#CANADA

ਕੈਨੈਡੀਅਨ ਲੋਕਾਂ ਲਈ ਅਮਰੀਕਨ ਵੀਜ਼ੇ ਦੀ ਉਡੀਕ ਹੋਈ ਲੰਮੀ

– ਕੈਨੇਡਾ ਵਾਸੀਆਂ ਨੂੰ ਅਪੁਆਇੰਟਮੈਂਟ ਲਈ ਕਰਨਾ ਪੈ ਰਿਹੈ ਲੰਮਾ ਇੰਤਜ਼ਾਰ
– ਪਰਮਾਨੈਂਟ ਰੈਜ਼ੀਡੈਂਟਸ, ਕੌਮਾਂਤਰੀ ਵਿਦਿਆਰਥੀਆਂ ਤੇ ਵਿਦੇਸ਼ੀ ਕਾਮਿਆਂ ਲਈ ਵੀਜ਼ਾ ਲੈਣਾ ਲਾਜ਼ਮੀ
ਟੋਰਾਂਟੋ, 26 ਅਗਸਤ (ਪੰਜਾਬ ਮੇਲ)- ਅਮਰੀਕਾ ਦੇ ਵੀਜ਼ੇ ਲਈ ਜਿੱਥੇ ਭਾਰਤੀ ਲੋਕਾਂ ਨੂੰ ਇਕ ਸਾਲ ਤੋਂ ਵੱਧ ਉਡੀਕ ਕਰਨੀ ਪੈ ਰਹੀ ਹੈ, ਉੱਥੇ ਹੀ ਅਮਰੀਕਾ ਦੇ ਗੁਆਂਢੀ ਕੈਨੇਡਾ ਵਾਸੀਆਂ ਦਾ ਉਡੀਕ ਸਮਾਂ 2 ਸਾਲ ਤੋਂ ਉਪਰ ਚੱਲ ਰਿਹਾ ਹੈ। ਬੀ-1 ਅਤੇ ਬੀ-2 ਵਜੋਂ ਜਾਣੇ ਜਾਂਦੇ ਵਿਜ਼ਟਰ ਵੀਜ਼ਾ ਲਈ ਟੋਰਾਂਟੋ ਵਾਸੀਆਂ ਨੂੰ ਅਪੁਆਇੰਟਮੈਂਟ ਲਈ 753 ਦਿਨ ਉਡੀਕ ਕਰਨੀ ਪੈ ਰਹੀ ਹੈ, ਜਦਕਿ ਵੈਨਕੂਵਰ ਵਿਖੇ ਇਹ ਸਮਾਂ 731, ਓਟਾਵਾ ਵਿਖੇ 850 ਦਿਨ, ਹੈਲੀਫੈਕਸ ਵਿਖੇ 840 ਦਿਨ ਅਤੇ ਕੈਲਗਰੀ ਵਿਖੇ 839 ਦਿਨ ਉਡੀਕ ਕਰਨੀ ਪੈ ਰਹੀ ਹੈ। ਇੱਥੇ ਦੱਸ ਦਈਏ ਕਿ ਕੈਨੇਡੀਅਨ ਨਾਗਰਿਕਾਂ ਨੂੰ ਅਮਰੀਕਾ ਜਾਣ ਲਈ ਵੀਜ਼ੇ ਦੀ ਜ਼ਰੂਰਤ ਨਹੀਂ ਪਰ ਪਰਮਾਨੈਂਟ ਰੈਜ਼ੀਡੈਂਟਸ, ਕੌਮਾਂਤਰੀ ਵਿਦਿਆਰਥੀਆਂ ਅਤੇ ਵਿਦੇਸ਼ੀ ਕਾਮਿਆਂ ਲਈ ਵੀਜ਼ਾ ਲਾਜ਼ਮੀ ਹੈ।
ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਭਾਰਤ ਅਤੇ ਮੈਕਸੀਕੋ ਵਰਗੇ ਮੁਲਕਾਂ ਵਿਚ ਯੂ.ਐੱਸ. ਵੀਜ਼ਾ ਲਈ ਉਡੀਕ ਸਮਾਂ ਘੱਟ ਰਿਹਾ ਹੈ ਪਰ ਕੈਨੇਡਾ ਵਾਲਿਆਂ ਦਾ ਉਡੀਕ ਸਮਾਂ ਵਧਦਾ ਜਾ ਰਿਹਾ ਹੈ। ਅਗਸਤ ਦੇ ਆਰੰਭ ਵਿਚ ਟੋਰਾਂਟੋ ਦਾ ਉਡੀਕ ਸਮਾਂ 900 ਦਿਨ ਚੱਲ ਰਿਹਾ ਸੀ। ਨਵੰਬਰ 2022 ਵਿਚ 464 ਦਿਨ ਦੇ ਔਸਤ ਉਡੀਕ ਸਮੇਂ ਨਾਲ ਟੋਰਾਂਟੋ ਨੂੰ ਦੁਨੀਆਂ ਭਰ ਵਿਚ 23ਵੇਂ ਸਥਾਨ ‘ਤੇ ਰੱਖਿਆ ਗਿਆ ਅਤੇ ਕੈਲਗਰੀ 371 ਦਿਨ ਦੀ ਉਡੀਕ ਨਾਲ 30ਵੇਂ ਸਥਾਨ ‘ਤੇ ਰਿਹਾ। ਇਸ ਵੇਲੇ ਅਮਰੀਕਾ ਦੇ ਵਿਜ਼ਟਰ ਵੀਜ਼ਾ ਲਈ ਕੌਮਾਂਤਰੀ ਪੱਧਰ ‘ਤੇ ਉਡੀਕ ਸਮਾਂ 151 ਦਿਨ ਹੈ ਪਰ ਕੈਨੇਡੀਅਨਜ਼ ਲਈ ਔਸਤ ਉਡੀਕ ਸਮਾਂ 810 ਦਿਨ ਚੱਲ ਰਿਹਾ ਹੈ। ਉਡੀਕ ਸਮਾਂ ਬਹੁਤ ਜ਼ਿਆਦਾ ਹੋਣ ਕਾਰਨ ਠੱਗੀ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ ਅਤੇ ਅਮਰੀਕੀ ਅਧਿਕਾਰੀਆਂ ਵੱਲੋਂ ਕੈਨੇਡਾ ਵਾਸੀਆਂ ਨੂੰ ਅਜਿਹੇ ਠੱਗਾਂ ਤੋਂ ਸੁਚੇਤ ਰਹਿਣ ਲਈ ਆਖਿਆ ਗਿਆ ਹੈ, ਜੋ ਪੈਸੇ ਦੇ ਕੇ ਜਲਦ ਅਪੁਆਇੰਟਮੈਂਟ ਦਿਵਾਉਣ ਦਾ ਲਾਰਾ ਲਾਉਂਦੇ ਹਨ।
ਹੈਰਾਨੀ ਇਸ ਗੱਲ ਦੀ ਹੈ ਕਿ ਚੀਨ ਵਰਗੇ ਮੁਲਕ ‘ਚ ਵੀਜ਼ਾ ਇੰਟਰਵਿਊ ਲਈ ਸਿਰਫ 40 ਦਿਨ ਦੀ ਉਡੀਕ ਕਰਨੀ ਪੈਂਦੀ ਹੈ। ਦੁਨੀਆਂ ਭਰ ਵਿਚ ਅਮਰੀਕਾ ਦੇ 109 ਵੀਜ਼ਾ ਕੇਂਦਰ ‘ਤੇ ਉਡੀਕ ਸਮੇਂ ਵਿਚ ਕਮੀ ਆਈ ਹੈ, ਜਦਕਿ 84 ਥਾਵਾਂ ‘ਤੇ ਇਸ ਵਿਚ ਵਾਧਾ ਹੋਇਆ ਹੈ। 2023 ਵਿਚ ਓਟਾਵਾ ਸਥਿਤ ਯੂ.ਐੱਸ. ਅੰਬੈਸੀ ਅਤੇ ਵੱਖ-ਵੱਖ ਕੌਂਸਲੇਟਸ ਵੱਲੋਂ 2 ਲੱਖ 30 ਹਜ਼ਾਰ ਕੈਨੇਡੀਅਨਜ਼ ਨੂੰ ਵਿਜ਼ਟਰ ਵੀਜ਼ੇ ਦਿੱਤੇ ਗਏ। 2021 ਦੀ ਮਰਦਮਸ਼ੁਮਾਰੀ ਮੁਤਾਬਕ 31 ਲੱਖ ਕੈਨੇਡਾ ਵਾਸੀਆਂ ਕੋਲ ਸਿਟੀਜ਼ਨਸ਼ਿਪ ਨਹੀਂ, ਜਿਨ੍ਹਾਂ ਵਿਚੋਂ 22 ਲੱਖ ਪਰਮਾਨੈਂਟ ਰੈਜ਼ੀਡੈਂਟ ਹਨ। ਆਸਟ੍ਰੇਲੀਆ, ਇਜ਼ਰਾਈਲ ਅਤੇ ਯੂਰਪ ਦੇ ਕਈ ਮੁਲਕਾਂ ਨਾਲ ਸਬੰਧਤ ਕੈਨੇਡੀਅਨਜ਼ ਨੂੰ ਪੀ.ਆਰ. ਹੋਣ ‘ਤੇ ਵੀ ਵੀਜ਼ੇ ਦੇ ਜ਼ਰੂਰਤ ਨਹੀਂ ਪਰ ਭਾਰਤ, ਚੀਨ, ਮੈਕਸੀਕੋ ਅਤੇ ਅਫਰੀਕੀ ਮੁਲਕਾਂ ਨਾਲ ਸਬੰਧਤ ਲੋਕ ਵੀਜ਼ਾ ਤੋਂ ਬਗੈਰ ਕੈਨੇਡਾ ਤੋਂ ਅਮਰੀਕਾ ਨਹੀਂ ਜਾ ਸਕਦੇ। ਯੂ.ਐੱਸ. ਅੰਬੈਸੀ ਜਾਂ ਕੈਨੇਡਾ ਦੇ ਵੱਖ ਵੱਖ ਕੌਂਸਲੇਟਸ ਕੋਲ ਬਕਾਇਆ ਵੀਜ਼ਾ ਅਰਜ਼ੀਆਂ ਦੀ ਗਿਣਤੀ ਬਾਰੇ ਪਤਾ ਨਹੀਂ ਲੱਗ ਸਕਿਆ ਅਤੇ ਇਮੀਗ੍ਰੇਸ਼ਨ ਅਫਸਰਾਂ ਦਾ ਕਹਿਣਾ ਹੈ ਕਿ ਸੁਰੱਖਿਆ ਜਾਂਚ ਉਡੀਕ ਸਮੇਂ ਨੂੰ ਪ੍ਰਭਾਵਤ ਕਰ ਰਹੀ ਹੈ। ਅਮਰੀਕਾ ਦੇ ਇਮੀਗ੍ਰੇਸ਼ਨ ਵਕੀਲ ਗ੍ਰੈਗ ਬੂਜ਼ ਦਾ ਕਹਿਣਾ ਸੀ ਕਿ ਯੂ.ਐੱਸ. ਅੰਬੈਸੀ ਅਤੇ ਕੌਂਸਲੇਟਸ ਵਿਚ ਸਟਾਫ ਦੀ ਕਮੀ ਕਾਰਨ ਕੈਨੇਡਾ ਵਾਲਿਆਂ ਨੂੰ ਲੰਮੀ ਉਡੀਕ ਕਰਨੀ ਪੈ ਰਹੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਅਮਰੀਕਾ ਸਰਕਾਰ ਵੀਜ਼ੇ ਦੀਆਂ ਕੁਝ ਸ਼੍ਰੇਣੀਆਂ ਲਈ ਇੰਟਰਵਿਊ ਛੋਟ ਵਧਾ ਕੇ ਅਤੇ ਨਵੇਂ ਸਟਾਫ ਦੀ ਭਰਤੀ ਕਰ ਕੇ ਵੀਜ਼ਾ ਉਡੀਕ ਸਮਾਂ ਘਟਾ ਸਕਦੀ ਹੈ।