#AMERICA

ਕੈਲੀਫੋਰਨੀਆ ਦਾ ਜੱਜ ਪਤਨੀ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਕਰਾਰ, ਹਿਰਾਸਤ ਵਿਚ ਲਿਆ, ਜੂਨ ਵਿੱਚ ਸੁਣਾਈ ਜਾਵੇਗੀ ਸਜ਼ਾ

ਸੈਕਰਾਮੈਂਟੋ,ਕੈਲੀਫੋਰਨੀਆ , 25 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਦਾਲਤ ਨੇ ਦੱਖਣੀ ਕੈਲੀਫੋਰਨੀਆ ਦੇ ਇਕ ਜੱਜ ਨੂੰ ਪਤਨੀ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਹੈ। ਆਰੇਂਜ ਕਾਊਂਟੀ ਸੁਪੀਰੀਅਰ ਕੋਰਟ ਜੱਜ ਜੈਫਰੀ ਫਰਗੂਸਨ (74) ਵਿਰੁੱਧ ਦੂਸਰਾ ਦਰਜਾ ਹੱਤਿਆ ਦੇ ਦੋਸ਼ ਲਾਏ ਗਏ ਸਨ। ਅਦਾਲਤੀ ਦਸਤਾਵੇਜ ਅਨੁਸਾਰ ਆਪਣੇ ਅਨਾਹੀਮ ਹਿਲਜ਼ ਸਥਿੱਤ ਘਰ ਵਿਚ ਟੈਲੀਵੀਜ਼ਨ ਵੇਖਦੇ ਸਮੇ ਹੋਈ ਬਹਿਸ ਦੌਰਾਨ ਫਰਗੂਸਨ ਨੇ ਆਪਣੀ ਪਤਨੀ ਸ਼ੈਰਿਅਲ (65) ਨੂੰ ਗੋਲੀ ਮਾਰ ਦਿੱਤੀ ਸੀ। ਇਹ ਘਟਨਾ 2023 ਵਿਚ ਵਾਪਰੀ ਸੀ। ਫਰਗੂਸਨ ਜਿਸ ਨੇ ਸੁਣਵਾਈ ਦੌਰਾਨ ਖੁਦ ਆਪਣੀ ਪੈਰਵਾਈ ਕੀਤੀ, ਨੇ ਮੰਨਿਆ ਕਿ ਉਸ ਨੇ ਆਪਣੀ ਪਤਨੀ ਉਪਰ ਗੋਲੀ ਚਲਾਈ ਸੀ, ਪਰੰਤੂ ਉਸ ਨੇ ਕਿਹਾ ਕਿ ਇਹ ਅਚਾਨਕ ਵਾਪਰੀ ਘਟਨਾ ਸੀ। ਸੁਣਵਾਈ ਸ਼ੁਰੂ ਹੋਣ ਤੋਂ ਇਕ ਦਿਨ ਬਾਅਦ ਜੱਜਾਂ ਨੇ ਫਰਗੂਸਨ ਨੂੰ ਹੱਤਿਆ ਲਈ ਦੋਸ਼ੀ ਐਲਾਨਿਆ। ਅਦਾਲਤ ਦੇ ਫੈਸਲੇ ਉਪਰੰਤ ਪੁਲਿਸ ਨੇ ਫਰਗੂਸਨ ਨੂੰ ਹਿਰਾਸਤ ਵਿਚ ਲੈ ਲਿਆ ਪਰੰਤੂ ਹੱਥ ਕੜੀ ਲਾਉਣ ਤੋਂ ਪਹਿਲਾਂ ਫਰਗੂਸਨ ਨੂੰ ਅਦਾਲਤ ਵਿਚ ਮੌਜੂਦ ਆਪਣੇ ਪੁੱਤਰ ਨੂੰ ਮਿਲਣ ਦੀ ਇਜਾਜਤ ਦਿੱਤੀ ਗਈ। ਸਜ਼ਾ 13 ਜੂਨ ਨੂੰ ਸੁਣਾਈ ਜਾਵੇਗੀ। ਫੈਸਲੇ ਉਪਰੰਤ ਫਰਗੂਸਨ ਦੇ ਵਕੀਲ ਕੈਮਰਨ ਟੈਲੀ ਨੇ ਕਿਹਾ ਕਿ ਉਹ ਫੈਸਲੇ ਵਿਰੁੱਧ ਅਪੀਲ ਕਰਨਗੇ। ਉਨਾਂ ਕਿਹਾ ਕਿ ਮੈ ਜਿਊਰੀ ਦੇ ਫੈਸਲੇ ਦਾ ਸਵਾਗਤ ਕਰਦਾ ਹਾਂ ਪਰੰਤੂ ਇਸ ਦੇ ਨਾਲ ਹੀ ਅਸੀਂ ਜਾਣਦੇ ਹਾਂ ਕਿ ਜਿਊਰੀ ਹਮੇਸ਼ਾਂ ਸਹੀ ਨਹੀਂ ਹੁੰਦੀ।

 

ਕੈਪਸ਼ਨ ਅਦਾਲਤ ਵਿਚ ਜੱਜ ਜੈਫਰੀ ਫਰਗੂਸਨ ਆਪਣੇ ਵਕੀਲ ਨਾਲ