#AMERICA

ਕੋਰੋਨਾ ਮਹਾਂਮਾਰੀ ਦੌਰਾਨ ਕਰੋੜਾਂ ਡਾਲਰਾਂ ਦਾ ਫਰਾਡ ਕਰਨ ਦੇ ਮਾਮਲੇ ‘ਚ 5 ਦੋਸ਼ੀ ਕਰਾਰ

-ਜੱਜ ਨੂੰ ਰਿਸ਼ਵਤ ਦੇਣ ਦੀ ਹੋਈ ਕੋਸ਼ਿਸ਼
ਸੈਕਰਾਮੈਂਟੋ, 10 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਬੱਚਿਆਂ ਨੂੰ ਭੋਜਨ ਮੁਹੱਈਆ ਕਰਵਾਉਣ ਦੀ ਸਕੀਮ ਤਹਿਤ 4 ਕਰੋੜ ਡਾਲਰਾਂ ਤੋਂ ਵਧ ਦਾ ਫਰਾਡ ਕਰਨ ਦੇ ਮਾਮਲੇ ਵਿਚ ਨਿਭਾਈ ਭੂਮਿਕਾ ਲਈ ਅਦਾਲਤ ਨੇ ਮਿਨੀਸੋਟਾ ਦੇ 5 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ, ਜਦਕਿ 2 ਹੋਰਨਾਂ ਨੂੰ ਬਰੀ ਕਰ ਦਿੱਤਾ ਹੈ। ਇਥੇ ਜ਼ਿਕਰਯੋਗ ਹੈ ਕਿ ਕਿਸੇ ਵੱਲੋਂ ਇਕ ਜੱਜ ਨੂੰ 1,20,000 ਡਾਲਰਾਂ ਦੀ ਰਿਸ਼ਵਤ ਦੇਣ ਦੀ ਕੋਸ਼ਿਸ਼ ਤੋਂ ਬਾਅਦ ਇਹ ਮਾਮਲਾ ਵੱਡੀ ਪੱਧਰ ‘ਤੇ ਚਰਚਾ ਦਾ ਵਿਸ਼ਾ ਬਣ ਗਿਆ ਸੀ। ਇਸ ਜੱਜ ਨੂੰ ਮਾਮਲੇ ‘ਤੇ ਬਹਿਸ ਸ਼ੁਰੂ ਹੋਣ ਤੋਂ ਪਹਿਲਾਂ ਬਰਖਾਸਤ ਕਰ ਦਿੱਤਾ ਗਿਆ ਸੀ। ਇਕ ਹੋਰ ਜੱਜ ਜਿਸ ਨੂੰ ਰਿਸ਼ਵਤ ਦੀ ਕੋਸ਼ਿਸ਼ ਬਾਰੇ ਦੱਸਿਆ ਗਿਆ ਸੀ, ਨੂੰ ਵੀ ਬਰਖਾਸਤ ਕਰ ਦਿੱਤਾ ਸੀ। ਰਿਸ਼ਵਤ ਦੀ ਕੋਸ਼ਿਸ਼ ਦਾ ਮਾਮਲਾ ਅਜੇ ਵੀ ਐੱਫ.ਬੀ.ਆਈ. ਦੀ ਜਾਂਚ ਤਹਿਤ ਹੈ ਤੇ ਅਜੇ ਤੱਕ ਇਸ ਮਾਮਲੇ ਵਿਚ ਕੋਈ ਵੀ ਗ੍ਰਿਫਤਾਰੀ ਨਹੀਂ ਐਲਾਨੀ ਗਈ। ਅਧਿਕਾਰੀਆਂ ਅਨੁਸਾਰ ਮਿਨੀਸੋਟਾ ਸਕੀਮ ਤਹਿਤ ਕੁਲ 25 ਕਰੋੜ ਡਾਲਰ ਕਢਵਾਏ ਗਏ ਸਨ, ਜਿਨ੍ਹਾਂ ਵਿਚੋਂ ਕੇਵਲ 5 ਕਰੋੜ ਡਾਲਰ ਹੀ ਬਰਾਮਦ ਹੋਏ ਹਨ। ਅਦਾਲਤ ਨੇ ਅਬਦੀਆਜ਼ਿਜ਼ ਸ਼ਫੀ ਫਰਾਹ, ਮੁਹੰਮਦ ਜਾਮਾ ਇਸਮਾਇਲ, ਅਬਦੀਮਜੀਦ ਮੁਹੰਮਦ ਨੂਰ, ਮੁਖਤਾਰ ਮੁਹੰਮਦ ਸ਼ਰੀਫ ਤੇ ਹੇਯਾਤ ਮੁਹੰਮਦ ਨੂਰ ਨੂੰ ਉਨਾਂ ਵਿਰੁੱਧ ਲਾਏ ਜ਼ਿਆਦਾਤਰ ਦੋਸ਼ਾਂ ਤਹਿਤ ਦੋਸ਼ੀ ਕਰਾਰ ਦਿੱਤਾ, ਜਦਕਿ ਸਾਇਦ ਸਫੀ ਫਰਾਹ ਤੇ ਅਬਦੀਵਹਾਦ ਮਾਲੀਮ ਅਫਟਨ ਨੂੰ ਬਰੀ ਕਰ ਦਿੱਤਾ।