– ਦੂਜੇ ਦੀ ਭਾਲ ਜਾਰੀ
– ਕਾਰਾਂ ਚੋਰੀ ਕਰਕੇ ਵਿਦੇਸ਼ ਸਨ ਦੋਵੇਂ ਮੁਲਜ਼ਮ, ਪੁਲਿਸ ਵੱਲੋਂ ਦੋਵਾਂ ਦੀਆਂ ਤਸਵੀਰਾਂ ਜਾਰੀ
ਵੈਨਕੂਵਰ, 29 ਅਪ੍ਰੈਲ (ਪੰਜਾਬ ਮੇਲ)- ਪੀਲ ਪੁਲਿਸ ਨੇ ਲੱਖਾਂ ਡਾਲਰ (ਕਰੋੜਾਂ ਰੁਪਏ) ਕੀਮਤ ਵਾਲੀਆਂ ਲਗਜ਼ਰੀ ਕਾਰਾਂ ਚੋਰੀ ਕਰਕੇ ਹੋਰਨਾਂ ਮੁਲਕਾਂ ‘ਚ ਭੇਜਣ ਵਾਲੇ ਗਰੋਹ ਦੇ ਇਕ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂਕਿ ਦੂਜੇ ਸਾਥੀ ਦੀ ਭਾਲ ਲਈ ਪੁਲਿਸ ਨੇ ਉਸ ਦੀ ਫੋਟੋ ਜਾਰੀ ਕਰਕੇ ਲੋਕਾਂ ਤੋਂ ਸਹਿਯੋਗ ਮੰਗਿਆ ਹੈ।
ਪੀਲ ਪੁਲਿਸ ਨੇ ਇਕ ਪ੍ਰੈੱਸ ਨੋਟ ਰਾਹੀਂ ਦੱਸਿਆ ਕਿ ਬਰੈਂਪਟਨ ਦੇ ਰਹਿਣ ਵਾਲੇ ਚਰਮੀਤ ਮਠਾਰੂ (29) ਅਤੇ ਨਿਖਿਲ ਸਿੱਧੂ (26) 4 ਨਵੰਬਰ 2023 ਨੂੰ ਲਗਜ਼ਰੀ ਕਾਰਾਂ ਕਿਰਾਏ ‘ਤੇ ਦੇਣ ਵਾਲੇ ਸ਼ੋਅ ਰੂਮ ਦੀ ਤੋੜ-ਭੰਨ ਕਰਕੇ ਅੰਦਰ ਗਏ ਤੇ ਉੱਥੇ ਪਈਆਂ ਦਰਜਨਾਂ ਚਾਬੀਆਂ ਕਬਜ਼ੇ ਵਿਚ ਲੈ ਲਈਆਂ। ਮਗਰੋਂ ਇਨ੍ਹਾਂ ‘ਚੋਂ ਦੋ ਚਾਬੀਆਂ ਨਾਲ ਇੱਕ ਜੀ.ਐੱਮ.ਸੀ. ਕੰਪਨੀ ਦੀ ਐੱਸ.ਯੂ.ਵੀ. ਅਤੇ ਇੱਕ ਰੌਲਜ਼ ਰਾਇਸ ਕਾਰ, ਜਿਨ੍ਹਾਂ ਦੀ ਬਾਜ਼ਾਰੀ ਕੀਮਤ ਸਾਢੇ ਅੱਠ ਲੱਖ ਡਾਲਰ (ਕਰੀਬ ਪੰਜ ਕਰੋੜ ਰੁਪਏ) ਸੀ, ਉਥੋਂ ਭਜਾ ਕੇ ਲੈ ਗਏ ਤੇ ਸਮੁੰਦਰੀ ਰਸਤੇ ਵਿਦੇਸ਼ਾਂ ਨੂੰ ਭੇਜ ਦਿੱਤੀਆਂ।
ਪੁਲਿਸ ਦਾ ਮੰਨਣਾ ਹੈ ਕਿ ਇਹ ਦੋਵੇਂ ਮਾਫੀਆ ਗਰੋਹ ਦੇ ਮੈਂਬਰ ਹੋ ਸਕਦੇ ਹਨ। ਸ਼ੋਅ ਰੂਮ ਵਾਲਿਆਂ ਦੀ ਸ਼ਿਕਾਇਤ ‘ਤੇ ਜਾਂਚ ਕੀਤੀ ਗਈ, ਤਾਂ ਦੋਵਾਂ ਦੀ ਪਛਾਣ ਕਰਕੇ ਉਨ੍ਹਾਂ ਦੀ ਭਾਲ ਕੀਤੀ ਗਈ। ਪੁਲਿਸ ਨੇ ਕੁਝ ਦਿਨ ਪਹਿਲਾਂ ਚਰਮੀਤ ਮਠਾਰੂ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਅਦਾਲਤ ‘ਚੋਂ ਨਿਖਿਲ ਸਿੱਧੂ ਦੇ ਗ੍ਰਿਫਤਾਰੀ ਵਾਰੰਟ ਹਾਸਲ ਕਰਕੇ ਉਸ ਦੀ ਭਾਲ ਤੇਜ਼ ਕਰ ਦਿੱਤੀ ਹੈ। ਇਸੇ ਕੜੀ ਵਜੋਂ ਪੁਲਿਸ ਨੇ ਉਨ੍ਹਾਂ ਦੀਆਂ ਫੋਟੋਆਂ ਰਿਲੀਜ਼ ਕੀਤੀਆਂ ਹਨ।
ਕੈਨੇਡਾ ‘ਚ ਲਗਜ਼ਰੀ ਕਾਰਾਂ ਚੋਰੀ ਕਰਨ ਵਾਲੇ ਗਰੋਹ ਦਾ ਇਕ ਮੈਂਬਰ ਗ੍ਰਿਫ਼ਤਾਰ
