ਐਬੋਟਸਫੋਰਡ, 9 ਮਈ (ਪੰਜਾਬ ਮੇਲ)- ਕੈਨੇਡਾ ਦੀ ਇੱਕ ਅਦਾਲਤ ਨੇ ਐਬੋਟਸਫੋਰਡ ‘ਚ ਇੱਕ ਬਜ਼ੁਰਗ ਜੋੜੇ ਦੇ ਕਤਲ ਦੇ ਮਾਮਲੇ ਵਿਚ ਭਾਰਤੀ ਮੂਲ ਦੇ ਤਿੰਨ ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਰਿਪੋਰਟ ਮੁਤਾਬਕ, ਆਰਨੋਲਡ ਅਤੇ ਜੋਆਨ ਡੀ ਜੋਂਗ ਮਈ 2022 ਵਿਚ ਆਪਣੇ ਐਬੋਟਸਫੋਰਡ ਸਥਿਤ ਘਰ ਵਿਚ ਮ੍ਰਿਤਕ ਪਾਏ ਗਏ ਸਨ।
ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਦੀ ਜੱਜ ਬ੍ਰੈਂਡਾ ਬ੍ਰਾਊਨ ਨੇ ਇਸ ਵਾਰਦਾਤ ਦੇ ਚਾਰ ਸਾਲ ਬਾਅਦ ਸ਼ੁੱਕਰਵਾਰ ਨੂੰ ਆਪਣਾ ਫੈਸਲਾ ਸੁਣਾਉਂਦਿਆਂ ਗੁਰਕਰਨ ਸਿੰਘ, ਅਭਿਜੀਤ ਸਿੰਘ ਅਤੇ ਖੁਸ਼ਵੀਰ ਤੂਰ ਨੂੰ ਕਤਲ ਦਾ ਦੋਸ਼ੀ ਠਹਿਰਾਇਆ ਹੈ। ਅਦਾਲਤ ਵਿਚ ਸਰਕਾਰੀ ਵਕੀਲਾਂ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਨੇ ਮਿਲ ਕੇ ਜੋੜੇ ਨੂੰ ਲੁੱਟਣ ਅਤੇ ਉਨ੍ਹਾਂ ਦਾ ਕਤਲ ਕਰਨ ਦੀ ਯੋਜਨਾ ਬਣਾਈ ਸੀ।
ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਦੋਸ਼ੀਆਂ ਨੇ ਜੋਂਗ ਦੇ ਘਰੋਂ ਕ੍ਰੈਡਿਟ ਕਾਰਡ, ਚੈੱਕ ਅਤੇ ਇੱਕ ‘ਪਾਵਰ ਵਾਸ਼ਰ’ ਚੋਰੀ ਕੀਤਾ ਸੀ। ਅਦਾਲਤ ਹੁਣ 28 ਮਈ ਨੂੰ ਇਨ੍ਹਾਂ ਦੋਸ਼ੀਆਂ ਨੂੰ ਸਜ਼ਾ ਸੁਣਾਏਗੀ।
ਕੈਨੇਡਾ ‘ਚ ਬਜ਼ੁਰਗ ਜੋੜੇ ਦੇ ਕਤਲ ਮਾਮਲੇ ‘ਚ ਭਾਰਤੀ ਮੂਲ ਦੇ 3 ਨੌਜਵਾਨ ਦੋਸ਼ੀ ਕਰਾਰ

