#CANADA

ਕੈਨੇਡਾ ਦੀ ਅਦਾਲਤ ਵੱਲੋਂ ਗੈਂਗਸਟਰ ਅਰਸ਼ਦੀਪ ਸਿੰਘ ਡੱਲਾ ਨੂੰ ਜ਼ਮਾਨਤ

-ਕੈਨੇਡੀਅਨ ਪੁਲਿਸ ਨੇ 30 ਹਜ਼ਾਰ ਡਾਲਰ ਦੇ ਮੁਚੱਲਕੇ ‘ਤੇ ਦਿੱਤੀ ਜ਼ਮਾਨਤ
-ਕੇਸ ਦੀ ਸੁਣਵਾਈ ਅਗਲੇ ਸਾਲ ਫ਼ਰਵਰੀ ‘ਚ
ਵਿਨੀਪੈੱਗ, 30 ਨਵੰਬਰ (ਪੰਜਾਬ ਮੇਲ)- ਗੈਂਗਸਟਰ ਅਰਸ਼ਦੀਪ ਸਿੰਘ ਡੱਲਾ ਨੂੰ ਕੈਨੇਡਾ ਦੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਉਸ ਨੂੰ 30 ਹਜ਼ਾਰ ਡਾਲਰ ਦਾ ਮੁਚੱਲਕਾ ਭਰਨ ਮਗਰੋਂ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ ਹੈ। ਮਾਮਲੇ ਦੀ ਸੁਣਵਾਈ ਹੁਣ ਅਗਲੇ ਸਾਲ 24 ਫਰਵਰੀ ਨੂੰ ਹੋਵੇਗੀ। ਡੱਲਾ ਨੂੰ ਜ਼ਮਾਨਤ ਅਜਿਹੇ ਮੌਕੇ ਦਿੱਤੀ ਗਈ ਹੈ, ਜਦੋਂ ਭਾਰਤ ਵੱਲੋਂ ਉਸ ਦੀ ਸਪੁਰਦਗੀ ਹਾਸਲ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਦਰਅਸਲ ਭਾਰਤ ਸਮੇਂ-ਸਮੇਂ ‘ਤੇ ਕੈਨੇਡੀਅਨ ਸਰਕਾਰ ਨੂੰ ਖਾਲਿਸਤਾਨ ਪ੍ਰਤੀ ਆਪਣੇ ਨਰਮ ਰਵੱਈਏ ਬਾਰੇ ਚੇਤਾਵਨੀ ਦਿੰਦਾ ਰਿਹਾ ਹੈ, ਪਰ ਇਸ ਦੇ ਬਾਵਜੂਦ ਉਸ ਦੇ ਵਿਵਹਾਰ ਵਿਚ ਕੋਈ ਬਦਲਾਅ ਨਜ਼ਰ ਨਹੀਂ ਆ ਰਿਹਾ। ਇਸ ਦੀ ਤਾਜ਼ਾ ਮਿਸਾਲ ਖਾਲਿਸਤਾਨੀ ਅੱਤਵਾਦੀ ਅਰਸ਼ ਡੱਲਾ ਨੂੰ ਜ਼ਮਾਨਤ ਮਿਲਣਾ ਹੈ। ਖਾਲਿਸਤਾਨ ਟਾਈਗਰ ਫੋਰਸ ਦੀ ਕਮਾਂਡ ਕਰ ਰਹੇ ਅਰਸ਼ ਡੱਲਾ ਨੂੰ ਕੈਨੇਡੀਅਨ ਪੁਲਿਸ ਨੇ ਦੋ ਧਿਰਾਂ ਵਿਚ ਗੋਲੀਬਾਰੀ ਦੇ ਮਾਮਲੇ ਵਿਚ ਅਕਤੂਬਰ ਵਿਚ ਗ੍ਰਿਫ਼ਤਾਰ ਕੀਤਾ ਸੀ। ਕੈਨੇਡੀਅਨ ਪੁਲਿਸ ਨੇ ਡੱਲਾ ‘ਤੇ ਗ਼ੈਰਕਾਨੂੰਨੀ ਹਥਿਆਰ ਰੱਖਣ ਤੇ ਸਬੂਤਾਂ ਨਾਲ ਛੇੜਛਾੜ ਸਣੇ 11 ਗੰਭੀਰ ਦੋਸ਼ ਆਇਦ ਕੀਤੇ ਸਨ। ਪੁਲਿਸ ਨੂੰ ਉਸ ਕੋਲੋਂ ਕਈ ਹਾਈਟੈੱਕ ਹਥਿਆਰ ਵੀ ਮਿਲੇ ਸਨ। ਸੂਤਰਾਂ ਮੁਤਾਬਕ ਅਰਸ਼ ਡੱਲਾ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਦੇ ਸਿੱਧੇ ਸੰਪਰਕ ਵਿਚ ਰਿਹਾ ਹੈ।