#AMERICA

ਕੈਲੀਫੋਰਨੀਆ ‘ਚ ਸੁਨਿਆਰਿਆਂ ਦੇ ਸਟੋਰ ਵਿਚ ਚਿੱਟੇ ਦਿਨ ਡਾਕਾ ਮਾਰਨ ਵਾਲੇ 20 ਸ਼ੱਕੀਆਂ ਵਿਚੋਂ ਪੁਲਿਸ ਵੱਲੋਂ 5 ਗ੍ਰਿਫਤਾਰ

ਸੈਕਰਾਮੈਂਟੋ, 17 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੈਲੀਫੋਰਨੀਆ ‘ਚ ਸਨੀਵੇਲ ਵਿਖੇ ਭਾਰਤੀ ਅਮਰੀਕੀ ਦੀ ਮਾਲਕੀ ਵਾਲੇ ਸਟੋਰ ਪੀ.ਐੱਨ.ਜੀ. ਜਿਊਲਰਜ਼ ਵਿਚ ਦਿਨ-ਦਿਹਾੜੇ ਦਲੇਰਾਨਾ ਡਾਕਾ ਮਾਰਨ ਵਾਲੇ 20 ਸ਼ੱਕੀਆਂ ਵਿਚੋਂ ਪੁਲਿਸ ਵੱਲੋਂ ਪਿੱਛਾ ਕਰਕੇ 5 ਨੂੰ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ। ਸਨੀਵੇਲ ਡਿਪਾਰਟਮੈਂਟ ਆਫ ਪਬਲਿਕ ਸੇਫਟੀ (ਡੀ.ਪੀ.ਐੱਸ.) ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਲੁੱਟਮਾਰ ਦੀ ਇਹ ਘਟਨਾ ਬੀਤੇ ਦਿਨੀਂ ਵਾਪਰੀ। ਅੰਦਾਜ਼ਨ 20 ਸ਼ੱਕੀ ਵਿਅਕਤੀ ਹੇਸੀਨਡਾ ਸ਼ਾਪਿੰਗ ਸੈਂਟਰ ਵਿਚ ਆਏ, ਜਿਨ੍ਹਾਂ ਕੋਲ ਹਥੌੜੇ ਤੇ ਹੋਰ ਸੰਦ ਸਨ। ਉਨ੍ਹਾਂ ਨੇ ਗਹਿਣਿਆਂ ਵਾਲੇ ਬਕਸਿਆਂ ਨੂੰ ਤੋੜਿਆ ਤੇ ਕੀਮਤੀ ਸਮਾਨ ਲੈ ਕੇ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਕਾਰਾਂ ਵਿਚ ਫਰਾਰ ਹੋ ਗਏ। ਪੁਲਿਸ ਨੇ ਸ਼ੱਕੀ ਵਿਅਕਤੀਆਂ ਦੀਆਂ ਦੋ ਕਾਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰੰਤੂ ਉਹ ਫਰਾਰ ਹੋ ਗਏ। ਪੁਲਿਸ ਅਨੁਸਾਰ ਇਨ੍ਹਾਂ ਦੋਨਾਂ ਕਾਰਾਂ ਦਾ ਪਿੱਛਾ ਕੀਤਾ ਗਿਆ। ਇਕ ਕਾਰ ਗਾਇਬ ਹੋ ਗਈ, ਜਦਕਿ ਦੂਸਰੀ ਕਾਰ ਨੂੰ ਛੱਡ ਕੇ 5 ਲੁਟੇਰੇ ਨਾਲ ਲੱਗਦੇ ਸਨਅਤੀ ਖੇਤਰ ਵੱਲ ਫਰਾਰ ਹੋ ਗਏ। ਇਨ੍ਹਾਂ ਵਿਚੋਂ 4 ਨੂੰ ਸੈਨ ਕਾਰਲੋਸ ਵਿਚ ਇੰਡਸਟਰੀਅਲ ਰੋਡ ਤੇ ਬਰੀਟਨ ਐਵਨਿਊ ਨੇੜੇ ਕਾਬੂ ਕਰ ਲਿਆ ਗਿਆ, ਜਦਕਿ ਪੰਜਵੇਂ ਨੂੰ ਨੇੜਿਉਂ ਹੀ ਉਸ ਵੇਲੇ ਕਾਬੂ ਕਰ ਲਿਆ, ਜਦੋਂ ਉਹ ਭੱਜਣ ਦੀ ਕੋਸ਼ਿਸ਼ ਵਿਚ ਸੀ। ਗ੍ਰਿਫਤਾਰ ਸ਼ੱਕੀਆਂ ਦੀ ਪਛਾਣ ਟੌਂਗਾ ਲਟੂ, ਟਾਵੇਕ ਐਸੇਫ, ਓਫਾ ਅਹੋਮਾਨਾ, ਕਿਲੀਫੀ ਲੀਏਟੋਆ ਤੇ ਅਫੂਹੀਆ ਲਾਵਕੀਆਹੋ ਵਜੋਂ ਹੋਈ ਹੈ। ਇਨਾਂ ਨੂੰ ਲੁੱਟਮਾਰ ਸਮੇਤ ਹੋਰ ਕਈ ਦੋਸ਼ਾਂ ਤਹਿਤ ਸਾਂਟਾ ਕਲਾਰਾ ਕਾਊਂਟੀ ਦੀ ਮੁੱਖ ਜੇਲ੍ਹ ਵਿਚ ਰਖਿਆ ਗਿਆ ਹੈ। ਪੁਲਿਸ ਨੇ ਕਿਹਾ ਹੈ ਕਿ ਚੋਰੀ ਕੀਤੇ ਗਹਿਣਿਆਂ ਵਿਚੋਂ ਕੁਝ ਬਰਾਮਦ ਕਰ ਲਏ ਹਨ। ਅਜੇ ਤੱਕ ਚੋਰੀ ਹੋਏ ਗਹਿਣਿਆਂ ਦੀ ਕੁੱਲ ਕੀਮਤ ਦਾ ਪਤਾ ਨਹੀਂ ਲੱਗ ਸਕਿਆ।