#INDIA

ਕਿਸਾਨ ਅੰਦੋਲਨ: ਟਿਕਰੀ border ਆਵਾਜਾਈ ਲਈ ਬੰਦ

ਨਵੀਂ ਦਿੱਲੀ, 14 ਫਰਵਰੀ (ਪੰਜਾਬ ਮੇਲ)- ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਕਿਸਾਨ ਅੱਜ ਯਾਨੀ ਕਿ 14 ਫਰਵਰੀ ਨੂੰ ਇਕ ਵਾਰ ਫਿਰ ਦਿੱਲੀ ਕੂਚ ਦੀ ਕੋਸ਼ਿਸ਼ ਕਰਨਗੇ। ਸ਼ੰਭੂ ਬਾਰਡਰ ‘ਤੇ ਜਿੱਥੇ ਕਿਸਾਨਾਂ ਦਾ ਵੱਡਾ ਇਕੱਠ ਜੁੱਟ ਗਿਆ ਹੈ, ਉੱਥੇ ਹੀ ਟਿਕਰੀ ਬਾਰਡਰ ਵੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਬਾਰਡਰ ਦੇ ਦੋਹਾਂ ਰਸਤਿਆਂ ‘ਤੇ ਸੀਮੈਂਟ ‘ਤੇ ਵੱਡੇ-ਵੱਡੇ ਬੈਰੀਕੇਡਜ਼ ਲਾਏ ਗਏ ਹਨ ਅਤੇ ਬਾਰਡਰ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਇਕ ਕਿਲੋਮੀਟਰ ਪਹਿਲਾਂ ਹੀ ਰਸਤੇ ਨੂੰ ਪੂਰੇ ਤਰੀਕੇ ਨਾਲ ਸੀਲ ਕਰ ਦਿੱਤਾ ਗਿਆ ਹੈ। ਕਿਸੇ ਵੀ ਵਾਹਨ ਨੂੰ ਟਿਕਰੀ ਬਾਰਡਰ ਵੱਲ ਜਾਣ ਦੀ ਇਜਾਜ਼ਤ ਦਿੱਲੀ ਪੁਲਿਸ ਨਹੀਂ ਦੇ ਰਹੀ ਹੈ।
ਦੱਸ ਦੇਈਏ ਕਿ ਪੁਲਿਸ ਨੇ ਟਿਕਰੀ, ਸਿੰਘੂ ਅਤੇ ਹਰਿਆਣਾ ਨਾਲ ਦਿੱਲੀ ਦੇ ਸਾਰੇ ਬਾਰਡਰ ਸੀਲ ਕਰ ਦਿੱਤੇ ਹਨ, ਤਾਂ ਕਿ ਕਿਸਾਨ ਆਪਣੇ ਟਰੈਕਟਰਾਂ-ਟਰਾਲੀਆਂ ਨਾਲ ਦਿੱਲੀ ਵਿਚ ਐਂਟਰੀ ਨਾ ਕਰ ਸਕਣ। ਦਿੱਲੀ ਪੁਲਿਸ ਵਲੋਂ ਐਂਟਰੀ-ਐਗਜ਼ਿਟ ਪੁਆਇੰਟ ‘ਤੇ ਬੈਰੀਕੇਡਜ਼, ਲੋਹੇ ਦੀਆਂ ਕੀਲਾਂ ਅਤੇ ਸੀਮੈਂਟ ਦੇ ਬੈਰੀਕੇਡਜ਼ ਲਾਏ ਗਏ ਹਨ। ਕਿਸਾਨਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 100 ਦੇ ਕਰੀਬ ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ ਸਨ।
ਅਧਿਕਾਰੀਆਂ ਮੁਤਾਬਕ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਟਿੱਕਰੀ, ਸਿੰਘੂ ਅਤੇ ਗਾਜ਼ੀਪੁਰ ਸਰਹੱਦੀ ਖੇਤਰਾਂ ‘ਚ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ 5,000 ਤੋਂ ਵੱਧ ਜਵਾਨ ਤਾਇਨਾਤ ਕੀਤੇ ਗਏ ਹਨ। ਦਿੱਲੀ ਪੁਲਿਸ ਨੇ ਸੋਮਵਾਰ ਨੂੰ ਪੂਰੇ ਸ਼ਹਿਰ ਵਿਚ ਫੌਜਦਾਰੀ ਜਾਬਤਾ (ਸੀ.ਆਰ.ਪੀ.ਸੀ.) ਦੀ ਧਾਰਾ 144 ਲਾਗੂ ਕਰ ਦਿੱਤੀ ਅਤੇ ਇਸ ਦੀਆਂ ਸਰਹੱਦਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਕਰ ਲਿਆ। ਸਰਹੱਦੀ ਖੇਤਰਾਂ ਦੀ ਨਿਗਰਾਨੀ ਲਈ ਡਰੋਨ ਅਤੇ ਸੀ.ਸੀ.ਟੀ.ਵੀ. ਕੈਮਰੇ ਵਰਗੇ ਨਿਗਰਾਨੀ ਯੰਤਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ।