#AMERICA

ਐਰੀਜ਼ੋਨਾ ‘ਚ ਇਮੀਗ੍ਰੈਂਟ ਟਰੱਕ ਡਰਾਈਵਰਾਂ ‘ਤੇ ਬਾਰਡਰ ਪੈਟਰੋਲ ਦੀ ਸਖ਼ਤੀ

-ਪੰਜਾਬੀ ਡਰਾਈਵਰਾਂ ਵਿਚ ਵੀ ਚਿੰਤਾ
ਐਰੀਜ਼ੋਨਾ, 26 ਅਗਸਤ (ਪੰਜਾਬ ਮੇਲ)- ਅਮਰੀਕਾ ਵਿਚ ਇਮੀਗ੍ਰੇਸ਼ਨ ਸਬੰਧੀ ਸਖ਼ਤੀ ਹੁਣ ਕਮਰਸ਼ੀਅਲ ਟਰੱਕ ਡਰਾਈਵਰਾਂ ਉੱਤੇ ਵੀ ਵਧਦੀ ਦਿਖਾਈ ਦੇ ਰਹੀ ਹੈ। 23 ਅਗਸਤ ਨੂੰ ਸਾਹਮਣੇ ਆਈ ਐਰੀਜ਼ੋਨਾ ਰਿਪਬਲਿਕ ਦੀ ਜਾਂਚ ਰਿਪੋਰਟ ਅਨੁਸਾਰ ਯੂ.ਐੱਸ. ਬਾਰਡਰ ਪੈਟਰੋਲ ਐਰੀਜ਼ੋਨਾ ਦੇ ਇੰਟਰਸਟੇਟ-40 ਨੇੜੇ ਕਿੰਗਮੈਨ ਅਤੇ ਇੰਟਰਸਟੇਟ-10 ਨੇੜੇ ਯੁਮਾ ਖੇਤਰ ਵਿਚ ਇਮੀਗ੍ਰੈਂਟ ਕਮਰਸ਼ੀਅਲ ਡਰਾਈਵਰਾਂ ਨੂੰ ਰੋਕ ਕੇ ਉਨ੍ਹਾਂ ਦੇ ਇਮੀਗ੍ਰੇਸ਼ਨ ਸਟੇਟਸ, ਵਰਕ ਪਰਮਿਟ ਅਤੇ ਕਮਰਸ਼ੀਅਲ ਡਰਾਈਵਰਜ਼ ਲਾਇਸੈਂਸ ਦੀ ਜਾਂਚ ਕਰ ਰਹੀ ਹੈ। ਖਾਸ ਕਰਕੇ ”ਗੈਰ-ਨਿਵਾਸੀ ਸੀ.ਡੀ.ਐੱਲ” ਰੱਖਣ ਵਾਲੇ ਡਰਾਈਵਰ ਇਸ ਕਾਰਵਾਈ ਨਾਲ ਵੱਧ ਪ੍ਰਭਾਵਿਤ ਹੋ ਰਹੇ ਹਨ।
ਰਿਪੋਰਟ ਮੁਤਾਬਕ ਟੈਂਪਰੇਰੀ ਇਮੀਗ੍ਰੇਸ਼ਨ ਸਟੇਟਸ ਜਾਂ ਵੱਖ-ਵੱਖ ਕਿਸਮ ਦੇ ਵਰਕ ਆਥੋਰਾਈਜ਼ੇਸ਼ਨ ਦੇ ਆਧਾਰ ‘ਤੇ ਅਮਰੀਕਾ ਵਿਚ ਰਹਿ ਰਹੇ ਕੁਝ ਡਰਾਈਵਰਾਂ ਨੂੰ ਵੀ ਰੋਕਿਆ ਗਿਆ ਹੈ। ਇਨ੍ਹਾਂ ਵਿਚ ਪੈਂਡਿੰਗ ਅਸਾਇਲਮ ਐਪਲੀਕੇਸ਼ਨਾਂ, ਟੈਂਪਰੇਰੀ ਪ੍ਰੋਟੈਕਟਿਡ ਸਟੇਟਸ ਯਾਨੀ ਟੀ.ਪੀ.ਐੱਸ. ਅਤੇ DACA ਨਾਲ ਜੁੜੇ ਕੁਝ ਲੋਕ ਸ਼ਾਮਲ ਹੋ ਸਕਦੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿਰਫ਼ ਵਰਕ ਪਰਮਿਟ ਜਾਂ ਸੀ.ਡੀ.ਐੱਲ ਹੋਣਾ ਆਪਣੇ ਆਪ ਕਿਸੇ ਵਿਅਕਤੀ ਨੂੰ ਕਾਨੂੰਨੀ ਇਮੀਗ੍ਰੇਸ਼ਨ ਸਟੇਟਸ ਨਹੀਂ ਦਿੰਦਾ ਅਤੇ ਹਰ ਵਿਅਕਤੀ ਦਾ ਇਮੀਗ੍ਰੇਸ਼ਨ ਰਿਕਾਰਡ ਵੱਖਰੇ ਤੌਰ ‘ਤੇ ਜਾਂਚਿਆ ਜਾ ਸਕਦਾ ਹੈ।
ਫੈਡਰਲ ਅਧਿਕਾਰੀਆਂ ਨੇ ਇਹ ਵੀ ਕਿਹਾ ਹੈ ਕਿ ਕਮਰਸ਼ੀਅਲ ਡਰਾਈਵਰਾਂ ਲਈ ਸੜਕ ਸੁਰੱਖਿਆ ਦੇ ਨਿਯਮਾਂ ਦੀ ਸਖ਼ਤ ਪਾਲਣਾ ਕਰਵਾਈ ਜਾ ਰਹੀ ਹੈ। ਇਸ ਵਿਚ ਡਰਾਈਵਰ ਦੀ ਅੰਗਰੇਜ਼ੀ ਸਮਝਣ ਦੀ ਸਮਰੱਥਾ, ਸੜਕ ਚਿੰਨ੍ਹ ਪੜ੍ਹ ਸਕਣਾ ਅਤੇ ਜਾਂਚ ਦੌਰਾਨ ਅਧਿਕਾਰੀਆਂ ਨਾਲ ਸਹੀ ਤਰੀਕੇ ਨਾਲ ਸੰਚਾਰ ਕਰਨਾ ਵੀ ਸ਼ਾਮਲ ਹੈ। ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਵੱਲੋਂ ਇਨ੍ਹਾਂ ਨਿਯਮਾਂ ਦੀ ਲਾਗੂਅਤ ਹੋਰ ਸਖ਼ਤ ਕੀਤੇ ਜਾਣ ਤੋਂ ਬਾਅਦ ਗੈਰ-ਨਿਵਾਸੀ ਸੀ.ਡੀ.ਐੱਲ ਵਾਲੇ ਡਰਾਈਵਰਾਂ ਉੱਤੇ ਨਿਗਰਾਨੀ ਵਧੀ ਹੈ।
ਯੁਮਾ ਖੇਤਰ ਵਿਚ ਚਲਾਈ ਗਈ ”ਓਪਰੇਸ਼ਨ ਚੈਕਮੇਟ” ਦੌਰਾਨ ਦਰਜਨਾਂ ਲੋਕਾਂ ਨੂੰ ਹਿਰਾਸਤ ਵਿਚ ਲਏ ਜਾਣ ਦੀ ਜਾਣਕਾਰੀ ਵੀ ਸਾਹਮਣੇ ਆਈ ਸੀ, ਜਿਨ੍ਹਾਂ ਵਿਚ ਕਈ ਕਮਰਸ਼ੀਅਲ ਟਰੱਕ ਡਰਾਈਵਰ ਸ਼ਾਮਲ ਸਨ। ਕੁਝ ਮਾਮਲਿਆਂ ਵਿਚ ਡਰਾਈਵਰਾਂ ਨੂੰ ਹਿਰਾਸਤ ਵਿਚ ਲੈਣ ਤੋਂ ਬਾਅਦ ਉਨ੍ਹਾਂ ਦੇ ਟਰੱਕ ਅਤੇ ਲੋਡ ਸੜਕ ਕਿਨਾਰੇ ਛੱਡਣੇ ਪਏ, ਜਿਸ ਨਾਲ ਟਰੱਕਿੰਗ ਕੰਪਨੀਆਂ ਨੂੰ ਵੀ ਵੱਡੀ ਆਰਥਿਕ ਮੁਸ਼ਕਲ ਪੈ ਸਕਦੀ ਹੈ।
ਇਸ ਜਾਂਚ ਰਿਪੋਰਟ ਵਿਚ ਪੰਜਾਬੀ ਮੂਲ ਦੇ ਇੱਕ ਡਰਾਈਵਰ ਦਾ ਮਾਮਲਾ ਵੀ ਦਰਸਾਇਆ ਗਿਆ ਹੈ, ਜਿਸ ਨੇ ਦਾਅਵਾ ਕੀਤਾ ਕਿ ਉਸ ਕੋਲ ਕੈਲੀਫੋਰਨੀਆ ਦਾ ਵੈਧ ਸੀ.ਡੀ.ਐੱਲ ਅਤੇ ਪੈਂਡਿੰਗ ਅਸਾਇਲਮ ਕੇਸ ਨਾਲ ਜੁੜਿਆ ਵਰਕ ਪਰਮਿਟ ਹੋਣ ਦੇ ਬਾਵਜੂਦ ਉਸ ਨੂੰ ਕਿੰਗਮੈਨ ਨੇੜੇ ਰੋਕ ਕੇ ਹਿਰਾਸਤ ਵਿਚ ਲਿਆ ਗਿਆ। ਉਸਦੇ ਰੈਫ੍ਰਿਜਰੇਟਡ ਟਰੱਕ ਵਿਚ ਹਜ਼ਾਰਾਂ ਪੌਂਡ ਫਰੋਜ਼ਨ ਫੂਡ ਸੀ।
ਸਿੱਖ ਅਤੇ ਇਮੀਗ੍ਰੇਸ਼ਨ ਰਾਈਟਸ ਆਰਗੇਨਾਈਜ਼ੇਸ਼ਨ ਨੇ ਚਿੰਤਾ ਜਤਾਈ ਹੈ ਕਿ ਇਸ ਤਰ੍ਹਾਂ ਦੀ ਇਨਫੋਰਸਮੈਂਟ ਦੌਰਾਨ ਪੰਜਾਬੀ ਅਤੇ ਸਿੱਖ ਟਰੱਕ ਡਰਾਈਵਰਾਂ ਨੂੰ ਪ੍ਰੋਫਾਈਲਿੰਗ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੂਜੇ ਪਾਸੇ ਫੈਡਰਲ ਅਧਿਕਾਰੀ ਇਸ ਕਾਰਵਾਈ ਨੂੰ ਇਮੀਗ੍ਰੇਸ਼ਨ ਕਾਨੂੰਨਾਂ ਅਤੇ ਹਾਈਵੇਅ ਸੇਫਟੀ ਰੂਲਸ ਦੀ ਲਾਗੂਅਤ ਦਾ ਹਿੱਸਾ ਦੱਸ ਰਹੇ ਹਨ। ਇਸ ਕਾਰਵਾਈ ਨਾਲ ਅਮਰੀਕਾ ਭਰ ਦੇ ਇਮੀਗਰਾਂਟ ਟਰੱਕ ਡਰਾਈਵਰਾਂ ਵਿਚ ਚਿੰਤਾ ਵਧੀ ਹੈ ਕਿ ਵੈਧ ਵਰਕ ਪਰਮਿਟ ਅਤੇ ਸੀ.ਡੀ.ਐੱਲ. ਹੋਣ ਦੇ ਬਾਵਜੂਦ ਵੀ ਉਨ੍ਹਾਂ ਦੇ ਇਮੀਗ੍ਰੇਸ਼ ਸਟੇਟਸ ਦੀ ਜਾਂਚ ਹੋ ਸਕਦੀ ਹੈ ਅਤੇ ਕੁਝ ਹਾਲਾਤਾਂ ਵਿਚ ਡਿਟੈਨਸ਼ਨ ਜਾਂ ਹਟਾਉਣ ਦੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।