#CANADA

ਕੈਨੇਡਾ ਪੁਲਿਸ ਵੱਲੋਂ ਸੈਲਾਨੀ ਬਣਕੇ ਆਏ ਸੈਂਕੜੇ ਅਪਰਾਧੀਆਂ ਦਾ ਪਰਦਾਫਾਸ਼

-10 ਭਾਰਤੀਆਂ ਸਮੇਤ 164 ਪਛਾਣੇ; ਪੰਜ ਭਾਰਤੀਆਂ ਸਮੇਤ 46 ਕਾਬੂ
ਵੈਨਕੂਵਰ, 6 ਜੂਨ (ਪੰਜਾਬ ਮੇਲ)-ਕੈਨੇਡਾ ਦੀ ਦੁਰਾਮ ਖੇਤਰੀ ਪੁਲਿਸ ਨੇ ਪ੍ਰੋਜੈਕਟ ਜੈਟਸੈਟਰ ਤਹਿਤ ਲੰਮੇ ਸਮੇਂ ਦੀ ਜਾਂਚ ਤੋਂ ਬਾਅਦ ਕੈਨੇਡਾ ‘ਚ ਅਪਰਾਧ ਰਾਹੀਂ ਪੈਸਾ ਬਣਾਉਣ ਆਏ ਆਏ ਸੈਲਾਨੀਆਂ ਦਾ ਪਰਦਾਫਾਸ਼ ਕਰਕੇ ਦੇਸ਼ ਦੇ ਅਵਾਸ ਵਿਭਾਗ ਨੂੰ ਚੌਕਸ ਕੀਤਾ ਹੈ। ਇਸ ਵਰਤਾਰੇ ਨੂੰ ਕ੍ਰਿਮੀਨਲ ਟੂਰਿਜ਼ਮ ਦਾ ਨਾਂਅ ਦਿੰਦੇ ਹੋਏ ਪੁਲਿਸ ਨੇ ਦੇਸ਼ ਦੀਆਂ ਖੁਫੀਆ ਸੇਵਾਵਾਂ ਮੂਹਰੇ ਚੁਣੌਤੀ ਖੜ੍ਹੀ ਕਰ ਦਿੱਤੀ ਹੈ ਕਿ ਉਹ ਵਿਦੇਸ਼ੀਆਂ ਦੀਆਂ ਗਤੀਵਿਧੀਆਂ ‘ਤੇ ਤਿੱਖੀ ਨਜ਼ਰ ਰੱਖਣ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ  ਡਰਹਮ ਰਿਜਨਲ ਪੁਲਿਸ ਸਰਵਿਸ ਦੇ ਮੁੱਖੀ ਪੀਟਰ ਮੋਰੈਰੇ ਨੇ ਦੱਸਿਆ ਕਿ ਕੁਝ ਮਹੀਨਿਆਂ ਤੋਂ ਚੋਰੀਆਂ, ਲੁੱਟਾਂ, ਵਾਹਨ ਚੋਰੀ ਅਤੇ ਫੋਨ ਕਰਕੇ ਬਜ਼ੁਰਗਾਂ ਨਾਲ ਠੱਗੀਆਂ ਦੇ ਮਾਮਲਿਆਂ ਦੀ ਜਾਂਚ ‘ਚ ਪਤਾ ਲੱਗਾ ਕਿ ਇਨ੍ਹਾਂ ‘ਚੋਂ ਬਹੁਤੇ ਅਪਰਾਧ ਵਿਦੇਸ਼ਾਂ ਤੋਂ ਆਏ ਸੰਗਠਤ ਅਪਰਾਧੀ ਟੋਲਿਆਂ ਵਲੋਂ ਕੀਤੇ ਜਾਂਦੇ ਹਨ, ਜੋ ਇਸੇ ਨੀਅਤ ਨਾਲ ਸੈਲਾਨੀ ਬਣਕੇ ਕੈਨੇਡਾ ਆਏ ਹੋਏ ਸਨ।
ਪੁਲਿਸ ਮੁਖੀ ਨੇ ਦੱਸਿਆ ਕਿ ਹੁਣ ਤੱਕ ਪਛਾਣੇ ਗਏ ਇਨ੍ਹਾਂ ਅਪਰਾਧੀਆਂ ‘ਚ ਬਹੁਤੇ ਰੋਮਾਨੀਆ ਤੋਂ ਅਤੇ ਕੁਝ ਭਾਰਤ ਤੋਂ ਹਨ। ਪਛਾਣੇ ਗਏ ਅਪਰਾਧੀਆਂ ‘ਚੋਂ 46 ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦ ਕਿ 64 ਹੋਰਾਂ ਦੀਆਂ ਫੋਟੋਆਂ ਜਨਤਕ ਕੀਤੀਆਂ ਗਈਆਂ ਹਨ, ਤਾਂ ਕਿ ਲੋਕ ਇਨ੍ਹਾਂ ਨੂੰ ਫੜਵਾਉਣ ‘ਚ ਪੁਲਿਸ ਦੀ ਮਦਦ ਕਰ ਸਕਣ।
ਫੜੇ ਜਾਣ ਵਾਲਿਆਂ ‘ਚ ਭਾਰਤੀ ਮੂਲ ਦੇ ਅਰਸ਼ਦੀਪ ਸਿੰਘ ਗੁਰਮ, ਅਰਸ਼ਜੋਤ ਸਿੰਘ ਢਿਲੋਂ, ਜਗਦੀਪ ਸਿੰਘ, ਗੁਰਪ੍ਰੀਤ ਕੌਰ, ਸਾਵਨ ਧਰਮੇਸ਼ ਭਾਈ ਹਨ, ਜਦਕਿ ਪੰਜ ਹੋਰਾਂ ਅਮਰਜੀਤ ਸਿੰਘ ਗਿੱਲ, ਅਰਮਾਨ ਸਰਮਾ, ਹਰਸਿਮਰਨ ਸਿੰਘ ਢਿੱਲੋਂ, ਗੁਰਿੰਦਰ ਸਿੰਘ ਅਤੇ ਜਗਦੀਪ ਸਿੰਘ ਦੀ ਭਾਲ ਜਾਰੀ ਹੈ। ਪੁਲਿਸ ਮੁਖੀ ਨੇ ਦੱਸਿਆ ਕਿ ਇਹ ਲੋਕ ਕੁਝ ਦਿਨਾਂ ਬਾਦ ਆਪਣੇ ਅੱਡੇ ਬਦਲਦੇ ਰਹਿੰਦੇ ਸਨ, ਤਾਂ ਕਿ ਨਵੇਂ ਲੋਕਾਂ ਨੂੰ ਝਾਂਸੇ ‘ਚ ਲੈ ਕੇ ਠੱਗੀ ਮਾਰਨੀ ਸੁਖਾਲੀ ਹੋਵੇ। ਉਸਨੇ ਦੱਸਿਆ ਕਿ ਇਨ੍ਹਾਂ ਵਲੋਂ ਕੀਤੀਆਂ 200 ਤੋਂ ਵੱਧ ਅਪਰਾਧਿਕ ਘਟਨਾਵਾਂ ‘ਚ 26 ਲੱਖ ਡਾਲਰ ਦੀ ਠੱਗੀ, ਚੋਰੀ ਅਤੇ ਲੁੱਟ ਕੀਤੀ ਗਈ, ਜਿਸ ਕਾਰਨ ਇਨ੍ਹਾਂ ‘ਤੇ 1146 ਅਪਰਾਧਿਕ ਧਾਰਾਵਾਂ ਲਾਈਆਂ ਗਈਆਂ ਹਨ।
ਪੁਲਿਸ ਅਨੁਸਾਰ ਫੜੇ ਗਏ ਦੋਸ਼ੀ ਡਰਹਮ ਖੇਤਰ ‘ਚ ਹੀ ਅਪਰਾਧ ਕਰਦੇ ਸਨ, ਜਦਕਿ ਇਹ ਵਰਤਾਰਾ ਪੂਰੇ ਅਪਰਾਧੀ ਮਾਨਸਿਕਤਾ ਵਾਲੇ ਸੈਲਾਨੀ ਦੇਸ਼ ‘ਚ ਚਲਾ ਰਹੇ ਹਨ। ਇਹ ਲੋਕ ਆਮ ਕਰਕੇ ਫੋਨ ਕਾਲ ਰਾਹੀਂ ਜਾਂ ਆਨਲਾਈਨ ਠੱਗੀ ਨੂੰ ਤਰਜੀਹ ਦਿੰਦੇ ਹਨ, ਪਰ ਨਾਲੋਂ-ਨਾਲ ਚੋਰੀ, ਲੁੱਟ ਅਤੇ ਝਪਟ ਵੀ ਕਰਦੇ ਹਨ। ਇਹ ਅਕਸਰ ਵਾਹਨ ਖਰੀਦਦਾਰ ਬਣਕੇ ਵੇਚਣ ਵਾਲੇ ਤੋਂ ਟੈਸਟ ਕਰਨ ਦੇ ਬਹਾਨੇ ਵਾਹਨ ਲੈ ਕੇ ਭੱਜ ਜਾਂਦੇ ਹਨ। ਔਰਤਾਂ ਦੇ ਗਲਾਂ ਤੇ ਹੱਥਾਂ ‘ਚੋਂ ਸੋਨੇ ਦੇ ਗਹਿਣੇ ਵੀ ਝਪਟਦੇ ਸਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਖੇਤਰਾਂ ਦੀ ਪੁਲਿਸ ਨੂੰ ਇਨ੍ਹਾਂ ਦੇ ਢੰਗਾਂ ਬਾਰੇ ਚੌਕਸ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਵਲੋਂ ਵੀ ਪਛਾਣੇ ਗਏ ਦੋਸ਼ੀਆਂ ਨੂੰ ਫੜਨ ਲਈ ਕਾਰਵਾਈ ਜਾਰੀ ਰਹੇਗੀ।