#AMERICA

ਇਰਾਨ ਵਿਰੁੱਧ ਜੰਗ ‘ਚ ਸਮਰਥਨ ਨਾ ਦੇਣ ਵਾਲੇ ਯੂਰਪੀ ਦੇਸ਼ਾਂ ਤੋਂ ਟਰੰਪ ਹੋਏ ਨਾਰਾਜ਼!

-ਵੱਡੀ ਕਾਰਵਾਈ ਦੀ ਤਿਆਰੀ
ਵਾਸ਼ਿੰਗਟਨ, 4 ਮਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਰਮਨੀ, ਇਟਲੀ ਅਤੇ ਸਪੇਨ ਵਿਚ ਤਾਇਨਾਤ ਆਪਣੇ ਫੌਜੀਆਂ ਨੂੰ ਵਾਪਸ ਬੁਲਾਉਣ ‘ਤੇ ਵਿਚਾਰ ਕਰਨ ਦੀ ਗੱਲ ਕਹਿ ਕੇ ਗਲੋਬਲ ਸਿਆਸਤ ਵਿਚ ਹਲਚਲ ਮਚਾ ਦਿੱਤੀ ਹੈ। ਇਹ ਬਿਆਨ ਅਜਿਹੇ ਸਮੇਂ ਵਿਚ ਆਇਆ ਹੈ, ਜਦੋਂ ਇਰਾਨ ਨਾਲ ਜਾਰੀ ਜੰਗ ਨੂੰ ਲੈ ਕੇ ਯੂਰਪੀ ਦੇਸ਼ਾਂ ਅਤੇ ਅਮਰੀਕਾ ਵਿਚਾਲੇ ਤਣਾਅ ਲਗਾਤਾਰ ਵਧ ਰਿਹਾ ਹੈ। ਹਾਊਸ ਦੇ ਇਕ ਸੀਨੀਅਰ ਅਧਿਕਾਰੀ ਨੇ ਸੰਕੇਤ ਦਿੱਤਾ ਸੀ ਕਿ ਯੂਰਪ ਤੋਂ ਫੌਜੀਆਂ ਦੀ ਵਾਪਸੀ ‘ਤੇ ਚਰਚਾ ਹੋ ਚੁੱਕੀ ਹੈ।
ਦਰਅਸਲ ਯੂਰਪ ਦੇ ਕਈ ਵੱਡੇ ਦੇਸ਼ ਇਰਾਨ ਜੰਗ ਬਾਰੇ ਟਰੰਪ ਪ੍ਰਸ਼ਾਸਨ ਦੇ ਤਰੀਕੇ ਤੋਂ ਨਾਖੁਸ਼ ਹਨ। ਇਸੇ ਕੜੀ ਵਿਚ ਜਰਮਨੀ ਦੇ ਚਾਂਸਲਰ ਫ੍ਰੈਡਰਿਕ ਮਰਜ਼ ਨੇ ਖੁੱਲ੍ਹ ਕੇ ਕਿਹਾ ਕਿ ਇਸ ਜੰਗ ਵਿਚ ਇਰਾਨ ਅਮਰੀਕਾ ਨੂੰ ਅਪਮਾਨਿਤ ਕਰ ਰਿਹਾ ਹੈ ਅਤੇ ਵਾਸ਼ਿੰਗਟਨ ਕੋਲ ਕੋਈ ਠੋਸ ਰਣਨੀਤੀ ਨਹੀਂ ਹੈ। ਮਰਜ਼ ਨੇ ਮਾਰਸਬਰਗ ਵਿਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਜੰਗ ਦਾ ਸਿੱਧਾ ਅਸਰ ਯੂਰਪ ਦੀ ਆਰਥਿਕਤਾ ‘ਤੇ ਪੈ ਰਿਹਾ ਹੈ ਅਤੇ ਇਹ ਬੇਹੱਦ ਮਹਿੰਗਾ ਸਾਬਤ ਹੋ ਰਿਹਾ ਹੈ।
ਮਰਜ਼ ਦੇ ਬਿਆਨ ਤੋਂ ਬਾਅਦ ਟਰੰਪ ਨੇ ਆਪਣੇ ਪਲੇਟਫਾਰਮ ‘ਟਰੁੱਥ ਸੋਸ਼ਲ’ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਲਿਖਿਆ ਕਿ ਮਰਜ਼ ਸੋਚਦੇ ਹਨ ਕਿ ਇਰਾਨ ਕੋਲ ਪ੍ਰਮਾਣੂ ਹਥਿਆਰ ਹੋਣਾ ਠੀਕ ਹੈ। ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮੁੱਦੇ ਦੀ ਸਮਝ ਨਹੀਂ ਹੈ। ਇਸ ਦੇ ਅਗਲੇ ਹੀ ਦਿਨ ਟਰੰਪ ਨੇ ਜਰਮਨੀ ਵਿਚ ਅਮਰੀਕੀ ਫੌਜੀਆਂ ਦੀ ਗਿਣਤੀ ਘਟਾਉਣ ਦੀ ਸੰਭਾਵਨਾ ‘ਤੇ ਅਧਿਐਨ ਅਤੇ ਸਮੀਖਿਆ ਦੀ ਗੱਲ ਕਹੀ। ਜਦੋਂ ਟਰੰਪ ਤੋਂ ਇਟਲੀ ਅਤੇ ਸਪੇਨ ਤੋਂ ਫੌਜੀ ਹਟਾਉਣ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਸਾਫ਼ ਕਿਹਾ ਕਿ ਸ਼ਾਇਦ ਮੈਨੂੰ ਅਜਿਹਾ ਕਿਉਂ ਨਹੀਂ ਕਰਨਾ ਚਾਹੀਦਾ? ਉਨ੍ਹਾਂ ਨੇ ਇਟਲੀ ‘ਤੇ ਸਹਿਯੋਗ ਨਾ ਕਰਨ ਦਾ ਦੋਸ਼ ਲਾਇਆ, ਜਦਕਿ ਸਪੇਨ ਨੂੰ ਭਿਆਨਕ ਦੱਸਦੇ ਹੋਏ ਉਸ ਦੀ ਆਲੋਚਨਾ ਕੀਤੀ।
ਟਰੰਪ ਦੀ ਨਾਰਾਜ਼ਗੀ ਦਾ ਮੁੱਖ ਕਾਰਨ ਯੂਰਪੀ ਦੇਸ਼ਾਂ ਵੱਲੋਂ ਇਰਾਨ ਜੰਗ ਵਿਚ ਪੂਰਾ ਸਮਰਥਨ ਨਾ ਦੇਣਾ ਹੈ। ਉਨ੍ਹਾਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਵੀ ਆਲੋਚਨਾ ਕੀਤੀ, ਕਿਉਂਕਿ ਉਨ੍ਹਾਂ ਨੇ ਸ਼ੁਰੂਆਤੀ ਦੌਰ ਵਿਚ ਹਮਲਿਆਂ ਲਈ ਬ੍ਰਿਟਿਸ਼ ਬੇਸ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ। ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਵੱਲੋਂ ਜੰਗ ਦੀ ਆਲੋਚਨਾ ਕੀਤੇ ਜਾਣ ‘ਤੇ ਵੀ ਟਰੰਪ ਨੇ ਨਾਰਾਜ਼ਗੀ ਪ੍ਰਗਟਾਈ।
ਅਮਰੀਕੀ ਫੌਜੀਆਂ ਦੀ ਤਾਇਨਾਤੀ ਦਾ ਫ਼ੈਸਲਾ ਆਮ ਤੌਰ ‘ਤੇ ਰਾਸ਼ਟਰਪਤੀ ਅਤੇ ਰੱਖਿਆ ਵਿਭਾਗ ਲੈਂਦੇ ਹਨ ਪਰ ਕਾਂਗਰਸ ਫੰਡਿੰਗ ਅਤੇ ਕਾਨੂੰਨ ਰਾਹੀਂ ਵੱਡੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ। 2026 ਦੇ ਰਾਸ਼ਟਰੀ ਰੱਖਿਆ ਅਧਿਕਾਰ ਐਕਟ (ਐੱਨ.ਡੀ.ਏ.ਏ.) ਵਿਚ ਇਹ ਵਿਵਸਥਾ ਹੈ ਕਿ ਯੂਰਪ ਵਿਚ ਫੌਜੀਆਂ ਦੀ ਗਿਣਤੀ 75,000 ਤੋਂ ਹੇਠਾਂ ਨਹੀਂ ਲਿਆਂਦੀ ਜਾ ਸਕਦੀ।
ਯੂਰਪ ਵਿਚ ਮੌਜੂਦ ਅਮਰੀਕੀ ਫੌਜੀ ਟਿਕਾਣੇ ਸਿਰਫ਼ ਖੇਤਰੀ ਸੁਰੱਖਿਆ ਹੀ ਨਹੀਂ, ਸਗੋਂ ਇਰਾਕ, ਅਫ਼ਗਾਨਿਸਤਾਨ ਅਤੇ ਹੁਣ ਇਰਾਨ ਵਰਗੇ ਦੇਸ਼ਾਂ ਵਿਚ ਚੱਲ ਰਹੀਆਂ ਫੌਜੀ ਮੁਹਿੰਮਾਂ ਲਈ ਲਾਜਿਸਟਿਕ ਹੱਬ ਦਾ ਕੰਮ ਕਰਦੇ ਹਨ। ਜਰਮਨੀ ਸਥਿਤ ‘ਲੈਂਡਸਟੂਹਲ ਰੀਜਨਲ ਮੈਡੀਕਲ ਸੈਂਟਰ’ ਅਮਰੀਕਾ ਤੋਂ ਬਾਹਰ ਸਭ ਤੋਂ ਵੱਡਾ ਫੌਜੀ ਹਸਪਤਾਲ ਹੈ, ਜਿੱਥੇ ਜੰਗ ਵਿਚ ਜ਼ਖ਼ਮੀ ਹੋਏ ਫੌਜੀਆਂ ਦਾ ਇਲਾਜ ਕੀਤਾ ਜਾਂਦਾ ਹੈ।
ਯੂਰਪ ਅਤੇ ਅਮਰੀਕਾ ਦੇ ਵਿਚਾਲੇ ਵਧ ਰਿਹਾ ਇਹ ਤਣਾਅ ਸਿਰਫ਼ ਕੂਟਨੀਤਕ ਬਿਆਨਬਾਜ਼ੀ ਤੱਕ ਸੀਮਤ ਨਹੀਂ ਹੈ, ਸਗੋਂ ਹੁਣ ਇਹ ਫੌਜੀ ਪੱਧਰ ‘ਤੇ ਵੀ ਅਸਰ ਪਾ ਸਕਦਾ ਹੈ। ਜੇ ਟਰੰਪ ਪ੍ਰਸ਼ਾਸਨ ਫੌਜੀਆਂ ਦੀ ਵਾਪਸੀ ਦਾ ਫ਼ੈਸਲਾ ਕਰਦਾ ਹੈ, ਤਾਂ ਇਸ ਦਾ ਅਸਰ ਨਾਟੋ ਦੀ ਰਣਨੀਤੀ ਅਤੇ ਵਿਸ਼ਵ ਸ਼ਕਤੀ ਸੰਤੁਲਨ ‘ਤੇ ਵੀ ਪੈ ਸਕਦਾ ਹੈ।
ਦਸੰਬਰ, 2025 ਤੱਕ ਪੈਂਟਾਗਨ ਦੇ ਅੰਕੜਿਆਂ ਅਨੁਸਾਰ ਯੂਰਪ ਵਿਚ ਕਰੀਬ 68,064 ਸਰਗਰਮ ਅਮਰੀਕੀ ਫੌਜੀ ਤਾਇਨਾਤ ਹਨ। ਇਹ ਫੌਜੀ ਪੂਰੇ ਯੂਰਪ ਵਿਚ 31 ਸਥਾਈ ਫੌਜੀ ਟਿਕਾਣਿਆਂ ਅਤੇ 19 ਹੋਰ ਸਾਈਟਾਂ ‘ਤੇ ਤਾਇਨਾਤ ਹਨ। ਇਨ੍ਹਾਂ ਸਾਰੇ ਆਪ੍ਰੇਸ਼ਨਾਂ ਦਾ ਸੰਚਾਲਨ ‘ਯੂ.ਐੱਸ. ਯੂਰਪੀਅਨ ਕਮਾਂਡ’ ਵੱਲੋਂ ਕੀਤਾ ਜਾਂਦਾ ਹੈ, ਜੋ ਨਾਟੋ ਸਹਿਯੋਗੀਆਂ ਨਾਲ ਮਿਲ ਕੇ ਕੰਮ ਕਰਦਾ ਹੈ। ਜਰਮਨੀ ‘ਚ ਯੂਰਪ ਦਾ ਸਭ ਤੋਂ ਵੱਡਾ ਅਮਰੀਕੀ ਬੇਸ ‘ਰਾਮਸਟੀਨ ਏਅਰ ਬੇਸ’ ਸਥਿਤ ਹੈ। ਇੱਥੇ ਕਰੀਬ 36,436 ਫੌਜੀ ਤਾਇਨਾਤ ਹਨ। ਯੂਨਾਈਟਿਡ ਕਿੰਗਡਮ ‘ਚ ਲਗਭਗ 10,156 ਫੌਜੀ ਹਨ, ਜੋ ਮੁੱਖ ਤੌਰ ‘ਤੇ ਇਹ ਏਅਰ ਫੋਰਸ ਦੇ ਹਨ।