#world

ਕੀ ਸੁਧਰ ਜਾਣਗੇ ਭਾਰਤ-ਪਾਕਿ ਸਬੰਧ; ਬੋਲੇ ਨਵਾਜ਼ ਸ਼ਰੀਫ

ਲਾਹੌਰ, 18 ਅਕਤੂਬਰ (ਪੰਜਾਬ ਮੇਲ) -ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ  ਕਿਹਾ ਕਿ ਭਾਰਤ ਅਤੇ ਪਾਕਿਸਤਾਨ ਨੂੰ ਅਤੀਤ ਨੂੰ ਭੁੱਲ ਕੇ ਚੰਗੇ ਗੁਆਂਢੀਆਂ ਵਾਂਗ ਰਹਿਣਾ ਚਾਹੀਦਾ ਹੈ। ਸ਼ਰੀਫ਼ ਦੀਆਂ ਟਿੱਪਣੀਆਂ ਨੂੰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੀ ਇਸ ਹਫ਼ਤੇ ਇਸਲਾਮਾਬਾਦ ਫੇਰੀ ਤੋਂ ਬਾਅਦ ਭਾਰਤ ਨਾਲ ਸੰਬੰਧ ਸੁਧਾਰਨ ਦੀ ਪਹਿਲਕਦਮੀ ਵਜੋਂ ਦੇਖਿਆ ਜਾ ਰਿਹਾ ਹੈ। ਭਾਰਤੀ ਪੱਤਰਕਾਰਾਂ ਦੇ ਇੱਕ ਸਮੂਹ ਨਾਲ ਗੱਲ ਕਰਦਿਆਂ, 3 ਵਾਰ ਦੇ ਪ੍ਰਧਾਨ ਮੰਤਰੀ ਅਤੇ ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ (ਐੱਨ) ਦੇ ਪ੍ਰਧਾਨ ਨੇ ਜੈਸ਼ੰਕਰ ਦੀ ਯਾਤਰਾ ਨੂੰ “ਚੰਗੀ ਸ਼ੁਰੂਆਤ” ਦੱਸਿਆ ਅਤੇ ਉਮੀਦ ਪ੍ਰਗਟਾਈ ਕਿ ਦੋਵੇਂ ਧਿਰਾਂ ਸਕਾਰਾਤਮਕ ਰਵੱਈਏ ਨਾਲ ਅੱਗੇ ਵਧਣਗੀਆਂ।

ਦਸੰਬਰ 2015 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਚਾਨਕ ਲਾਹੌਰ ਫੇਰੀ ਦੀ ਸ਼ਲਾਘਾ ਕਰਦੇ ਹੋਏ ਸ਼ਰੀਫ ਨੇ ਕਿਹਾ ਕਿ ਉਹ ਦੋਹਾਂ ਦੇਸ਼ਾਂ ਦੇ ਸਬੰਧਾਂ ਵਿੱਚ “ਲੰਬੇ ਸਮੇਂ ਤੋਂ ਜਾਰੀ ਠਹਿਰਾਅ” ਤੋਂ ਖੁਸ਼ ਨਹੀਂ ਹਨ ਅਤੇ ਉਮੀਦ ਪ੍ਰਗਟਾਈ ਹੈ ਕਿ ਦੋਵੇਂ ਧਿਰਾਂ ਨੂੰ ਸਕਾਰਾਤਮਕ ਦ੍ਰਿਸ਼ਟੀਕੋਣ ਨਾਲ ਅੱਗੇ ਵਧਣਾ ਚਾਹੀਦਾ ਹੈ। ਨਵਾਜ਼ (74) ਨੇ ਕਿਹਾ, ”ਅਸੀਂ ਆਪਣੇ ਗੁਆਂਢੀਆਂ ਨੂੰ ਨਹੀਂ ਬਦਲ ਸਕਦੇ, ਨਾ ਪਾਕਿਸਤਾਨ ਅਤੇ ਨਾ ਹੀ ਭਾਰਤ। ਸਾਨੂੰ ਚੰਗੇ ਗੁਆਂਢੀਆਂ ਵਜੋਂ ਰਹਿਣਾ ਚਾਹੀਦਾ ਹੈ।” ਇਹ ਪੁੱਛੇ ਜਾਣ ‘ਤੇ ਕਿ ਕੀ ਦੋਵਾਂ ਦੇਸ਼ਾਂ ਦਰਮਿਆਨ ‘ਪੁਲ’ ਬਣਾਉਣ ਦੀ ਲੋੜ ਹੈ, ਤਾਂ ਉਨ੍ਹਾਂ ਕਿਹਾ, “ਮੈਂ ਇਹੀ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ।”

ਉਨ੍ਹਾਂ ਕਿਹਾ, “ਅਸੀਂ 70 ਸਾਲ ਇਸ ਤਰ੍ਹਾਂ (ਲੜਾਈ ਕਰਦੇ ਹੋਏ) ਬਿਤਾਏ ਹਨ ਅਤੇ ਸਾਨੂੰ ਇਸ ਨੂੰ ਅਗਲੇ 70 ਸਾਲਾਂ ਤੱਕ ਜਾਰੀ ਨਹੀਂ ਰਹਿਣ ਦੇਣਾ ਚਾਹੀਦਾ… ਅਸੀਂ (ਪੀ.ਐੱਮ.ਐੱਲ.-ਐੱਨ. ਦੀਆਂ ਸਰਕਾਰਾਂ ਨੇ) ਇਸ ਰਿਸ਼ਤੇ ਨੂੰ ਜਾਰੀ ਰੱਖਣ ਲਈ ਸਖ਼ਤ ਮਿਹਨਤ ਕੀਤੀ ਹੈ। ਦੋਵਾਂ ਧਿਰਾਂ ਨੂੰ ਬੈਠ ਕੇ ਚਰਚਾ ਕਰਨੀ ਚਾਹੀਦੀ ਹੈ ਕਿ ਕਿਵੇਂ ਅੱਗੇ ਵਧਣਾ ਹੈ।” ਐੱਸ.ਸੀ.ਓ. ਸੰਮੇਲਨ ਦੌਰਾਨ ਭਾਰਤ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਵਿਚਾਲੇ ਕੋਈ ਦੁਵੱਲੀ ਮੀਟਿੰਗ ਨਹੀਂ ਹੋਈ। ਹਾਲਾਂਕਿ ਪਾਕਿਸਤਾਨੀ ਅਦਾਰੇ ਦੇ ਕੁਝ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੈਸ਼ੰਕਰ ਦੇ ਦੌਰੇ ਨੇ ਦੋਹਾਂ ਦੇਸ਼ਾਂ ਦੇ ਸਬੰਧਾਂ ‘ਚ ਲੰਬੇ ਸਮੇਂ ਤੋਂ ਜੰਮੀ ਬਰਫ਼ ਨੂੰ ਪਿਘਲਾ ਦਿੱਤਾ ਹੈ।  ਨਵਾਜ਼ ਸ਼ਰੀਫ਼ ਨੇ ਜੈਸ਼ੰਕਰ ਦੀ ਇਸਲਾਮਾਬਾਦ ਫੇਰੀ ਨੂੰ ਚੰਗੀ “ਸ਼ੁਰੂਆਤ” ਦੱਸਿਆ। ਸ਼ਰੀਫ ਨੇ ਕਿਹਾ, ”ਸਾਨੂੰ ਅਤੀਤ ‘ਚ ਨਹੀਂ ਜਾਣਾ ਚਾਹੀਦਾ ਅਤੇ ਭਵਿੱਖ ਵੱਲ ਦੇਖਣਾ ਚਾਹੀਦਾ ਹੈ। ਬਿਹਤਰ ਹੋਵੇਗਾ ਜੇਕਰ ਅਸੀਂ ਅਤੀਤ ਨੂੰ ਦਫ਼ਨ ਕਰ ਦੇਈਏ ਤਾਂ ਕਿ ਅਸੀਂ ਦੋਵਾਂ ਦੇਸ਼ਾਂ ਵਿਚਾਲੇ ਮੌਜੂਦ ਮੌਕਿਆਂ ਦਾ ਲਾਭ ਉਠਾ ਸਕੀਏ।” 2016 ‘ਚ ਪਾਕਿਸਤਾਨ ਸਥਿਤ ਅੱਤਵਾਦੀ ਸਮੂਹਾਂ ਵੱਲੋਂ ਭਾਰਤ ‘ਤੇ ਕੀਤੇ ਗਏ ਕਈ ਹਮਲਿਆਂ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨਾਲ ਕੋਈ ਵੀ ਦੁਵੱਲੀ ਗੱਲਬਾਤ ਨਾ ਕਰਨ ਦਾ ਫੈਸਲਾ ਕੀਤਾ ਅਤੇ ਕਿਹਾ ਕਿ ਗੱਲਬਾਤ ਅਤੇ ਅੱਤਵਾਦ ਇਕੱਠੇ ਨਹੀਂ ਚੱਲ ਸਕਦੇ।