-20 ਸਾਲਾਂ ਪਿੱਛੋਂ ਰਚਿਆ ਇਤਿਹਾਸ
ਗਲਾਸਗੋ, 28 ਜੁਲਾਈ (ਪੰਜਾਬ ਮੇਲ)- ਗਲਾਸਗੋ ਵਿਚ ਚੱਲ ਰਹੀਆਂ ਕਾਮਨਵੈਲਥ ਗੇਮਜ਼ 2026 ‘ਚ ਭਾਰਤ ਦੀ ਸ਼ਰਮੀਲਾ ਧਨਖੜ ਨੇ ਇਤਿਹਾਸਕ ਪ੍ਰਦਰਸ਼ਨ ਕਰਦਿਆਂ ਪੈਰਾ ਐਥਲੈਟਿਕਸ ‘ਚ ਸੋਨ ਤਗਮਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਇਸ ਜਿੱਤ ਨਾਲ ਭਾਰਤ ਦਾ ਪੈਰਾ ਐਥਲੈਟਿਕਸ ‘ਚ ਪਿਛਲੇ 20 ਸਾਲਾਂ ਤੋਂ ਚੱਲ ਰਿਹਾ ਤਗਮੇ ਦਾ ਇੰਤਜ਼ਾਰ ਵੀ ਖ਼ਤਮ ਹੋ ਗਿਆ ਹੈ।
ਮਹਿਲਾਵਾਂ ਦੇ ਸ਼ਾਟ ਪੁੱਟ ਐੱਫ57 ਮੁਕਾਬਲੇ ਵਿਚ ਸ਼ਰਮੀਲਾ ਨੇ 9.81 ਮੀਟਰ ਦੀ ਦੂਰੀ ਤੱਕ ਗੋਲਾ ਸੁੱਟ ਕੇ ਸੀਜ਼ਨ ਦਾ ਸਰਵੋਤਮ ਪ੍ਰਦਰਸ਼ਨ ਕੀਤਾ ਅਤੇ ਸੋਨ ਤਗਮਾ ਆਪਣੇ ਨਾਂ ਕੀਤਾ। ਸ਼ਰਮੀਲਾ ਦੀ ਇਹ ਜਿੱਤ ਇਸ ਲਈ ਵੀ ਅਹਿਮ ਹੈ, ਕਿਉਂਕਿ ਉਹ 2022 ਦੀਆਂ ਬਰਮਿੰਘਮ ਖੇਡਾਂ ਵਿਚ ਚੌਥੇ ਸਥਾਨ ‘ਤੇ ਰਹੀ ਸੀ। ਦੋ ਸਾਲ ਦੀ ਉਮਰ ਵਿਚ ਪੋਲੀਓ ਦੀ ਮਾਰ ਝੱਲਣ ਵਾਲੀ ਇਸ ਖਿਡਾਰਨ ਨੇ ਆਪਣੀ ਮਿਹਨਤ ਨਾਲ ਵਿਸ਼ਵ ਪੱਧਰ ‘ਤੇ ਸਫ਼ਲਤਾ ਦੇ ਝੰਡੇ ਗੱਡ ਦਿੱਤੇ ਹਨ।
ਇਸੇ ਮੁਕਾਬਲੇ ‘ਚ ਭਾਰਤ ਦੀ ਇੱਕ ਹੋਰ ਖਿਡਾਰਨ ਸ਼ਿਲਪਾ ਸ਼ਾਇਲਾ ਨੇ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦੀ ਖ਼ੁਸ਼ੀ ਨੂੰ ਦੁੱਗਣਾ ਕਰ ਦਿੱਤਾ। ਸ਼ਿਲਪਾ ਨੇ 7.26 ਮੀਟਰ ਦੇ ਆਪਣੇ ਨਿੱਜੀ ਸਰਵੋਤਮ ਪ੍ਰਦਰਸ਼ਨ ਨਾਲ ਇਹ ਪ੍ਰਾਪਤੀ ਹਾਸਲ ਕੀਤੀ। ਹਾਲਾਂਕਿ, ਇਹ ਤਗਮਾ ਕਾਫੀ ਨਾਟਕੀ ਘਟਨਾਕ੍ਰਮ ਤੋਂ ਬਾਅਦ ਮਿਲਿਆ। ਸ਼ੁਰੂ ਵਿਚ ਸ਼ਿਲਪਾ ਚੌਥੇ ਸਥਾਨ ‘ਤੇ ਸੀ, ਪਰ ਭਾਰਤ ਵੱਲੋਂ ਨਾਈਜੀਰੀਆ ਦੀ ਖਿਡਾਰਨ ਦੇ ਥਰੋਅ ਵਿਰੁੱਧ ਕੀਤੀ ਗਈ ਅਪੀਲ ਤੋਂ ਬਾਅਦ ਨਾਈਜੀਰੀਆਈ ਖਿਡਾਰਨ ਦਾ ਥਰੋਅ ਫਾਊਲ ਕਰਾਰ ਦਿੱਤਾ ਗਿਆ ਅਤੇ ਸ਼ਿਲਪਾ ਨੂੰ ਕਾਂਸੀ ਦੇ ਤਗਮੇ ਨਾਲ ਨਿਵਾਜਿਆ ਗਿਆ।
ਕਾਮਨਵੈਲਥ ਗੇਮਜ਼ 2026: ਸ਼ਰਮੀਲਾ ਧਨਖੜ ਨੇ ਸ਼ਾਟ ਪੁੱਟ ‘ਚ ਜਿੱਤਿਆ ਸੋਨੇ ਦਾ ਤਗਮਾ

