#PUNJAB #SPORTS

ਏਵਨ ਸਾਈਕਲ ਜਰਖੜ ਖੇਡਾਂ ਅੱਜ ਤੋਂ

-ਉਦਘਾਟਨੀ ਸਮਾਰੋਹ ਹੋਵੇਗਾ ਲਾਜਵਾਬ, 6 ਸਖਸ਼ੀਅਤਾਂ ਦਾ ਹੋਵੇਗਾ ਵਿਸ਼ੇਸ਼ ਸਨਮਾਨ
-11 ਫਰਵਰੀ ਨੂੰ ਹਰਜੀਤ ਹਰਮਨ ਦਾ ਲੱਗੇਗਾ ਖੁੱਲਾ ਅਖਾੜਾ
ਲੁਧਿਆਣਾ, 9 ਫਰਵਰੀ (ਪੰਜਾਬ ਮੇਲ)- ਪੰਜਾਬ ਦੀਆਂ 36ਵੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ ਜੋਂ 10 ਅਤੇ 11 ਫਰਵਰੀ ਨੂੰ  ਹੋ ਰਹੀਆਂ ਹਨ। ਜਰਖੜ ਖੇਡਾਂ ਦੀਆਂ ਤਿਆਰੀਆਂ ਪੁਰੀ ਤਰ੍ਹਾਂ ਮੁਕੰਮਲ ਹੋ ਗਈਆਂ ਹਨ। ਇਨ੍ਹਾਂ ਖੇਡਾਂ ਦਾ ਆਗਾਜ਼ 10 ਫਰਵਰੀ ਨੂੰ ਪ੍ਰਾਇਮਰੀ ਸਕੂਲ ਦੇ ਬੱਚਿਆਂ ਦੇ ਕਬੱਡੀ, ਫੁਟਬਾਲ, ਰੱਸਾਕਸੀ ਅਤੇ ਹਾਕੀ ਮੁਕਾਬਲਿਆਂ ਨਾਲ ਹੋਵੇਗਾ।
ਜਰਖੜ ਖੇਡਾਂ ਸਬੰਧੀ ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਦੇ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ, ਏਵਨ ਸਾਈਕਲ ਦੇ ਜੀ.ਐੱਮ. ਸਮੀਰ ਮਹਿਤਾ, ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਅਤੇ ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਅੱਜ ਸਰਕਟ ਹਾਊਸ ਲੁਧਿਆਣਾ ਵਿਖੇ ਇੱਕ ਪ੍ਰੈੱਸ ਮਿਲਣ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਟੂਰਨਾਮੈਂਟ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੀ ਸਰਪ੍ਰਸਤੀ ਹੇਠ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 10 ਫਰਵਰੀ ਨੂੰ ਖੇਡਾਂ ਦਾ ਉਦਘਾਟਨੀ ਸਮਾਰੋਹ ਬੇਹੱਦ ਲਾਜਵਾਬ  ਹੋਵੇਗਾ, ਜਿਸ ਵਿਚ ਇਲਾਕੇ ਦੇ ਸਕੂਲੀ ਬੱਚਿਆਂ ਦਾ ਮਾਰਚ ਪਾਸਟ ਤੇ ਸੱਭਿਆਚਾਰਕ ਪ੍ਰੋਗਰਾਮ ਮੁੱਖ ਖਿੱਚ ਦਾ ਕੇਂਦਰ ਹੋਣਗੇ।
ਇਸ ਤੋਂ ਇਲਾਵਾ ਸਕੂਲੀ ਬੱਚਿਆਂ ਦੇ ਖੇਡ ਮੁਕਾਬਲੇ ਕਬੱਡੀ, ਰੱਸਾਕਸ਼ੀ, ਸਰਕਾਰੀ ਸਕੂਲਾਂ ਦੇ ਰੱਸਾਕਸੀ ਦੇ ਮੁਕਾਬਲੇ, ਹਾਕੀ ਮੁੰਡੇ ਕੁੜੀਆਂ, ਹਾਕੀ ਅੰਡਰ 15 ਸਾਲ, ਕੁਸ਼ਤੀਆਂ, ਵਾਲੀਬਾਲ ਆਦਿ ਖੇਡਾਂ ਦੇ ਮੁਕਾਬਲੇ ਖਿੱਚ ਦਾ ਕੇਂਦਰ ਹੋਣਗੇ, ਜਦਕਿ 11 ਫਰਵਰੀ ਨੂੰ ਕਬੱਡੀ ਓਪਨ ਨਾਇਬ ਸਿੰਘ ਗਰੇਵਾਲ ਜੋਧਾ ਕਬੱਡੀ ਕੱਪ ਹੋਵੇਗਾ। ਏਵਨ ਸਾਈਕਲ ਕੰਪਨੀ ਅਤੇ ਕੋਕਾ ਕੋਲਾ ਵੱਲੋਂ ਜਰਖੜ ਖੇਡ ਸਟੇਡੀਅਮ ਨੂੰ ਪੂਰੀ ਰੰਗ ਰੋਗਨ ਕਰਕੇ ਸਜਾਇਆ ਗਿਆ। ਉਨ੍ਹਾਂ ਦੱਸਿਆ ਕਿ ਹਾਕੀ ਦੇ ਮੁਕਾਬਲੇ 9 ਫਰਵਰੀ ਨੂੰ ਵੀ ਹੋਣਗੇ, ਜਦਕਿ ਟੂਰਨਾਮੈਂਟ ਦਾ ਉਦਘਾਟਨ 10 ਫਰਵਰੀ ਨੂੰ ਹੋਵੇਗਾ ਅਤੇ ਫਾਈਨਲ ਮੁਕਾਬਲੇ 11 ਫਰਵਰੀ ਨੂੰ ਹੋਣਗੇ। ਇਸ ਮੌਕੇ ਦੁਪਹਿਰੇ 2 ਵਜੇ ਲੋਕ ਗਾਇਕ ਹਰਜੀਤ ਹਰਮਨ, ਉਭਰਦੀ ਗਾਇਕ ਜੋੜੀ ਗੁਰਜਾਨ ਅਤੇ ਰੂਪ ਦਾ ਖੁੱਲ੍ਹਾ ਅਖਾੜਾ ਲੱਗੇਗਾ। ਕਬੱਡੀ ਦੇ ਮੈਚ ਸ਼ਾਮ 5 ਵਜੇ ਤੋਂ ਪਹਿਲਾਂ ਹੀ ਸਮਾਪਤ ਕਰ ਦਿੱਤੇ ਜਾਣਗੇ। ਜੇਤੂ ਖਿਡਾਰੀਆਂ ਨੂੰ ਏਵਨ ਸਾਈਕਲ ਕੰਪਨੀ ਵੱਲੋਂ 60 ਸਾਈਕਲ ਦਿੱਤੇ ਜਾਣਗੇ। ਇਸ ਤੋਂ ਇਲਾਵਾ ਡਾਵਰ ਕੰਪਨੀ ਵੱਲੋਂ ਖਿਡਾਰੀਆਂ ਨੂੰ ਵਿਸ਼ੇਸ਼ ਰਿਫੈਸਮੈਂਟ ਦਿੱਤੀ ਜਾਵੇਗੀ। ਫਾਈਨਲ ਸਮਾਰੋਹ ‘ਤੇ 6 ਸ਼ਖਸੀਅਤਾਂ ਦਾ ਵਿਸ਼ੇਸ਼ ਐਵਾਰਡਾਂ ਨਾਲ ਸਨਮਾਨ ਹੋਵੇਗਾ, ਜਿਨ੍ਹਾਂ ਵਿਚ ਹਾਕੀ ਦੇ ਪਿਤਾਮਾ ਐੱਸ.ਐੱਸ. ਸੈਣੀ ਨੂੰ ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਐਵਾਰਡ, ਪੱਤਰਕਾਰ ਗੁਰਜਤਿੰਦਰ ਸਿੰਘ ਰੰਧਾਵਾ ਨੂੰ ਪੱਤਰਕਾਰੀ ਦਾ ਮਾਣ ਐਵਾਰਡ, ਲੋਕ ਗਾਇਕ ਹਰਜੀਤ ਹਰਮਨ ਨੂੰ ਸੱਭਿਆਚਾਰ ਦਾ ਮਾਣ ਐਵਾਰਡ, ਸ਼੍ਰੀਮਤੀ ਸੁਰਿੰਦਰ ਕੌਰ ਹੈੱਡ ਟੀਚਰ ਨੂੰ ਸਿੱਖਿਆ ਦੇ ਖੇਤਰ ਦਾ ਪੰਜਾਬ ਦੀਆਂ ਧੀਆਂ ਦਾ ਮਾਣ ਐਵਾਰਡ, ਖੇਡ ਪ੍ਰਮੋਟਰ ਗੁਰਜੀਤ ਸਿੰਘ ਪੁਰੇਵਾਲ ਨੂੰ ਅਮਰਜੀਤ ਸਿੰਘ ਗਰੇਵਾਲ ਖੇਡ ਪ੍ਰਮੋਟਰ ਐਵਾਰਡ, ਸਾਬਕਾ ਕਬੱਡੀ ਸਟਾਰ ਮਨਜੀਤ ਸਿੰਘ ਮੋਹਲਾ ਖਡੂਰ ਨੂੰ ਕੋਚ ਦੇਵੀ ਦਿਆਲ ਐਵਾਰਡ ਦੇ ਨਾਲ ਸਨਮਾਨਿਆ ਜਾਵੇਗਾ। ਇਸ ਐਵਾਰਡ ਵਿਚ 50 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਵੀ ਹੋਵੇਗੀ।
ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਕੁਲਦੀਪ ਸਿੰਘ ਚਾਹਲ ਪੁਲਿਸ ਕਮਿਸ਼ਨਰ ਲੁਧਿਆਣਾ ਹੋਣਗੇ, ਜਦਕਿ ਉਦਘਾਟਨੀ ਸਮਾਰੋਹ ਅਤੇ ਫਾਈਨਲ ਸਮਾਰੋਹ ਦੀ ਪ੍ਰਧਾਨਗੀ ਹਲਕਾ ਵਿਧਾਇਕ ਜੀਵਨ ਸਿੰਘ ਸੰਗੋਵਾਲ ਕਰਨਗੇ। ਜਦਕਿ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਮੁੱਖ ਮਹਿਮਾਨ ਵਜੋਂ ਜੇਤੂਆਂ ਨੂੰ ਇਨਾਮਾਂ ਦੀ ਵੰਡ ਕਰਨਗੇ।
ਅੱਜ ਦੀ ਇਸ ਪ੍ਰੈੱਸ ਮਿਲਣੀ ਦੌਰਾਨ ਸੁਮੀਰ ਮਹਿਤਾ ਏਵਨ ਸਾਇਕਲ, ਅਸ਼ੋਕ ਕੁਮਾਰ ਏਵਨ ਸਾਈਕਲ, ਇੰਸਪੈਕਟਰ ਬਲਵੀਰ ਸਿੰਘ ਹੀਰ, ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ, ਐਡਵੋਕੇਟ ਸੁਮਿਤ ਸਿੰਘ, ਦੁਪਿੰਦਰ ਸਿੰਘ ਡਿੰਪੀ, ਪਰਮਜੀਤ ਸਿੰਘ ਨੀਟੂ, ਸ਼ਿੰਗਾਰਾ ਸਿੰਘ ਜਰਖੜ,  ਸਾਹਿਬਜੀਤ ਸਿੰਘ ਜਰਖੜ, ਗੁਰਸਤਿੰਦਰ ਸਿੰਘ ਪਰਗਟ, ਅਜੀਤ ਸਿੰਘ ਲਾਦੀਆ, ਤੇਜਿੰਦਰ ਸਿੰਘ ਜਰਖੜ ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।