#AMERICA

ਇਮੀਗ੍ਰੇਸ਼ਨ ਅਦਾਲਤਾਂ ‘ਚ ਕੇਸਾਂ ਦੀ ਸੁਣਵਾਈ ਤੇਜ਼ ਕਰਨ ਲਈ ਨਵੀਆਂ ਹਦਾਇਤਾਂ

ਵਾਸ਼ਿੰਗਟਨ, 25 ਨਵੰਬਰ (ਪੰਜਾਬ ਮੇਲ)- ਅਮਰੀਕਾ ਦੇ ਨਿਆਂ ਵਿਭਾਗ ਨੇ ਇਮੀਗ੍ਰੇਸ਼ਨ ਅਦਾਲਤਾਂ ਵਿਚ ਲੰਮੇ ਸਮੇਂ ਤੋਂ ਚੱਲ ਰਹੇ ਕੇਸਾਂ ਦੀ ਸੁਣਵਾਈ ਤੇਜ਼ ਕਰਨ ਲਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਮੀਗ੍ਰੇਸ਼ਨ ਅਦਾਲਤਾਂ ਦਾ ਕੰਮਕਾਜ ਦੇਖਣ ਵਾਲੇ ਵਿਭਾਗ ਈ.ਓ.ਆਈ.ਆਰ. ਵੱਲੋਂ 23 ਨਵੰਬਰ ਨੂੰ ਜਾਰੀ ਕੀਤੀਆਂ ਹਦਾਇਤਾਂ ਦੀ ਜਾਣਕਾਰੀ ਸਾਹਮਣੇ ਆਈ ਹੈ।
ਨਵੀਂ ਨੀਤੀ ਤਹਿਤ ਇਮੀਗ੍ਰੇਸ਼ਨ ਜੱਜਾਂ ਨੂੰ ਕੁਝ ਮਾਮਲਿਆਂ ਵਿਚ ਮੁੱਢਲੀਆਂ ਸੁਣਵਾਈਆਂ ਦੀ ਗਿਣਤੀ ਘਟਾਉਣ ਲਈ ਕਿਹਾ ਗਿਆ ਹੈ। ਇਹ ਤਬਦੀਲੀ ਖ਼ਾਸ ਤੌਰ ‘ਤੇ ਉਨ੍ਹਾਂ ਪ੍ਰਵਾਸੀਆਂ ਦੇ ਕੇਸਾਂ ਨਾਲ ਸਬੰਧਤ ਹੈ, ਜੋ ਹਿਰਾਸਤ ਵਿਚ ਨਹੀਂ ਹਨ ਅਤੇ ਜਿਨ੍ਹਾਂ ਕੋਲ ਆਪਣਾ ਵਕੀਲ ਹੈ।
ਸਾਲ 2021 ਦੀਆਂ ਹਦਾਇਤਾਂ ਤਹਿਤ ਲਿਖਤੀ ਜਵਾਬ ਦਾਖ਼ਲ ਕਰਨ ਲਈ 30 ਦਿਨ ਅਤੇ ਡਿਪੋਰਟੇਸ਼ਨ ਤੋਂ ਰਾਹਤ ਲਈ ਅਰਜ਼ੀ ਦੇਣ ਵਾਸਤੇ 60 ਦਿਨਾਂ ਦਾ ਸਮਾਂ ਦਿੱਤਾ ਜਾਂਦਾ ਸੀ। ਨਵੀਂ ਪ੍ਰਕਿਰਿਆ ਅਧੀਨ ਕੁਝ ਮਾਮਲਿਆਂ ਵਿਚ ਦਸਤਾਵੇਜ਼ ਅਤੇ ਸਬੂਤ ਪੇਸ਼ ਕਰਨ ਲਈ ਮਿਲਣ ਵਾਲਾ ਸਮਾਂ 10 ਦਿਨਾਂ ਤੱਕ ਘੱਟ ਹੋ ਸਕਦਾ ਹੈ।
ਨਿਆਂ ਵਿਭਾਗ ਦਾ ਕਹਿਣਾ ਹੈ ਕਿ ਇਸ ਤਬਦੀਲੀ ਦਾ ਮਕਸਦ ਅਦਾਲਤਾਂ ਦਾ ਕੰਮਕਾਜ ਸੁਧਾਰਨਾ ਅਤੇ ਇਮੀਗ੍ਰੇਸ਼ਨ ਕੇਸਾਂ ਦੇ ਨਿਪਟਾਰੇ ਵਿਚ ਹੋ ਰਹੀ ਦੇਰੀ ਘਟਾਉਣਾ ਹੈ।
ਦੂਜੇ ਪਾਸੇ ਘੱਟ ਸਮਾਂ ਮਿਲਣ ਕਾਰਨ ਪ੍ਰਵਾਸੀਆਂ ਲਈ ਆਪਣੇ ਦਸਤਾਵੇਜ਼ ਇਕੱਠੇ ਕਰਨ, ਗਵਾਹਾਂ ਨਾਲ ਸੰਪਰਕ ਕਰਨ ਅਤੇ ਵਿਦੇਸ਼ਾਂ ਤੋਂ ਲੋੜੀਂਦੇ ਸਬੂਤ ਮੰਗਵਾਉਣ ਵਿਚ ਮੁਸ਼ਕਲ ਪੈਦਾ ਹੋ ਸਕਦੀ ਹੈ।
ਅਸਾਇਲਮ ਜਾਂ ਡਿਪੋਰਟੇਸ਼ਨ ਨਾਲ ਸਬੰਧਤ ਕੇਸਾਂ ਵਾਲੇ ਲੋਕਾਂ ਲਈ ਹੁਣ ਆਪਣੀ ਅਦਾਲਤੀ ਕਾਰਵਾਈ ਬਾਰੇ ਜਾਣਕਾਰੀ ਰੱਖਣੀ ਹੋਰ ਵੀ ਮਹੱਤਵਪੂਰਨ ਹੋ ਗਈ ਹੈ। ਆਪਣੇ ਵਕੀਲ ਨਾਲ ਲਗਾਤਾਰ ਸੰਪਰਕ ਵਿਚ ਰਹਿਣ ਅਤੇ ਅਦਾਲਤ ਵੱਲੋਂ ਭੇਜੇ ਗਏ ਨੋਟਿਸਾਂ ਨੂੰ ਧਿਆਨ ਨਾਲ ਪੜ੍ਹਨ ਦੀ ਲੋੜ ਹੈ।
ਇਹ ਸਮਝਣਾ ਵੀ ਜ਼ਰੂਰੀ ਹੈ ਕਿ ਹਰ ਇਮੀਗ੍ਰੇਸ਼ਨ ਕੇਸ ਲਈ 10 ਦਿਨਾਂ ਦੀ ਇੱਕੋ ਜਿਹੀ ਸਮਾਂ ਸੀਮਾ ਨਹੀਂ ਹੈ। ਆਪਣੇ ਕੇਸ ਵਿਚ ਜੱਜ ਵੱਲੋਂ ਨਿਰਧਾਰਤ ਸਮਾਂ ਸੀਮਾ ਦੀ ਪਾਲਣਾ ਕਰਨੀ ਜ਼ਰੂਰੀ ਹੈ।