#OTHERS

ਈਰਾਨ ਦੀ ਏਅਰ ਸਟ੍ਰਾਈਕ ਮਗਰੋਂ ਪਾਕਿਸਤਾਨ ਵੱਲੋਂ ਸਖ਼ਤ ਚੇਤਾਵਨੀ

– ਈਰਾਨ ਨੂੰ ਗੰਭੀਰ ਨਤੀਜੇ ਭੁਗਤਣ ਦੀ ਦਿੱਤੀ ਧਮਕੀ
ਇਸਲਾਮਾਬਾਦ, 17 ਜਨਵਰੀ (ਪੰਜਾਬ ਮੇਲ)- ਮੰਗਲਵਾਰ ਨੂੰ ਈਰਾਨ ਵੱਲੋਂ ਪਾਕਿਸਤਾਨ ‘ਤੇ ਏਅਰ ਸਟ੍ਰਾਈਕ ਕਰ ਕੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ। ਇਸ ਹਮਲੇ ਵਿਚ ਉਸ ਵੱਲੋਂ ਮਿਜ਼ਾਇਲ ਤੇ ਡ੍ਰੋਨ ਦੀ ਵਰਤੋਂ ਕੀਤੀ ਗਈ ਸੀ। ਮੰਗਲਵਾਰ ਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨ ਨੇ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ। ਪਾਕਿਸਤਾਨ ਨੇ ਅੱਧੀ ਰਾਤ ਨੂੰ ਕਰੀਬ 2 ਵਜੇ ਇਸ ਮਾਮਲੇ ਨੂੰ ਲੈ ਕੇ ਬਿਆਨ ਜਾਰੀ ਕੀਤਾ ਹੈ। ਪਾਕਿਸਤਾਨ ਨੇ ਹਮਲੇ ਦੀ ਪੁਸ਼ਟੀ ਕਰਦਿਆਂ ਈਰਾਨ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ। ਪਾਕਿਸਤਾਨ ਨੇ ਕਿਹਾ ਕਿ ਇਸ ਹਮਲੇ ਵਿਚ 2 ਬੱਚੇ ਮਾਰੇ ਗਏ, ਜਦਕਿ ਤਿੰਨ ਕੁੜੀਆਂ ਵੀ ਜ਼ਖ਼ਮੀ ਹੋਈਆਂ।
ਇਸ ਮਾਮਲੇ ‘ਚ ਪਾਕਿਸਤਾਨ ਵੱਲੋਂ ਪਹਿਲੀ ਪ੍ਰਤੀਕਿਰਿਆ ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਕਰੀਬ 2 ਵਜੇ ਆਈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਸੋਸ਼ਲ ਮੀਡੀਆ ‘ਤੇ ਜਾਰੀ ਬਿਆਨ ‘ਚ ਕਿਹਾ- ਅਸੀਂ ਇਸ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਾਂ। ਇਹ ਪਾਕਿਸਤਾਨ ਦੇ ਹਵਾਈ ਖੇਤਰ ਵਿਚ ਈਰਾਨ ਦੀ ਘੁਸਪੈਠ ਅਤੇ ਹਮਲਾ ਹੈ। ਇਸ ਵਿਚ ਦੋ ਬੱਚਿਆਂ ਦੀ ਮੌਤ ਹੋ ਗਈ ਅਤੇ ਤਿੰਨ ਲੜਕੀਆਂ ਜ਼ਖਮੀ ਹੋ ਗਈਆਂ। ਇਸ ਹਮਲੇ ਦੇ ਗੰਭੀਰ ਨਤੀਜੇ ਨਿਕਲਣਗੇ।
ਬਿਆਨ ‘ਚ ਅੱਗੇ ਕਿਹਾ ਗਿਆ ਹੈ ਕਿ ਈਰਾਨ ਦਾ ਇਹ ਕਦਮ ਜ਼ਿਆਦਾ ਪਰੇਸ਼ਾਨ ਕਰਨ ਵਾਲਾ ਹੈ ਕਿਉਂਕਿ ਦੋਵਾਂ ਦੇਸ਼ਾਂ ਵਿਚਾਲੇ ਸੰਚਾਰ ਦੇ ਕਈ ਚੈਨਲ ਹਨ। ਅਸੀਂ ਤਹਿਰਾਨ ਵਿਚ ਈਰਾਨ ਸਰਕਾਰ ਨਾਲ ਸੰਪਰਕ ਕੀਤਾ ਹੈ ਅਤੇ ਉਨ੍ਹਾਂ ਨੂੰ ਆਪਣੀ ਸਥਿਤੀ ਦੱਸੀ ਹੈ। ਈਰਾਨ ਦੇ ਡਿਪਲੋਮੈਟ ਨੂੰ ਵੀ ਤਲਬ ਕੀਤਾ ਗਿਆ ਹੈ। ਅਸੀਂ ਹਮੇਸ਼ਾ ਕਿਹਾ ਹੈ ਕਿ ਅੱਤਵਾਦ ਪੂਰੀ ਦੁਨੀਆਂ ਲਈ ਖ਼ਤਰਾ ਹੈ ਅਤੇ ਇਸ ਨਾਲ ਮਿਲ ਕੇ ਨਜਿੱਠਣਾ ਹੋਵੇਗਾ। ਪਰ, ਅਜਿਹੀ ਇਕਪਾਸੜ ਕਾਰਵਾਈ ਈਰਾਨ ਅਤੇ ਪਾਕਿਸਤਾਨ ਦੇ ਸਬੰਧਾਂ ਨੂੰ ਵਿਗਾੜ ਦੇਵੇਗੀ।
ਈਰਾਨ ਇਕ ਸ਼ੀਆ ਬਹੁਗਿਣਤੀ ਵਾਲਾ ਦੇਸ਼ ਹੈ, ਜਦੋਂਕਿ ਪਾਕਿਸਤਾਨ ਵਿਚ ਲਗਭਗ 95‚ ਲੋਕ ਸੁੰਨੀ ਹਨ। ਪਾਕਿਸਤਾਨ ਦੇ ਸੁੰਨੀ ਸੰਗਠਨ ਈਰਾਨ ਦਾ ਵਿਰੋਧ ਕਰਦੇ ਰਹੇ ਹਨ। ਇਸ ਤੋਂ ਇਲਾਵਾ ਬਲੋਚਿਸਤਾਨ ਦਾ ਜੈਸ਼-ਅਲ-ਅਦਲ ਅੱਤਵਾਦੀ ਸੰਗਠਨ ਈਰਾਨ ਦੀ ਸਰਹੱਦ ‘ਚ ਦਾਖ਼ਲ ਹੋ ਕੇ ਕਈ ਵਾਰ ਉੱਥੇ ਦੀ ਫ਼ੌਜ ‘ਤੇ ਹਮਲੇ ਕਰ ਰਿਹਾ ਹੈ। ਈਰਾਨ ਦੀ ਫ਼ੌਜ ਨੂੰ ਰੈਵੋਲਿਊਸ਼ਨਰੀ ਗਾਰਡ ਕਿਹਾ ਜਾਂਦਾ ਹੈ। ਈਰਾਨ ਸਰਕਾਰ ਕਈ ਵਾਰ ਪਾਕਿਸਤਾਨ ਨੂੰ ਅੱਤਵਾਦੀ ਸੰਗਠਨਾਂ ਨੂੰ ਕਾਬੂ ਕਰਨ ਲਈ ਚੇਤਾਵਨੀ ਦੇ ਚੁੱਕੀ ਹੈ।
2021 ਦੀ ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਸੀ ਕਿ ਈਰਾਨੀ ਸੈਨਾ ਦੇ ਕਮਾਂਡੋ 2 ਫਰਵਰੀ 2021 ਦੀ ਰਾਤ ਨੂੰ ਪਾਕਿਸਤਾਨ ‘ਚ ਦਾਖਲ ਹੋਏ ਅਤੇ ਸਰਜੀਕਲ ਸਟ੍ਰਾਈਕ ਕੀਤੀ। ਦਰਅਸਲ ਜੈਸ਼-ਅਲ-ਅਦਲ ਨੇ ਈਰਾਨ ਦੇ ਦੋ ਸੈਨਿਕਾਂ ਨੂੰ ਅਗਵਾ ਕਰ ਲਿਆ ਸੀ। ਉਨ੍ਹਾਂ ਨੂੰ ਬਚਾਉਣ ਲਈ ਕਮਾਂਡੋਜ਼ ਨੇ ਆਪਰੇਸ਼ਨ ਚਲਾਇਆ ਸੀ। ਈਰਾਨ ਨੇ ਪਾਕਿਸਤਾਨੀ ਫ਼ੌਜ ਨੂੰ ਇਸ ਕਾਰਵਾਈ ਬਾਰੇ ਕੋਈ ਅਗਾਊਂ ਸੂਚਨਾ ਨਹੀਂ ਦਿੱਤੀ ਸੀ। 3 ਫਰਵਰੀ ਨੂੰ ਈਰਾਨੀ ਸੈਨਿਕਾਂ ਨੇ ਆਪਣੇ ਮਿਸ਼ਨ ਨੂੰ ਸਫਲ ਕਰਾਰ ਦਿੱਤਾ ਅਤੇ ਆਪਣੇ ਸਾਥੀਆਂ ਨੂੰ ਬਚਾਉਣ ਦੀ ਜਾਣਕਾਰੀ ਦਿੱਤੀ ਸੀ।