-ਤਿੰਨ ਏਜੰਟਾਂ ਦੀ ਮਾਨਤਾ ਕੀਤੀ ਰੱਦ
ਸਿਡਨੀ, 7 ਅਕਤੂਬਰ (ਪੰਜਾਬ ਮੇਲ)- ਆਸਟ੍ਰੇਲੀਆ ਦੀ ਫੈਡਰਲ ਸਰਕਾਰ ਨੇ ਹੁਣ ਮਾਈਗ੍ਰੇਸ਼ਨ ਪ੍ਰਣਾਲੀ ਵਿਚ ਗ਼ਲਤ ਤਰੀਕਿਆਂ ਨਾਲ ਕੰਮ ਕਰਨ ਵਾਲੇ ਏਜੰਟਾਂ ਅਤੇ ਕੁਝ ਕਾਨੂੰਨੀ ਨੁਮਾਇੰਦਿਆਂ ਵਿਰੁੱਧ ਵੱਡੀ ਕਾਰਵਾਈ ਦੀ ਤਿਆਰੀ ਕੀਤੀ ਹੈ। ਸਰਕਾਰ ਦਾ ਕਹਿਣਾ ਹੈ ਕਿ ਜਿਹੜੇ ਏਜੰਟ ਅਜਿਹੀਆਂ ਵੀਜ਼ਾ ਅਰਜ਼ੀਆਂ ਜਾਂ ਸੁਰੱਖਿਆ ਦਾਅਵਿਆਂ ਨੂੰ ਅੱਗੇ ਵਧਾਉਂਦੇ ਹਨ, ਜਿਨ੍ਹਾਂ ਦੇ ਸਫ਼ਲ ਹੋਣ ਦੀ ਬਹੁਤ ਘੱਟ ਜਾਂ ਕੋਈ ਸੰਭਾਵਨਾ ਨਹੀਂ, ਉਨ੍ਹਾਂ ਨੂੰ ਨਿਯਮਾਂ ਤਹਿਤ ਰੋਕਿਆ ਜਾਵੇਗਾ।
ਸਹਾਇਕ ਨਾਗਰਿਕਤਾ ਮੰਤਰੀ ਜੂਲੀਅਨ ਹਿੱਲ ਨੇ ਕਿਹਾ ਹੈ ਕਿ ਕੁਝ ਏਜੰਟ ਲੋਕਾਂ ਨੂੰ ‘ਝੂਠੀ ਉਮੀਦ’ ਵਿਖਾ ਕੇ ਫ਼ੀਸਾਂ ਵਸੂਲ ਰਹੇ ਹਨ। ਸਰਕਾਰ ਖ਼ਾਸ ਤੌਰ ‘ਤੇ ਝੂਠੇ ਦਸਤਾਵੇਜ਼ਾਂ, ਗੁੰਮਰਾਹਕੁੰਨ ਜਾਣਕਾਰੀ ਅਤੇ ਸਿਸਟਮ ਨੂੰ ਜਾਣਬੁੱਝ ਕੇ ਵਰਤਣ ਵਾਲੀਆਂ ਅਰਜ਼ੀਆਂ ਨੂੰ ਬਣਾ ਕੇ ਪੇਸ਼ ਕਰਨ ਵਾਲੇ ਏਜੰਟਾਂ ਵਿਰੁੱਧ ਕਾਰਵਾਈ ਕਰੇਗੀ।
ਇੱਕ ਹੋਰ ਮਹੱਤਵਪੂਰਨ ਤਬਦੀਲੀ ਇਹ ਹੋਵੇਗੀ ਕਿ ਮਾਈਗ੍ਰੇਸ਼ਨ ਏਜੰਟ ਅਜਿਹੀ ਅਰਜ਼ੀ ਵਿਚ ਸਹਾਇਤਾ ਨਹੀਂ ਕਰ ਸਕਣਗੇ, ਜਿਸ ਬਾਰੇ ਉਹ ਜਾਣਦੇ ਹਨ ਜਾਂ ਵਾਜਬ ਤੌਰ ‘ਤੇ ਉਨ੍ਹਾਂ ਨੂੰ ਜਾਣਨਾ ਚਾਹੀਦਾ ਹੈ ਕਿ ਉਸ ਦਾ ਤੱਥਾਂ ਜਾਂ ਕਾਨੂੰਨ ਵਿਚ ਕੋਈ ਢੁੱਕਵਾਂ ਆਧਾਰ ਨਹੀਂ ਹੈ। ਨਿਯਮ ਤੋੜਨ ਵਾਲੇ ਰਾਹ ਤੋਰਨ ਵਾਲੇ ਏਜੰਟਾਂ ਦੀ ਰਜਿਸਟ੍ਰੇਸ਼ਨ ਰੱਦ ਕਰਨ ਦੀ ਵਿਵਸਥਾ ਵੀ ਹੋਵੇਗੀ।
ਸਰਕਾਰ ਨੇ ਪਹਿਲਾਂ ਹੀ ਅਜਿਹੇ ਤਿੰਨ ਰਜਿਸਟਰਡ ਏਜੰਟਾਂ ਵਿਰੁੱਧ ਕਾਰਵਾਈ ਕੀਤੀ ਹੈ, ਜਿਨ੍ਹਾਂ ਨੇ ਬਿਨਾਂ ਰਜਿਸਟ੍ਰੇਸ਼ਨ ਵਾਲੇ ਲੋਕਾਂ ਨੂੰ ਆਪਣੇ ਰਜਿਸਟ੍ਰੇਸ਼ਨ ਨੰਬਰ ਰਾਹੀਂ ਮਾਈਗ੍ਰੇਸ਼ਨ ਸਹਾਇਤਾ ਦਿੱਤੀ ਸੀ।
ਨਵੇਂ ਕਦਮਾਂ ਦਾ ਮਕਸਦ ਮਾਈਗ੍ਰੇਸ਼ਨ ਪ੍ਰਣਾਲੀ ਦੀ ਪਾਰਦਰਸ਼ਤਾ ਅਤੇ ਅਖੰਡਤਾ ਨੂੰ ਵਧਾਉਣਾ ਦੱਸਿਆ ਗਿਆ ਹੈ। ਸਰਕਾਰ ਨਾਲ ਹੀ ਵਿਦਿਆਰਥੀ ਵੀਜ਼ਾ, ਵੀਜ਼ਾ ਬਦਲਣ ਅਤੇ ਲੰਬੇ ਸਮੇਂ ਤੱਕ ਆਸਟਰੇਲੀਆ ਵਿਚ ਰਹਿਣ ਦੇ ਰਸਤਿਆਂ ‘ਤੇ ਵੀ ਨਵੇਂ ਨਿਯਮ ਲਾਗੂ ਕਰ ਰਹੀ ਹੈ।
ਆਸਟ੍ਰੇਲੀਆ ਸਰਕਾਰ ਵੱਲੋਂ ਫਰਜ਼ੀ ਮਾਈਗ੍ਰੇਸ਼ਨ ਏਜੰਟਾਂ ‘ਤੇ ਖਿਲਾਫ ਵੱਡੀ ਕਾਰਵਾਈ ਦੀ ਤਿਆਰੀ

