#CANADA

ਕੈਨੇਡੀਅਨ ਪ੍ਰਧਾਨ ਮੰਤਰੀ ਕਾਰਨੀ ਵੱਲੋਂ ਮੰਤਰੀ ਮੰਡਲ ਦਾ ਗਠਨ

– 4 ਪੰਜਾਬੀਆਂ ਨੂੰ ਮਿਲੀ ਮੰਤਰੀ ਮੰਡਲ ‘ਚ ਥਾਂ
– 2 ਦਰਜਨ ਨਵੇਂ ਚਿਹਰੇ ਸ਼ਾਮਲ
– ਹਾਊਸ ਆਫ ਕਾਮਨਜ਼ ‘ਚ ਲਿਬਰਲਜ਼ ਦੀ ਮੌਜੂਦਾ ਗਿਣਤੀ 170 ਹੋਈ
ਵੈਨਕੂਵਰ, 14 ਮਈ (ਪੰਜਾਬ ਮੇਲ)- ਕੈਨੇਡਾ ਦੀਆਂ ਫੈਡਰਲ ਚੋਣਾਂ ਤੋਂ ਦੋ ਹਫਤੇ ਬਾਅਦ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੇ ਮੰਤਰੀ ਮੰਡਲ ਦਾ ਗਠਨ ਕਰ ਲਿਆ ਹੈ, ਜਿਸ ਵਿਚ ਸ਼ਾਮਲ ਕੀਤੇ ਮੰਤਰੀਆਂ ਵਿਚ ਦੋ ਦਰਜਨ ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ ਤੇ ਇਸ ਵਿਚ ਔਰਤਾਂ ਅਤੇ ਖੇਤਰੀ ਪ੍ਰਤੀਨਿਧਤਾ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ। ਕਈ ਸਾਲਾਂ ਬਾਅਦ (ਸਾਬਕਾ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਤੋਂ ਬਾਅਦ) ਕੁਝ ਸੰਸਦ ਮੈਂਬਰਾਂ ਨੂੰ ਰਾਜ ਮੰਤਰੀ (ਪ੍ਰਿੰਸੀਪਲ ਸਕੱਤਰ) ਵਜੋਂ ਨਿਵਾਜਿਆ ਗਿਆ ਹੈ। ਸਰੀ ਸੈਂਟਰ ਤੋਂ ਲਗਾਤਾਰ ਚੌਥੀ ਵਾਰ ਚੁਣ ਕੇ ਆਏ ਜਲੰਧਰ ਨੇੜਲੇ ਪਿੰਡ ਸਰਾਏ ਖਾਸ ਦੇ ਪਿਛੋਕੜ ਵਾਲੇ ਰਣਦੀਪ ਸਿੰਘ ਸਰਾਏ (ਪਗੜੀਧਾਰੀ) (ਰਾਜ ਮੰਤਰੀ ਅੰਤਰਰਾਸ਼ਟਰੀ ਵਿਕਾਸ ਵਿਭਾਗ), ਬਰੈਂਪਟਨ ਤੋਂ ਚੁਣੇ ਗਏ ਮਨਿੰਦਰ ਸਿੱਧੂ (ਕੌਮਾਂਤਰੀ ਵਪਾਰ ਵਿਭਾਗ) ਅਤੇ ਰੂਬੀ ਸਹੋਤਾ (ਰਾਜ ਮੰਤਰੀ ਜੁਰਮ ਰੋਕੂ ਵਿਭਾਗ) ਨੂੰ ਸ਼ਾਮਲ ਕਰਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਗਿਆ ਹੈ। ਸਾਬਕਾ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੂੰ ਫਿਰ ਤੋਂ ਸ਼ਾਮਲ ਕਰਕੇ ਟਰਾਂਸਪੋਰਟ ਤੇ ਟਰੇਡ ਵਿਭਾਗ ਸੌਂਪਿਆ ਗਿਆ ਹੈ। ਓਨਟਾਰੀਓ ਦੇ ਟਰਾਂਟੋ ਖੇਤਰ ਤੋਂ 12 ਸੰਸਦ ਮੈਂਬਰਾਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਗਿਆ ਹੈ।
ਰਿਡਿਊ ਹਾਲ ਦੇ ਮੁੱਖ ਹਾਲ ਵਿਚ ਸਹੁੰ ਚੁੱਕ ਸਮਾਗਮ ਵਿਚ ਦਾਖਲੇ ਤੋਂ ਪਹਿਲਾਂ ਸ਼ਾਮਲ ਕੀਤੇ ਜਾਣ ਵਾਲੇ ਮੰਤਰੀਆਂ ਨੂੰ ਸਟੇਜ ਦੇ ਸਾਹਮਣੇ ਬਿਠਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਗਵਰਨਰ ਜਨਰਲ ਮੈਰੀ ਸਾਈਮਨ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਸਾਢੇ 10 ਵਜੇ ਸ਼ੁਰੂ ਹੋਣ ਵਾਲਾ ਸਹੁੰ ਚੁੱਕ ਸਮਾਗਮ ਕੁਝ ਮਿੰਟ ਦੇਰੀ ਨਾਲ ਸ਼ੁਰੂ ਹੋਇਆ। ਮੰਤਰੀਆਂ ਦੀ ਗਿਣਤੀ ਕਿਆਫਿਆਂ ਦੇ ਨੇੜੇ ਹੀ ਰਹੀ। ਹਾਲਾਂਕਿ 14 ਮਾਰਚ ਨੂੰ ਪ੍ਰਧਾਨ ਮੰਤਰੀ ਬਣੇ ਮਾਰਕ ਕਾਰਨੀ ਨੇ 23 ਮੰਤਰੀ ਹੀ ਬਣਾਏ ਹਨ। ਮਿਲਾਨੀ ਜੌਲੀ ਤੇ ਸੀਆਨ ਫਰੇਜ਼ਰ ਫਿਰ ਤੋਂ ਮੰਤਰੀ ਬਣੇ ਹਨ। ਇੰਦਰਾ ਅਨੀਤਾ ਆਨੰਦ ਨੂੰ ਫਿਰ ਤੋਂ ਵਿਦੇਸ਼ ਵਿਭਾਗ ਦਿੱਤਾ ਗਿਆ ਹੈ। ਰੱਖਿਆ ਮੰਤਰਾਲਾ ਡੇਵਿਡ ਜੋਸਫ਼ ਨੂੰ ਦਿੱਤਾ ਗਿਆ ਹੈ। ਸ਼ਫਕਤੀ ਅਲੀ ਨੂੰ ਵੀ ਮੰਤਰੀ ਬਣਾਇਆ ਗਿਆ ਹੈ।
ਉਧਰ ਕੈਨੇਡਾ ਦੀ ਲਿਬਰਲ ਪਾਰਟੀ ਨੇ ਨਿਆਇਕ ਮੁੜ ਗਿਣਤੀ ਤੋਂ ਬਾਅਦ ਇਕ ਹੋਰ ਸੀਟ ਹਾਸਲ ਕੀਤੀ ਹੈ, ਜਿਸ ਨਾਲ ਹਾਊਸ ਆਫ ਕਾਮਨਜ਼ ‘ਚ ਇਸ ਦੀ ਮੌਜੂਦਾ ਗਿਣਤੀ 170 ਹੋ ਗਈ ਹੈ, ਜੋ ਬਹੁਮਤ ਤੋਂ ਸਿਰਫ 2 ਸੀਟਾਂ ਘੱਟ ਹਨ। ਕੈਨੇਡਾ ਨੇ ਵੋਟਾਂ ਦੀ ਦੁਬਾਰਾ ਗਿਣਤੀ ਤੋਂ ਬਾਅਦ ਆਪਣੀ ਵੈੱਬਸਾਈਟ ‘ਤੇ ਟੈਰੇਬੋਨ ਹਲਕੇ ਦੇ ਵੋਟਿੰਗ ਨਤੀਜੇ ਜਾਰੀ ਕੀਤੇ।
ਲਿਬਰਲ ਉਮੀਦਵਾਰ ਸਿਰਫ਼ ਇਕ ਵੋਟ ਨਾਲ ਜਿੱਤਿਆ। ਇਸ ਤੋਂ ਪਹਿਲਾਂ ਬਲਾਕ ਕਿਊਬੈਕਾਇਸ ਦੀ ਮੌਜੂਦਾ ਮੈਂਬਰ ਨਥਾਲੀ ਸਿੰਕਲੇਅਰ-ਡੇਸਗੈਨ ਨੇ ਲਿਬਰਲ ਦੀ ਤਾਤੀਆਨਾ ਆਗਸਟੇ ਨੂੰ 44 ਵੋਟਾਂ ਨਾਲ ਹਰਾਇਆ ਸੀ। ਦੁਬਾਰਾ ਗਿਣਤੀ ਤੋਂ ਬਾਅਦ ਆਗਸਟੇ ਨੂੰ 23,352 ਵੋਟਾਂ ਮਿਲੀਆਂ, ਜਦਕਿ ਸਿੰਕਲੇਅਰ-ਡੇਸਗੈਨ ਨੂੰ 23,351 ਵੋਟਾਂ ਮਿਲੀਆਂ। ਨਤੀਜਿਆਂ ਨੂੰ ਇਕ ਜੱਜ ਵੱਲੋਂ ਪ੍ਰਮਾਣਿਤ ਕੀਤਾ ਗਿਆ ਹੈ।