#CANADA

ਕੈਨੇਡਾ-ਅਮਰੀਕਾ ਸਬੰਧਾਂ ‘ਚ ਖਟਾਸ ਤੋਂ ਬਾਅਦ ਦੋਵੇਂ ਆਵਾਜਾਈ ਨੂੰ ਅੱਧਾ ਕੀਤਾ

ਵੈਨਕੂਵਰ, 9 ਮਈ (ਪੰਜਾਬ ਮੇਲ)- ਕੈਨੇਡਾ ਤੇ ਅਮਰੀਕਾ ਦੇ ਸਬੰਧਾਂ ਵਿਚ ਆਈ ਖਟਾਸ ਨੇ ਜਿੱਥੇ ਮੇਡ ਇਨ ਕੈਨੇਡਾ ਦੀ ਸੋਚ ਨੂੰ ਉਭਾਰਿਆ ਹੈ, ਉੱਥੇ ਹੀ ਦੋਵਾਂ ਦੇਸ਼ਾਂ ਦੇ ਵਾਸੀਆਂ ਦੀ ਭਾਈਚਾਰਕ ਸਾਂਝ ਨੂੰ ਵੀ ਪ੍ਰਭਾਵਿਤ ਕੀਤਾ ਹੈ। ਦੋਵਾਂ ਦੇਸ਼ਾਂ ਦੇ ਆਰ-ਪਾਰ ਦੇ ਲਾਂਘਿਆਂ ਦੇ ਪਿਛਲੇ ਮਹੀਨਿਆਂ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਟੈਕਸ ਕਾਰਨ ਉੱਭਰੀ ਖਟਾਸ ਨੇ ਆਵਾਜਾਈ ਨੂੰ ਅੱਧਾ ਕਰ ਦਿੱਤਾ ਹੈ। ਇਸ ਸਾਲ ਦੇ ਮਾਰਚ ਮਹੀਨੇ 1 ਲੱਖ 21 ਹਜ਼ਾਰ ਲੋਕ ਆਰ-ਪਾਰ ਲੰਘੇ, ਜਦੋਂ ਕਿ ਪਿਛਲੇ ਸਾਲ ਇਸੇ ਮਹੀਨੇ ਦਾ ਇਹ ਅੰਕੜਾ 2 ਲੱਖ 16 ਹਜ਼ਾਰ ਸੀ।
ਇਸੇ ਤਰ੍ਹਾਂ ਅਪ੍ਰੈਲ ਮਹੀਨੇ ਆਵਾਜਾਈ ਦਾ ਅੰਕੜਾ ਇਕ ਲੱਖ ਤੋਂ ਘੱਟ ਰਿਹਾ, ਜਦੋਂ ਕਿ ਪਿਛਲੇ ਸਾਲ ਇਹੀ ਅਵਾਜਾਈ ਦੋ ਲੱਖ ਤੋਂ ਵੱਧ ਲੋਕਾਂ ਦੀ ਸੀ। ਸਰੀ ਦੇ ਨਾਲ ਲੱਗਦਾ ਪੀਸ ਆਰਚ ਸਰਹੱਦੀ ਲਾਂਘਾ, ਜਿੱਥੇ ਕੈਨੇਡਾ ਤੇ ਅਮਰੀਕਾ ਵਾਲੇ ਪਾਸੇ 10-12 ਜਾਂਚ ਗੇਟ ਹਨ, ਜਿਨ੍ਹਾਂ ਵਿਚੋਂ ਲਗਭਗ ਦੋ ਹੀ ਖੁੱਲ੍ਹੇ ਰੱਖੇ ਜਾਂਦੇ ਹਨ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਅਮਰੀਕਾ ਦਾਖਲੇ ਵਾਸਤੇ ਸਿਰਫ ਦੋ ਗੇਟ ਖੁੱਲੇ ਹੋਣ ਦੇ ਬਾਵਜੂਦ ਵਾਹਨਾਂ ਦੀ ਉਡੀਕ ਕਤਾਰ ਬਹੁਤੀ ਲੰਮੀ ਨਹੀਂ ਸੀ।
ਉਥੇ ਮੌਜੂਦ ਲੋਕਾਂ ਨੇ ਕਿਹਾ ਕਿ ਬੇਯਕੀਨੀ ਵਾਲੇ ਹਾਲਾਤ ਵਿਚ ਸਿਰਫ ਜ਼ਰੂਰੀ ਕੰਮਾਂ ਲਈ ਹੀ ਆਰ-ਪਾਰ ਜਾਇਆ ਜਾਂਦਾ ਹੈ, ਜਦਕਿ ਪਹਿਲਾਂ ਸੈਰ-ਸਪਾਟੇ ਲਈ ਇੱਧਰ ਉੱਧਰ ਦੇ ਚੱਕਰ ਲੱਗਦੇ ਸਨ। ਸਰੀ ਦੇ ਪ੍ਰਦੁੱਮਣ ਸਿੰਘ ਨੇ ਕਿਹਾ ਕਿ ਉਹ 5 ਮਹੀਨੇ ਬਾਅਦ ਆਪਣੀ ਧੀ ਕੋਲ ਕੈਂਟ ਸਿਟੀ ਜਾ ਰਿਹਾ ਹੈ, ਜਦਕਿ ਪਹਿਲਾਂ ਹਰੇਕ ਮਹੀਨੇ ਚੱਕਰ ਲੱਗਦਾ ਸੀ। ਰਿਚਮੰਡ ਦੇ ਚੀਨੀ ਮੂਲ ਦੇ ਲਿਆਂਗ ਨੇ ਦੁਖੀ ਮਨ ਨਾਲ ਦੱਸਿਆ ਕਿ ਹੁਣ ਤਾਂ ਅਮਰੀਕਾ ਜਾਣ ਲੱਗਿਆ ਸੋਚਣਾ ਪੈਂਦਾ ਹੈ ਕਿ ਠੀਕ-ਠਾਕ ਵਾਪਸ ਪਹੁੰਚਾਂਗੇ ਕਿ ਨਹੀਂ।