#AMERICA

ਇਮੀਗ੍ਰੇਸ਼ਨ ਰੀਕੰਸਿਲੀਏਸ਼ਨ ਪੈਕੇਜ ‘ਚ ਦੇਰੀ ਲਈ ਹਾਊਸ ਰਿਪਬਲਿਕਨਾਂ ਵੱਲੋਂ ਸੈਨੇਟ ‘ਚ ਹੰਗਾਮਾ

ਵਾਸ਼ਿੰਗਟਨ ਡੀ.ਸੀ., 23 ਮਈ (ਪੰਜਾਬ ਮੇਲ)- ਅਮਰੀਕੀ ਕਾਂਗਰਸ ਵਿਚ ਇਮੀਗ੍ਰੇਸ਼ਨ ਅਤੇ ਬਾਰਡਰ ਸੁਰੱਖਿਆ ਲਈ ਲਿਆਂਦੇ ਜਾ ਰਹੇ ਵੱਡੇ ਰੀਕੰਸਿਲੀਏਸ਼ਨ ਪੈਕੇਜ ਨੂੰ ਲੈ ਕੇ ਰਿਪਬਲਿਕਨ ਪਾਰਟੀ ਦੇ ਅੰਦਰ ਹੀ ਤਿੱਖਾ ਟਕਰਾਅ ਸਾਹਮਣੇ ਆ ਗਿਆ ਹੈ। ਹਾਊਸ ਰਿਪਬਲਿਕਨ ਮੈਂਬਰਾਂ ਨੇ ਸੈਨੇਟ ਰਿਪਬਲਿਕਨਾਂ ‘ਤੇ ਗੁੱਸਾ ਜ਼ਾਹਿਰ ਕਰਦਿਆਂ ਦੋਸ਼ ਲਗਾਇਆ ਹੈ ਕਿ ਉਹ ਇਮੀਗ੍ਰੇਸ਼ਨ ਬਿੱਲ ਨੂੰ ਲਟਕਾ ਰਹੇ ਹਨ ਅਤੇ ਟਰੰਪ ਦੇ ਏਜੰਡੇ ਨੂੰ ਅੱਗੇ ਵਧਾਉਣ ਵਿਚ ਦੇਰੀ ਕਰ ਰਹੇ ਹਨ।
ਰਿਪੋਰਟਾਂ ਮੁਤਾਬਕ ਰਿਪਬਲਿਕਨ ਪਾਰਟੀ 72 ਬਿਲੀਅਨ ਡਾਲਰ ਦੇ ਇੱਕ ਵੱਡੇ ਪੈਕੇਜ ‘ਤੇ ਕੰਮ ਕਰ ਰਹੀ ਹੈ, ਜਿਸ ਵਿਚ ICE, ਬਾਰਡਰ ਪੈਟਰੋਲ ਅਤੇ ਹੋਰ ਇਮੀਗ੍ਰੇਸ਼ਨ ਏਜੰਸੀਆਂ ਲਈ ਵੱਡੀ ਫੰਡਿੰਗ ਦਾ ਪ੍ਰਬੰਧ ਕੀਤਾ ਜਾਣਾ ਹੈ। ਇਸ ਪੈਕੇਜ ਨੂੰ ”ਬਜਟ ਰੀਕੰਸਿਲੀਏਸ਼ਨ” ਪ੍ਰਕਿਰਿਆ ਰਾਹੀਂ ਪਾਸ ਕਰਨ ਦੀ ਯੋਜਨਾ ਸੀ, ਤਾਂ ਜੋ ਡੈਮੋਕ੍ਰੈਟਸ ਦੀ 60 ਵੋਟਾਂ ਵਾਲੀ ਰੁਕਾਵਟ ਤੋਂ ਬਚਿਆ ਜਾ ਸਕੇ ਅਤੇ ਸਾਧਾਰਨ ਬਹੁਮਤ ਨਾਲ ਬਿੱਲ ਪਾਸ ਹੋ ਸਕੇ।
ਪਰ ਸੈਨੇਟ ਵਿਚ ਇਹ ਬਿੱਲ ਰੁੱਕ ਗਿਆ ਹੈ। ਕਈ ਰਿਪਬਲਿਕਨ ਸੈਨੇਟਰਾਂ ਨੇ ਬਿੱਲ ਵਿਚ ਸ਼ਾਮਲ ਕੁਝ ਵਿਵਾਦਿਤ ਫੰਡਾਂ ‘ਤੇ ਇਤਰਾਜ਼ ਜਤਾਇਆ। ਖਾਸ ਤੌਰ ‘ਤੇ ”Anti-Weaponization Fund” ਨਾਂ ਦੇ ਲਗਭਗ 1.8 ਬਿਲੀਅਨ ਡਾਲਰ ਫੰਡ ਅਤੇ ਵ੍ਹਾਈਟ ਹਾਊਸ ਬਾਲਰੂਮ ਪ੍ਰਾਜੈਕਟ ਲਈ ਮੰਗੀ ਗਈ ਫੰਡਿੰਗ ਨੇ ਵਿਵਾਦ ਖੜ੍ਹਾ ਕਰ ਦਿੱਤਾ। ਕੁਝ ਸੈਨੇਟਰਾਂ ਨੂੰ ਡਰ ਹੈ ਕਿ ਇਹ ਰਕਮ ਗਲਤ ਢੰਗ ਨਾਲ ਵਰਤੀ ਜਾ ਸਕਦੀ ਹੈ।
ਇਸ ਦੇਰੀ ਕਾਰਨ ਹਾਊਸ ਰਿਪਬਲਿਕਨਾਂ ਵਿਚ ਨਾਰਾਜ਼ਗੀ ਵਧ ਗਈ ਹੈ। ਕਈ ਮੈਂਬਰਾਂ ਨੇ ਖੁੱਲ੍ਹ ਕੇ ਕਿਹਾ ਕਿ ਉਹ ”ਬਹੁਤ ਨਿਰਾਸ਼” ਹਨ ਕਿਉਂਕਿ ਉਹ ਚਾਹੁੰਦੇ ਸਨ ਕਿ ਮੈਮੋਰਿਅਲ ਡੇ ਤੋਂ ਪਹਿਲਾਂ ਹੀ ਇਮੀਗ੍ਰੇਸ਼ਨ ਫੰਡਿੰਗ ਪਾਸ ਹੋ ਜਾਵੇ। ਕੁਝ ਹਾਊਸ ਮੈਂਬਰਾਂ ਦਾ ਕਹਿਣਾ ਹੈ ਕਿ ਸੈਨੇਟ ਨੇ ਬਹੁਤ ”ਸਕਿੰਨੀ ਬਿੱਲ” ਤਿਆਰ ਕੀਤਾ ਹੈ, ਜਿਸ ਵਿਚ ਹੋਰ ਰਿਪਬਲਿਕਨ ਤਰਜੀਹਾਂ ਸ਼ਾਮਲ ਨਹੀਂ ਕੀਤੀਆਂ ਗਈਆਂ।
ਟਰੰਪ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਚਾਹੁੰਦੇ ਹਨ ਕਿ ਇਹ ਬਿੱਲ ਜਲਦੀ ਪਾਸ ਹੋਵੇ, ਤਾਂ ਜੋ ICE ਅਤੇ ਬਾਰਡਰ ਪੈਟਰੋਲ ਨੂੰ ਵਧੇਰੇ ਪੈਸਾ ਦਿੱਤਾ ਜਾ ਸਕੇ ਅਤੇ ਡੈਮੋਕ੍ਰੈਟਸ ਇਮੀਗ੍ਰੇਸ਼ਨ ਨੀਤੀਆਂ ਵਿਚ ਰੁਕਾਵਟ ਨਾ ਪਾ ਸਕਣ। ਜੀ.ਓ.ਪੀ. ਨੇ ਇਹ ਵੀ ਦਲੀਲ ਦਿੱਤੀ ਹੈ ਕਿ ਰੀਕੰਸਿਲੀਏਸ਼ਨ ਰਾਹੀਂ ਪਾਸ ਹੋਇਆ ਬਿੱਲ ਆਉਣ ਵਾਲੇ ਸਾਲਾਂ ਲਈ ਇਮੀਗ੍ਰੇਸ਼ਨ ਐਨਫੋਰਸਮੈਂਟ ਨੂੰ ਮਜ਼ਬੂਤ ਕਰੇਗਾ।
ਹੁਣ ਸੈਨੇਟ ਅਤੇ ਹਾਊਸ ਦੋਵੇਂ ਮੈਮੋਰੀਅਲ ਡੇ ਛੁੱਟੀਆਂ ਲਈ ਵਾਸ਼ਿੰਗਟਨ ਛੱਡ ਚੁੱਕੇ ਹਨ, ਜਿਸ ਨਾਲ ਟਰੰਪ ਦੀ 1 ਜੂਨ ਤੱਕ ਬਿੱਲ ਪਾਸ ਕਰਨ ਦੀ ਡੈੱਡਲਾਈਨ ਵੀ ਖਤਰੇ ਵਿਚ ਪੈ ਗਈ ਹੈ। ਕੁਝ ਰਿਪਬਲਿਕਨ ਸੈਨੇਟਰਾਂ ਨੇ ਮੰਨਿਆ ਹੈ ਕਿ ਇਹ ਟੀਚਾ ਹੁਣ ਪੂਰਾ ਹੋਣਾ ਮੁਸ਼ਕਿਲ ਹੈ।