#CANADA

ਕੈਨੇਡਾ ‘ਚ ਜਬਰੀ ਵਸੂਲੀ ਦੇ ਮਾਮਲਿਆਂ ‘ਚ ਸ਼ਾਮਲ ਹੋਣ ਦੇ ਦੋਸ਼ ਹੇਠ 4 ਪੰਜਾਬੀ ਡਿਪੋਰਟ

ਕੈਨੇਡਾ ਨੇ ਫਿਰੌਤੀ ਅਤੇ ਗੋਲੀਬਾਰੀ ਦੇ 111 ਵਿਦੇਸ਼ੀ ਸ਼ੱਕੀਆਂ ਨੂੰ ਦੇਸ਼ ‘ਚੋਂ ਕੱਢਿਆ
ਵੈਨਕੂਵਰ, 16 ਸਤੰਬਰ (ਪੰਜਾਬ ਮੇਲ)- ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐੱਸ.ਏ.) ਨੇ ਪੰਜਾਬ ਨਾਲ ਸਬੰਧਤ ਚਾਰ ਭਾਰਤੀ ਨੌਜਵਾਨਾਂ ਨੂੰ ਜ਼ਬਰਦਸਤੀ ਉਗਰਾਹੀ ਅਤੇ ਸੰਗਠਿਤ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਦੋਸ਼ ਹੇਠ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਹੈ। ਏਜੰਸੀ ਅਨੁਸਾਰ ਪਲਵਿੰਦਰ ਸਿੰਘ, ਜਸਮੇਰ ਸਿੰਘ, ਅਮਿਤੋਜ਼ ਬਾਜਵਾ ਅਤੇ ਸਾਹਿਬਜੋਤ ਸਿੰਘ ਨੂੰ ‘ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ’ (ਆਈ.ਆਰ.ਪੀ.ਏ.) ਤਹਿਤ ਅਪਰਾਧਿਕ ਸੰਗਠਨਾਂ ਨਾਲ ਸਬੰਧ ਅਤੇ ਗੰਭੀਰ ਅਪਰਾਧਾਂ ਲਈ ਅਯੋਗ ਪਾਇਆ ਗਿਆ ਸੀ। ਇਨ੍ਹਾਂ ਚਾਰਾਂ ਵਿਰੁੱਧ ਜ਼ਬਰਦਸਤੀ ਉਗਰਾਹੀ, ਗੋਲੀਬਾਰੀ ਅਤੇ ਹਿੰਸਕ ਵਾਰਦਾਤਾਂ ਦੇ ਮਾਮਲੇ ਦਰਜ ਸਨ। ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਆਫ ਕੈਨੇਡਾ (ਆਈ.ਆਰ.ਬੀ.) ਦੇ ਹੁਕਮਾਂ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।
ਸੀ.ਬੀ.ਐੱਸ.ਏ. ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸੇ ਸਾਲ ਦੇ ਪਿਛਲੇ ਮਹੀਨਿਆਂ ਵਿਚ ਫਿਰੌਤੀ ਅਤੇ ਗੋਲੀਬਾਰੀ ਦੇ ਮਾਮਲਿਆਂ ਵਿਚ ਸ਼ਾਮਲ 111 ਸ਼ੱਕੀਆਂ ਨੂੰ ਦੇਸ਼ ਨਿਕਾਲਾ (ਡਿਪੋਰਟ) ਕੀਤਾ ਗਿਆ ਹੈ ਅਤੇ ਵੱਡੀ ਗਿਣਤੀ ਵਿਚ ਹੋਰਾਂ ਵਿਰੁੱਧ ਵੀ ਕਾਰਵਾਈ ਜਾਰੀ ਹੈ।
ਏਜੰਸੀ ਦੀ ਪ੍ਰਧਾਨ ਐਰਿਨ ਓ’ਗੋਰਮਨ ਵੱਲੋਂ ਜਾਰੀ ਬਿਆਨ ਵਿਚ ਦੱਸਿਆ ਗਿਆ ਕਿ ਉਹ ਇਮੀਗ੍ਰੇਸ਼ਨ ਅਤੇ ਰਿਫਿਊਜੀ ਪ੍ਰੋਟੈਕਸ਼ਨ ਕਾਨੂੰਨ ਤਹਿਤ ਅਯੋਗ ਠਹਿਰਾਏ ਗਏ ਸਾਰੇ ਵਿਅਕਤੀਆਂ ਨੂੰ ਵਾਪਸ ਭੇਜਣ ਲਈ ਯਤਨਸ਼ੀਲ ਹਨ। ਬੇਸ਼ੱਕ ਏਜੰਸੀ ਨੇ ਵਾਪਸ ਭੇਜੇ ਗਏ ਵਿਅਕਤੀਆਂ ਦੀ ਕੌਮੀਅਤ (ਨਾਗਰਿਕਤਾ) ਦੱਸਣ ਤੋਂ ਟਾਲਾ ਵੱਟਿਆ ਹੈ, ਪਰ ਸੂਤਰਾਂ ਅਨੁਸਾਰ ਦੇਸ਼ ਨਿਕਾਲਾ ਦਿੱਤੇ ਗਏ ਵਿਅਕਤੀਆਂ ਵਿਚੋਂ 7 ਲੋਕਾਂ ਦੀ ਕੌਮੀਅਤ ਭਾਰਤ ਤੋਂ ਵੱਖਰੀ ਸੀ। ਏਜੰਸੀ ਨੇ ਇਹ ਵੀ ਦੱਸਿਆ ਕਿ ਇਹ 111 ਵਿਅਕਤੀਆਂ ਵਿਚੋਂ ਬਹੁਤੇ ਬ੍ਰਿਟਿਸ਼ ਕੋਲੰਬੀਆ ਅਤੇ ਓਨਟਾਰੀਓ ਸੂਬਿਆਂ ਦੇ ਵਾਸੀ ਸਨ।
ਏਜੰਸੀ ਨੇ ਦੱਸਿਆ ਕਿ ਬੀਤੇ ਸਾਲ (ਯਾਨੀ 2025) ਵਿਚ 23,160 ਲੋਕਾਂ ਨੂੰ ਉਨ੍ਹਾਂ ਦੇ ਪਿੱਤਰੀ ਦੇਸ਼ ਵਾਪਸ ਭੇਜਿਆ ਗਿਆ ਸੀ, ਜਿਨ੍ਹਾਂ ਵਿਚੋਂ 1,010 ਗੰਭੀਰ ਅਪਰਾਧਿਕ ਕਾਰਵਾਈਆਂ ਨਾਲ ਸਬੰਧਤ ਸਨ।
ਉਨ੍ਹਾਂ ਦੱਸਿਆ ਕਿ ਏਜੰਸੀ ਕੋਲ ਪਹਿਲਾਂ 530 ਅਧਿਕਾਰੀ ਸਨ, ਪਰ ਕੇਂਦਰ ਵੱਲੋਂ ਬਜਟ ਵਧਾਏ ਜਾਣ ਨਾਲ 1,000 ਹੋਰ ਅਧਿਕਾਰੀ ਭਰਤੀ ਕੀਤੇ ਜਾ ਰਹੇ ਹਨ। ਏਜੰਸੀ ਨੇ ਮੰਨਿਆ ਕਿ ਅਧਿਕਾਰੀਆਂ ਦੀ ਘਾਟ ਕਾਰਨ ਹੀ ਦੇਸ਼ ਵਿਚ ਵਿਦੇਸ਼ੀਆਂ ਨੂੰ ਖੁੱਲ੍ਹ ਕੇ ਖੇਡਣ ਦਾ ਮੌਕਾ ਮਿਲਿਆ, ਪਰ ਹੁਣ ਅਜਿਹਾ ਨਹੀਂ ਹੋ ਸਕੇਗਾ।
ਫੈਡਰਲ ਲੋਕ ਸੁਰੱਖਿਆ ਮੰਤਰੀ ਗੈਰੀ ਅਨੰਦਾਸੰਗਰੀ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਸਰਕਾਰ ਦੱਖਣੀ ਏਸ਼ਿਆਈ ਮੂਲ ਦੇ ਲੋਕਾਂ ਵੱਲੋਂ ਫੈਲਾਏ ਗਏ ਫਿਰੌਤੀ ਅੱਤਵਾਦ ਦੇ ਖਾਤਮੇ ਲਈ ਗੰਭੀਰਤਾ ਅਤੇ ਲਗਨ ਨਾਲ ਕੰਮ ਕਰ ਰਹੀ ਹੈ। ਮੰਤਰੀ ਨੇ ਬਿਨਾਂ ਕਿਸੇ ਦੇਸ਼ ਦਾ ਨਾਂ ਲਏ ਕਿਹਾ ਕਿ ਅਪਰਾਧੀ ਲੋਕਾਂ ਦੀ ਪੁੱਛਗਿੱਛ ਵਿਚ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਉਹ ਕਿਸੇ ਵੱਡੀ ਤਾਕਤ ਦੇ ਇਸ਼ਾਰੇ ‘ਤੇ ਕੰਮ ਕਰਕੇ ਕੈਨੇਡਾ ਵਿਚ ਅਸ਼ਾਂਤੀ ਦਾ ਮਾਹੌਲ ਸਿਰਜਣ ਦਾ ਕੰਮ ਤਾਂ ਨਹੀਂ ਕਰ ਰਹੇ।