-ਮੁਨਵਰੀ ਬੇਗਮ ਉਪ-ਚੇਅਰਪਰਸਨ ਅਤੇ ਗਲੇਨ ਟਿੱਕਲੋ ਮੈਂਬਰ ਨਾਮਜ਼ਦ
ਨਵੀਂ ਦਿੱਲੀ, 17 ਜੁਲਾਈ (ਪੰਜਾਬ ਮੇਲ)- ਕੇਂਦਰ ਸਰਕਾਰ ਨੇ ਹਰਜੀਤ ਸਿੰਘ ਗਰੇਵਾਲ ਨੂੰ ਤਿੰਨ ਸਾਲਾਂ ਦੀ ਮਿਆਦ ਲਈ ਕੌਮੀ ਘੱਟ ਗਿਣਤੀ ਕਮਿਸ਼ਨ (ਐੱਨ.ਸੀ.ਐੱਮ.) ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਗਰੇਵਾਲ, ਇਕਬਾਲ ਸਿੰਘ ਲਾਲਪੁਰਾ ਦੀ ਥਾਂ ਲੈਣਗੇ, ਜੋ ਪਹਿਲਾਂ ਇਸ ਕਮਿਸ਼ਨ ਦੇ ਚੇਅਰਪਰਸਨ ਵਜੋਂ ਸੇਵਾ ਨਿਭਾ ਚੁੱਕੇ ਹਨ।
ਗਰੇਵਾਲ ਨੂੰ ਪਹਿਲਾਂ ਪੰਜਾਬ ਵਿਚ ਭਾਜਪਾ ਦਾ ਪ੍ਰਮੁੱਖ ਸਿੱਖ ਚਿਹਰਾ ਮੰਨਿਆ ਜਾਂਦਾ ਸੀ। ਖ਼ਾਸ ਕਰਕੇ ਭਾਜਪਾ ਦੇ ਕਿਸਾਨ ਵਿੰਗ ਲਈ ਉਨ੍ਹਾਂ ਨੇ ਕਾਫ਼ੀ ਕੰਮ ਕੀਤਾ ਸੀ। ਹਾਲਾਂਕਿ, ਪੰਜਾਬ ਵਿਚ ਕਾਂਗਰਸ ਅਤੇ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਭਾਜਪਾ ਵਿਚ ਸ਼ਾਮਲ ਹੋਣ ਦੌਰਾਨ ਗਰੇਵਾਲ ਹੌਲੀ-ਹੌਲੀ ਪਿੱਛੇ ਪੈਂਦੇ ਗਏ। ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਇਹ ਵਕਾਰੀ ਅਹੁਦਾ ਦੇ ਕੇ ਸਿਆਸੀ ਤੌਰ ‘ਤੇ ‘ਅਡਜਸਟ’ ਕੀਤਾ ਗਿਆ ਹੈ।
ਕੇਂਦਰ ਸਰਕਾਰ ਨੇ ਐੱਸ. ਮੁਨਵਰੀ ਬੇਗਮ ਨੂੰ ਮੁਸਲਿਮ ਨੁਮਾਇੰਦੇ ਵਜੋਂ ਕੌਮੀ ਘੱਟ ਗਿਣਤੀ ਕਮਿਸ਼ਨ ਦੀ ਉਪ-ਚੇਅਰਪਰਸਨ ਨਿਯੁਕਤ ਕੀਤਾ ਹੈ, ਜਦੋਂ ਕਿ ਗਲੇਨ ਈ. ਸੂਜ਼ਾ ਟਿੱਕਲੋ ਨੂੰ ਈਸਾਈ ਭਾਈਚਾਰੇ ਦੇ ਨੁਮਾਇੰਦੇ ਵਜੋਂ ਕਮਿਸ਼ਨ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ। ਇਹ ਨਿਯੁਕਤੀਆਂ ਕੇਂਦਰ ਸਰਕਾਰ ਵੱਲੋਂ ਇਸ ਸੰਵਿਧਾਨਕ ਸੰਸਥਾ ਦੇ ਕੰਮਕਾਜ ਨੂੰ ਮਜ਼ਬੂਤ ਕਰਨ ਲਈ ਕੀਤੀਆਂ ਗਈਆਂ ਹਨ, ਜੋ ਦੇਸ਼ ਵਿਚ ਘੱਟ ਗਿਣਤੀ ਭਾਈਚਾਰਿਆਂ ਦੇ ਅਧਿਕਾਰਾਂ ਅਤੇ ਹਿੱਤਾਂ ਦੀ ਰਾਖੀ ਲਈ ਜ਼ਿੰਮੇਵਾਰ ਹੈ।
ਕੌਮੀ ਘੱਟ ਗਿਣਤੀ ਕਮਿਸ਼ਨ ਨੋਟੀਫਾਈਡ (ਸੂਚਿਤ) ਘੱਟ ਗਿਣਤੀ ਭਾਈਚਾਰਿਆਂ ਲਈ ਸੰਵਿਧਾਨਕ ਅਤੇ ਕਾਨੂੰਨੀ ਸੁਰੱਖਿਆ ਦੇ ਲਾਗੂਕਰਨ ਦੀ ਨਿਗਰਾਨੀ ਕਰਨ ਲਈ ਕੰਮ ਕਰਦਾ ਹੈ ਅਤੇ ਉਨ੍ਹਾਂ ਦੀ ਭਲਾਈ ਅਤੇ ਵਿਕਾਸ ਨਾਲ ਸਬੰਧਤ ਮੁੱਦਿਆਂ ‘ਤੇ ਸਰਕਾਰ ਨੂੰ ਸਲਾਹ ਦਿੰਦਾ ਹੈ।
ਪਤਾ ਲੱਗਿਆ ਹੈ ਕਿ ਹਰਜੀਤ ਸਿੰਘ ਗਰੇਵਾਲ ਪਿਛਲੇ ਕੁੱਝ ਅਰਸੇ ਤੋਂ ਸਿਹਤ ਸਮੱਸਿਆ ‘ਚ ਘਿਰੇ ਹੋਏ ਸਨ। ਉੱਥੇ ਹੀ ਚੇਅਰਪਰਸਨ ਨਿਯੁਕਤ ਹੋਣ ਉੱਤੇ ਗਰੇਵਾਲ ਨੇ ਕਿਹਾ ਹੈ ਕਿ ਉਹ ਸਿਹਤ ਸਮੱਸਿਆਵਾਂ ਵਿੱਚੋਂ ਉੱਭਰ ਚੁੱਕੇ ਹਨ। ਉਨ੍ਹਾਂ ਨੇ ਇਸ ਵੱਡੀ ਜ਼ਿੰਮੇਵਾਰੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਦਾ ਧੰਨਵਾਦ ਵੀ ਕੀਤਾ ਹੈ। ਜ਼ਿਕਰਯੋਗ ਹੈ ਕਿ ਜਦੋਂ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਚੱਲ ਰਿਹਾ ਸੀ, ਤਾਂ ਉਸ ਵਕਤ ਖੇਤੀ ਕਾਨੂੰਨਾਂ ਦੀ ਹਮਾਇਤ ਵਿੱਚ ਗਰੇਵਾਲ ਡਟ ਗਏ ਸਨ। ਉਹ ਕੌਮੀ ਪੱਧਰ ਦੀਆਂ ਮੀਡੀਆ ਬਹਿਸਾਂ ਵਿਚ ਵੀ ਲਗਾਤਾਰ ਹਿੱਸਾ ਲੈਂਦੇ ਰਹੇ ਸਨ। ਇਸ ਕਾਰਨ ਕਿਸਾਨ ਜਥੇਬੰਦੀਆਂ ਵੱਲੋਂ ਉਨ੍ਹਾਂ ਦਾ ਤਿੱਖਾ ਵਿਰੋਧ ਕੀਤਾ ਗਿਆ ਸੀ ਅਤੇ ਕਿਸਾਨ ਆਗੂਆਂ ਨੇ ਉਨ੍ਹਾਂ ਦੇ ਜੱਦੀ ਘਰ ਅੱਗੇ ਪ੍ਰਦਰਸ਼ਨ ਵੀ ਕੀਤਾ ਸੀ।
ਹਰਜੀਤ ਸਿੰਘ ਗਰੇਵਾਲ ਪੰਜਾਬ ਭਾਜਪਾ ਦੇ ਪ੍ਰਮੁੱਖ ਬੁਲਾਰੇ ਵੀ ਰਹੇ ਹਨ ਅਤੇ ਸੂਬਾ ਉਪ-ਪ੍ਰਧਾਨ ਦੀ ਜ਼ਿੰਮੇਵਾਰੀ ਵੀ ਨਿਭਾ ਚੁੱਕੇ ਹਨ। ਇਸ ਤੋਂ ਇਲਾਵਾ, ਉਹ ਪਹਿਲਾਂ ਪੰਜਾਬ ਇਨਫੋਟੈੱਕ ਦੇ ਚੇਅਰਮੈਨ ਵਜੋਂ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ।
ਕੇਂਦਰ ਸਰਕਾਰ ਵੱਲੋਂ ਹਰਜੀਤ ਸਿੰਘ ਗਰੇਵਾਲ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਨਵੇਂ ਚੇਅਰਮੈਨ ਨਿਯੁਕਤ

