ਵੈਨਕੂਵਰ, 12 ਸਤੰਬਰ (ਪੰਜਾਬ ਮੇਲ)- ਕੈਨੇਡਾ ਦੇ ਪ੍ਰਮੁੱਖ ਇੰਟਰਨੈਸ਼ਨਲ ਹਵਾਈ ਅੱਡਿਆਂ ‘ਤੇ ਸੀਮਾ ਸੁਰੱਖਿਆ ਸੇਵਾਵਾਂ ਏਜੰਸੀ (ਸੀ.ਬੀ.ਐੱਸ.ਏ.) ਦੇ ਸਿਸਟਮ ਵਿਚ ਖਰਾਬੀ ਆਉਣ ਕਾਰਨ ਕਈ ਘੰਟੇ ਸੇਵਾਵਾਂ ਬੁਰੀ ਤਰਾਂ ਪ੍ਰਭਾਵਤ ਹੋਈਆਂ। ਇਸ ਦੌਰਾਨ ਵਿਦੇਸ਼ਾਂ ਤੋਂ ਆਉਣ ਵਾਲਿਆਂ ਨਾਲ ਨਿੱਜੀ ਤੌਰ ਤੇ ਨਜਿੱਠਣ ਕਰਕੇ ਯਾਤਰੀਆਂ ਨੂੰ ਬਾਹਰ ਜਾਣ ਵਿਚ ਘੰਟਿਆਂ ਦੀ ਦੇਰੀ ਹੁੰਦੀ ਰਹੀ।
ਹਾਲਾਂਕਿ ਏਜੰਸੀ ਨੇ ਇਸ ਗੱਲ ਨੂੰ ਖਾਰਜ ਕੀਤਾ ਕਿ ਉਨ੍ਹਾਂ ਦਾ ਸਿਸਟਮ ਹੈਕ ਹੋਇਆ ਹੈ। ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਹਵਾਈ ਅੱਡਾ ਪ੍ਰਬੰਧਨ ਨੇ ਵੀ ਆਪਣੇ ਹੈਂਡਲ ਐਕਸ ਤੇ ਪੋਸਟ ਪਾਕੇ ਏਜੰਸੀ ਦਾ ਸਿਸਟਮ ਫੇਲ ਹੋਣ ਕਰਕੇ ਯਾਤਰੀਆਂ ਨੂੰ ਹੋ ਰਹੀ ਭਾਰੀ ਪਰੇਸ਼ਾਨੀ ਲਈ ਮੁਆਫ਼ੀ ਮੰਗੀ ਹੈ।
ਟੋਰਾਂਟੋ, ਵੈਨਕੂਵਰ, ਕੈਲਗਰੀ, ਐਡਮਿੰਟਨ, ਹਮਿਲਟਨ, ਐਬਟਸਫੋਰਡ, ਮਾਂਟਰੀਅਲ, ਓਟਵਾ, ਵਿੰਨੀਪੈੱਗ ਤੇ ਦੋ ਹੋਰ ਹਵਾਈ ਅੱਡਿਆਂ ਦਾ ਸਿਸਟਮ ਪ੍ਰਭਾਵਤ ਹੋਣ ਦਾ ਪਤਾ ਲੱਗਾ ਹੈ। ਰਾਤ 10 ਵਜੇ ਸੀ.ਬੀ.ਐੱਸ.ਏ. ਨੇ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਮੁਆਫੀ ਮੰਗਦੇ ਹੋਏ ਕਿਹਾ ਕਿ ਹੁਣੇ ਹੁਣੇ ਉਨ੍ਹਾਂ ਦਾ ਸਿਸਟਮ ਪਹਿਲਾਂ ਵਾਂਗ ਕੰਮ ਕਰਨ ਲੱਗ ਪਿਆ ਹੈ।
ਇਨ੍ਹਾਂ ‘ਚੋਂ ਕੁਝ ਵੱਡੇ ਹਵਾਈ ਅੱਡਿਆਂ ‘ਤੇ ਵਿਦੇਸ਼ਾਂ ਤੋਂ ਉਡਾਣਾਂ ਆਉਂਦੀਆਂ ਹਨ, ਪਰ ਕੁਝ ਛੋਟੇ ਹਵਾਈ ਅੱਡਿਆਂ ਤੇ ਸੰਚਾਲਨ ਸਿਰਫ ਅਮਰੀਕਾ ਤੇ ਮੈਕਸੀਕੋ ਹਵਾਈ ਅੱਡਿਆਂ ਤੱਕ ਸੀਮਤ ਹੈ। ਪਤਾ ਲੱਗਾ ਹੈ ਕਿ ਏਜੰਸੀ ਨੇ ਯਾਤਰੀਆਂ ਦੀ ਅਸੁਵਿਧਾ ਘਟਾਉਣ ਲਈ ਤੁਰੰਤ ਸਟਾਫ ਵਧਾਉਣ ਦੇ ਯਤਨ ਕੀਤੇ, ਜਿਸ ਕਾਰਨ ਯਾਤਰੀਆਂ ਦੀਆਂ ਲੰਬੀਆਂ ਕਤਾਰਾਂ ਕੁਝ ਛੋਟੀਆਂ ਹੋਈਆਂ। ਦੇਰ ਰਾਤ ਸਿਸਟਮ ਠੀਕ ਹੋਣ ਕਾਰਨ ਵੀ ਹਾਲਾਤ ਆਮ ਵਾਂਗ ਹੋਣ ਵਿਚ ਕੁਝ ਘੰਟੇ ਲੱਗ ਸਕਦੇ ਹਨ।
ਕੈਨੇਡਾ ਦੇ 11 ਕੌਮਾਂਤਰੀ ਹਵਾਈ ਅੱਡਿਆਂ ਤੇ ਸੀ.ਬੀ.ਐੱਸ.ਏ. ਦਾ ਸਿਸਟਮ ਹੋਇਆ ਠੱਪ; ਯਾਤਰੀ ਹੋਏ ਪਰੇਸ਼ਾਨ

