾਈ ਰੋਕਣ ਸਬੰਧੀ ਕੌਮਾਂਤਰੀ ਅਦਾਲਤ ਦੇ ਹੁਕਮਾਂ ਨੂੰ ਨਾ ਮੰਨਣ ਵੱਲ ਇਸ਼ਾਰਾ ਕੀਤਾ ਹੈ। ਇਜ਼ਰਾਈਲ ਸਰਕਾਰ ਦੇ ਇਕ ਤਰਜਮਾਨ ਨੇ ਵੀਰਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ” ਧਰਤੀ ‘ਤੇ ਕੋਈ ਅਜਿਹੀ ਤਾਕਤ ਨਹੀਂ ਹੈ, ਜੋ ਕਿ ਉਸ ਨੂੰ ਉਸ ਦੇ ਨਾਗਰਿਕਾਂ ਦੀ ਰੱਖਿਆ ਕਰਨ ਅਤੇ ਗਾਜ਼ਾ ਵਿਚ ਹਮਾਸ ਪਿੱਛੇ ਜਾਣ ਤੋਂ ਰੋਕ ਸਕੇ।” ਅਦਾਲਤ ਦੇ ਪ੍ਰਧਾਨ ਨਵਾਫ਼ ਸਾਲਮ ਜਿਸ ਵੇਲੇ ਫੈਸਲਾ ਸੁਣਾ ਰਹੇ ਸਨ, ਤਾਂ ਉਸੇ ਵੇਲੇ ਫਲਸਤੀਨੀ ਪੱਖੀ ਪ੍ਰਦਰਸ਼ਨਕਾਰੀਆਂ ਦਾ ਇਕ ਛੋਟਾ ਜਿਹਾ ਸਮੂਹ ਬਾਹਰ ਪ੍ਰਦਰਸ਼ਨ ਕਰ ਰਿਹਾ ਸੀ।