#AMERICA

ਕੈਲੀਫੋਰਨੀਆ ‘ਚ ਲੱਗੇ ਭੂਚਾਲ ਦੇ ਝਟਕੇ

-ਘੱਟ ਤੀਬਰਤਾ ਕਾਰਨ ਜਾਨੀ ਤੇ ਮਾਲੀ ਨੁਕਸਾਨ ਤੋਂ ਰਿਹਾ ਬਚਾਅ
ਸੈਕਰਾਮੈਂਟੋ, 6 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੈਲੀਫੋਰਨੀਆ ‘ਚ ਲੰਘੀ ਸਵੇਰ ਨੂੰ ਭੂਚਾਲ ਦੇ ਵਾਰ-ਵਾਰ ਝਟਕੇ ਲੱਗੇ। ਹਾਲਾਂਕਿ ਭੂਚਾਲ ਦੀ ਤੀਬਰਤਾ ਘੱਟ ਹੋਣ ਕਾਰਨ ਜਾਨੀ ਤੇ ਮਾਲੀ ਨੁਕਸਾਨ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਯੂ.ਐੱਸ. ਜੀਆਲੋਜੀਕਲ ਸਰਵੇ ਨੇ ਭੂਚਾਲ ਆਉਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਲੂਮ ਰਾਕ, ਕੈਲੀਫੋਰਨੀਆ ਵਿਚ ਸਥਾਨਕ ਸਮੇਂ ਅਨੁਸਾਰ 3.35 ਵਜੇ  ਤੜਕਸਾਰ ਭੂਚਾਲ ਆਇਆ, ਜਿਸ ਦੀ ਤੀਬਰਤਾ 3.4 ਮਾਪੀ ਗਈ। ਇਸ ਦੇ ਤਕਰੀਬਨ 2 ਘੰਟੇ ਬਾਅਦ 5.56 ਵਜੇ ਦੱਖਣੀ ਪਾਸਾਡੇਨਾ ਵਿਚ ਇਕ ਹੋਰ ਭੂਚਾਲ ਆਇਆ, ਜਿਸ ਦੀ ਤੀਬਰਤਾ ਵੀ 3.4 ਸੀ। ਯੂ.ਐੱਸ. ਜੀਆਲੋਜੀਕਲ ਸਰਵੇ ਅਨੁਸਾਰ ਇਸ ਉਪਰੰਤ ਕੈਲੀਫੋਰਨੀਆ ਦੇ ਹੋਰ ਸ਼ਹਿਰਾਂ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਓਹਾਇਓ ਰਾਜ ਵਿਚ ਹਫਤੇ ਦੇ ਅੰਤ ਵਿਚ ਸ਼ਨੀਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਕਲੀਵਲੈਂਡ ਦੇ ਉੱਤਰ ਪੂਰਬ ਵਿਚ ਲੇਕ ਕਾਊਂਟੀ ਵਿਚ ਮੈਡੀਸਨ ਦੇ ਬਾਹਰੀ ਖੇਤਰ ਵਿਚ ਸ਼ਨੀਵਾਰ ਨੂੰ ਸਥਾਨਕ ਸਮੇਂ ਅਨੁਸਾਰ 6 ਵਜੇ ਸਵੇਰੇ ਭੂਚਾਲ ਆਇਆ। ਭੂਚਾਲ ਕਾਰਨ ਮਕਾਨਾਂ ਜਾਂ ਹੋਰ ਇਮਾਰਤਾਂ ਨੂੰ ਕੋਈ ਨੁਕਸਾਨ ਨਹੀਂ ਪੁੱਜਾ ਪਰੰਤੂ ਲੋਕਾਂ ਨੇ ਆਪਣੇ ਘਰਾਂ ਵਿਚ ਝਟਕੇ ਮਹਿਸੂਸ ਕਰਨ ਦੀ ਪੁਸ਼ਟੀ ਕੀਤੀ ਹੈ।