#INDIA

ਐਲੋਨ ਮਸਕ ਸਾਲ 2027 ਤੱਕ ਬਣ ਸਕਦੇ ਨੇ ਦੁਨੀਆਂ ਦੇ ਪਹਿਲੇ ਖਰਬਪਤੀ

-ਗੌਤਮ ਅਡਾਨੀ ਸਾਲ 2028 ਤੇ ਮੁਕੇਸ਼ ਅੰਬਾਨੀ 2033 ਤੱਕ ਹਾਸਲ ਕਰ ਸਕਦੇ ਹਨ ਖਰਬਪਤੀਆਂ ਦਾ ਰੁਤਬਾ
ਨਵੀਂ ਦਿੱਲੀ, 9 ਸਤੰਬਰ (ਪੰਜਾਬ ਮੇਲ)- ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ ਟੈਸਲਾ ਅਤੇ ਸਪੇਸ ਐਕਸ ਦੇ ਸੀ.ਈ.ਓ. ਐਲੋਨ ਮਸਕ ਸਾਲ 2027 ਤੱਕ ਦੁਨੀਆਂ ਦੇ ਪਹਿਲ ਖਰਬਪਤੀ ਬਣ ਸਕਦੇ ਹਨ। ਇਹ ਖੁਲਾਸਾ ਇਨਫੌਰਮਾ ਕੁਨੈਕਟ ਅਕਾਦਮੀ ਦੀ ਰਿਪੋਰਟ ਤੋਂ ਹੋਇਆ ਹੈ। ਇਸ ਤੋਂ ਇਲਾਵਾ ਭਾਰਤ ਦੇ ਉੱਘੇ ਕਾਰੋਬਾਰੀ ਗੌਤਮ ਅਡਾਨੀ ਵੀ ਇਹ ਦਰਜਾ ਉਸ ਤੋਂ ਅਗਲੇ ਸਾਲ 2028 ਤੱਕ ਹਾਸਲ ਕਰ ਸਕਦੇ ਹਨ। ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ 2033 ਵਿਚ ਖਰਬਪਤੀ ਬਣ ਸਕਦੇ ਹਨ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ 237 ਅਰਬ ਡਾਲਰ ਦੀ ਕੁੱਲ ਜਾਇਦਾਦ ਨਾਲ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਮਸਕ ਲਈ ਦੁਨੀਆਂ ਦੇ ਪਹਿਲੇ ਖਰਬਪਤੀ ਬਣਨ ਲਈ 110 ਫੀਸਦੀ ਦੀ ਔਸਤ ਸਾਲਾਨਾ ਦਰ ਨਾਲ ਵਿਕਾਸ ਕਰਨ ਦੀ ਲੋੜ ਹੈ। ਅਡਾਨੀ ਕੋਲ ਇਸ ਵੇਲੇ 100 ਅਰਬ ਡਾਲਰ ਤੋਂ ਘੱਟ ਦੀ ਦੌਲਤ ਹੈ ਤੇ ਉਹ ਵਿਸ਼ਵ ਅਰਬਪਤੀ ਸੂਚਕ ਅੰਕ ਵਿਚ 13ਵੇਂ ਸਥਾਨ ‘ਤੇ ਹੈ ਤੇ ਉਹ ਸਾਲ 2028 ਤੱਕ ਦੂਜੇ ਖਰਬਪਤੀ ਬਣ ਸਕਦੇ ਹਨ। ਅੰਬਾਨੀ 111 ਅਰਬ ਡਾਲਰ ਦੀ ਜਾਇਦਾਦ ਨਾਲ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਹਨ ਤੇ ਉਹ 2033 ਵਿਚ ਇਹੀ ਦਰਜਾ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ਹੋਰ ਕੰਪਨੀਆਂ ਵੀ ਖਰਬਪਤੀਆਂ ਦੀ ਸੂਚੀ ਵਿਚ ਆਉਣ ਲਈ ਤਿਆਰ ਹਨ। ਇਨ੍ਹਾਂ ਵਿਚ ਤਾਇਵਾਨ ਦੀ ਸੈਮੀਕੰਡਕਟਰ ਨਿਰਮਾਤਾ ਕੰਪਨੀ ਟੀ.ਐੱਸ.ਐੱਮ.ਸੀ. ਸ਼ਾਮਲ ਹੈ। ਇਸ ਤੋਂ ਬਾਅਦ ਬਰਕਸ਼ਾਇਰ ਹੈਥਵੇਅ, ਫਾਰਮਾ ਕੰਪਨੀ ਐਲੀ ਲਿਲੀ, ਤਕਨਾਲੋਜੀ ਕੰਪਨੀ ਬਰੌਡਕਾਮ ਸ਼ਾਮਲ ਹਨ।