#CANADA

ਕੈਨੇਡਾ ‘ਤੇ ਮੰਦੀ ਦੀ ਖਤਰਾ!

– ਦੀਵਾਲੀਆਪਨ ਲਈ ਅਰਜ਼ੀ ਦੇਣ ਵਾਲੀਆਂ ਕੰਪਨੀਆਂ ਦੀ ਗਿਣਤੀ ‘ਚ ਤੇਜ਼ੀ ਨਾਲ ਹੋਇਆ ਵਾਧਾ
– 800 ਤੋਂ ਵੱਧ ਕੰਪਨੀਆਂ ਨੇ ਜਨਵਰੀ ਵਿਚ ਦੀਵਾਲੀਆਪਨ ਲਈ ਦਾਇਰ ਕੀਤੀ ਅਰਜ਼ੀ
ਸਰੀ, 20 ਮਾਰਚ (ਪੰਜਾਬ ਮੇਲ)- ਬ੍ਰਿਟੇਨ ਸਮੇਤ ਦੁਨੀਆਂ ਦੇ ਕਈ ਦੇਸ਼ ਇਸ ਸਮੇਂ ਮੰਦੀ ਦੀ ਲਪੇਟ ‘ਚ ਹਨ। ਜਾਪਾਨ ਇਸ ਤੋਂ ਥੋੜ੍ਹਾ ਬਚ ਗਿਆ, ਪਰ ਹੁਣ ਕੈਨੇਡਾ ਦੇ ਮੰਦੀ ਵਿਚ ਫਸਣ ਦਾ ਖ਼ਤਰਾ ਹੈ। ਦੇਸ਼ ਵਿਚ ਦੀਵਾਲੀਆਪਨ ਲਈ ਅਰਜ਼ੀ ਦੇਣ ਵਾਲੀਆਂ ਕੰਪਨੀਆਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਕੱਲੇ ਜਨਵਰੀ ਵਿਚ 800 ਤੋਂ ਵੱਧ ਕੰਪਨੀਆਂ ਨੇ ਦੀਵਾਲੀਆਪਨ ਲਈ ਅਰਜ਼ੀ ਦਾਇਰ ਕੀਤੀ ਸੀ।
ਇਸ ਤੋਂ ਪਹਿਲਾਂ 2023 ਵਿਚ ਦੇਸ਼ ‘ਚ ਦੀਵਾਲੀਆਪਨ ਫਾਈਲਿੰਗ ਵਿਚ ਲਗਭਗ 40 ਪ੍ਰਤੀਸ਼ਤ ਦਾ ਵਾਧਾ ਹੋਇਆ ਸੀ। ਦੀਵਾਲੀਆਪਨ ਲਈ ਅਰਜ਼ੀ ਦੇਣ ਵਾਲੀਆਂ ਕੰਪਨੀਆਂ ਦੀ ਗਿਣਤੀ 13 ਸਾਲਾਂ ਵਿਚ ਸਭ ਤੋਂ ਵੱਧ ਹੈ। ਕੋਰੋਨਾ ਮਿਆਦ ਦੌਰਾਨ ਕੰਪਨੀਆਂ ਨੂੰ 45,000 ਡਾਲਰ ਦਾ ਵਿਆਜ ਮੁਕਤ ਕਰਜ਼ਾ ਦਿੱਤਾ ਗਿਆ ਸੀ, ਜਿਸ ਦੀ ਮੁੜ ਅਦਾਇਗੀ ਦੀ ਸਮਾਂ ਸੀਮਾ ਜਨਵਰੀ ਵਿਚ ਖ਼ਤਮ ਹੋ ਗਈ ਸੀ। ਛੋਟੀਆਂ ਕੰਪਨੀਆਂ ਕੈਨੇਡਾ ਦੀ ਕੁੱਲ ਘਰੇਲੂ ਪੈਦਾਵਾਰ ਦਾ ਲਗਭਗ 33 ਪ੍ਰਤੀਸ਼ਤ ਹਿੱਸਾ ਬਣਾਉਂਦੀਆਂ ਹਨ। ਸਵਾਲ ਪੈਦਾ ਹੁੰਦਾ ਹੈ ਕਿ ਕੀ ਕੈਨੇਡਾ ਮੰਦੀ ਵੱਲ ਵਧ ਰਿਹਾ ਹੈ? ਕੈਨੇਡੀਅਨ ਸਰਕਾਰ ਦੇ ਅੰਕੜਿਆਂ ਅਨੁਸਾਰ ਦੇਸ਼ ਦੀ ਆਰਥਿਕਤਾ ਮਜ਼ਬੂਤ ਬਣੀ ਹੋਈ ਹੈ ਪਰ ਛੋਟੀਆਂ ਕੰਪਨੀਆਂ ਅਤੇ ਬਹੁਤ ਸਾਰੇ ਖਪਤਕਾਰ ਸੰਘਰਸ਼ ਕਰ ਰਹੇ ਹਨ। ਕੈਨੇਡਾ ਦੀ ਆਰਥਿਕਤਾ ਦਸੰਬਰ ‘ਚ 0.3 ਫੀਸਦੀ ਵਧਣ ਦੀ ਉਮੀਦ ਹੈ। ਇਸ ਤਰ੍ਹਾਂ ਚੌਥੀ ਤਿਮਾਹੀ ‘ਚ 1.2 ਫੀਸਦੀ ਦੇ ਵਾਧੇ ਦੀ ਸੰਭਾਵਨਾ ਹੈ। ਤੀਜੀ ਤਿਮਾਹੀ ‘ਚ ਦੇਸ਼ ਦੀ ਜੀ.ਡੀ.ਪੀ. ‘ਚ 1.1 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ। ਲਗਾਤਾਰ ਦੋ ਤਿਮਾਹੀਆਂ ਵਿਚ ਆਮਦਨ ਵਿਚ ਗਿਰਾਵਟ ਨੂੰ ਮੰਦੀ ਕਿਹਾ ਜਾਂਦਾ ਹੈ। ਇਸ ਤਰ੍ਹਾਂ ਦੇਖੀਏ ਤਾਂ ਕੈਨੇਡਾ ਇਸ ਵੇਲੇ ਮੰਦੀ ਦੀ ਮਾਰ ਹੇਠ ਆਉਣ ਤੋਂ ਬਚ ਗਿਆ ਹੈ।
ਪਰ ਜਨਵਰੀ ਵਿਚ ਜਿਸ ਤਰ੍ਹਾਂ 800 ਕੰਪਨੀਆਂ ਨੇ ਇਕ ਤੋਂ ਬਾਅਦ ਇਕ ਦੀਵਾਲੀਆਪਨ ਲਈ ਅਰਜ਼ੀਆਂ ਦਿੱਤੀਆਂ, ਉਸ ਨਾਲ ਮੰਦੀ ਦਾ ਡਰ ਇਕ ਵਾਰ ਫਿਰ ਸਿਰ ਚੁੱਕਣ ਲੱਗਾ ਹੈ।