#AUSTRALIA

ਆਸਟ੍ਰੇਲੀਆ ਸਰਕਾਰ ਵੱਲੋਂ ਨਵੀਂ ਇਮੀਗ੍ਰੇਸ਼ਨ ਪਾਲਿਸੀ ਦਾ ਐਲਾਨ

ਵਿਦਿਆਰਥੀਆਂ ਦੇ ਪਰਿਵਾਰਾਂ ‘ਤੇ ਰੋਕ ਅਤੇ ਨਿਰਮਾਣ ਕਾਮਿਆਂ ਨੂੰ ਤਰਜੀਹ
ਮੈਲਬਰਨ/ਸਿਡਨੀ, 18 ਸਤੰਬਰ (ਪੰਜਾਬ ਮੇਲ)- ਆਸਟ੍ਰੇਲੀਆ ਦੀ ਸੱਤਾਧਾਰੀ ਲੇਬਰ ਪਾਰਟੀ ਨੇ ਆਪਣੀ ਆਵਾਸ ਨੀਤੀ ਜਾਰੀ ਕੀਤੀ ਹੈ। ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਇਹ ਨਵੀਂ ਨੀਤੀ ਆਈ ਹੈ, ਜੋ ਸੱਜੇ ਪੱਖੀ ਧਿਰ ਤੋਂ ਪ੍ਰਭਾਵਿਤ ਜਾਪਦੀ ਹੈ।
ਗ੍ਰਹਿ ਮਾਮਲਿਆਂ ਬਾਰੇ ਮੰਤਰੀ ਟੋਨੀ ਬਰਕ ਨੇ ਆਵਾਸ ਨੀਤੀ ਦਾ ਐਲਾਨ ਕਰਦਿਆਂ ਕਿਹਾ ਕਿ ਵਿਦਿਆਰਥੀ ਵੀਜ਼ਿਆਂ ‘ਤੇ ਮੁਲਕ ‘ਚ ਆਉਣ ਵਾਲੇ ਨੌਜਵਾਨ ਆਪਣੇ ਨਾਲ ਪਰਿਵਾਰਕ ਮੈਂਬਰ ਨਹੀਂ ਲਿਆ ਸਕਣਗੇ। ਪਹਿਲਾਂ ਵਿਦਿਆਰਥੀ ਵੀਜ਼ੇ ਤਹਿਤ ਮੁੱਖ ਵੀਜ਼ਾ ਧਾਰਕ ਨੂੰ ਜੀਵਨ ਸਾਥੀ ਜਾਂ ਹੋਰ ਪਰਿਵਾਰਕ ਮੈਂਬਰਾਂ ਨੂੰ ਆਸਟ੍ਰੇਲੀਆ ਲਿਆਉਣ ਦੀ ਮਨਾਹੀ ਨਹੀਂ ਸੀ। ਨਵੀਂ ਨੀਤੀ ਤਹਿਤ ਖੋਜ ਡਿਗਰੀ ਵਾਲਿਆਂ ਨੂੰ ਇਸ ‘ਚ ਛੋਟ ਹੋਵੇਗੀ। ਵਿਦਿਆਰਥੀ ਆਸਟਰੇਲੀਆ ਆ ਕੇ ਆਪਣੀ ਮਰਜ਼ੀ ਨਾਲ ਹੋਰ ਕੋਰਸ ਨਹੀਂ ਲੈ ਸਕਣਗੇ। ਇਸ ਤੋਂ ਪਹਿਲਾਂ ਵੱਡੀ ਗਿਣਤੀ ਵਿਦਿਆਰਥੀ ਡਿਗਰੀ ਕੋਰਸ ‘ਚ ਦਾਖ਼ਲਾ ਲੈਣ ਮਗਰੋਂ ਇੱਥੇ ਪਹੁੰਚਣ ‘ਤੇ ਕਿੱਤਾਮੁਖੀ ਸੂਚੀ ਦੀ ਮੰਗ ਮੁਤਾਬਕ ਡਿਪਲੋਮੇ ਆਦਿ ‘ਚ ਦਾਖ਼ਲਾ ਲੈ ਲੈਂਦੇ ਸਨ। ਇਸੇ ਤਰ੍ਹਾਂ ਆਸਟ੍ਰੇਲੀਆ ‘ਚ ਵਿਜ਼ਿਟਰ ਵੀਜ਼ੇ ਤਹਿਤ ਆਉਣ ਵਾਲੇ ਵਿਅਕਤੀ ਆਪਣੇ ਵਿਜ਼ਿਟਰ ਵੀਜ਼ੇ ਦੀ ਮਿਆਦ ਨਹੀਂ ਵਧਾ ਸਕਣਗੇ।
ਟੋਨੀ ਬਰਕ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੁਬਾਰਾ ਬਣਨ ‘ਤੇ ਉਸਾਰੀ, ਸਿਹਤ ਤੇ ਅਧਿਆਪਨ ਖੇਤਰ ਅਤੇ ਖੇਤਬਾੜੀ ਦੇ ਕਿੱਤਿਆਂ ‘ਚ ਹੁਨਰਮੰਦਾਂ ਦੀਆਂ ਅਰਜ਼ੀਆਂ ਨੂੰ ਪਹਿਲ ਦਿੱਤੀ ਜਾਵੇਗੀ। ਵੀਜ਼ੇ ਦੀ ਮਿਆਦ ਪੁੱਗਣ ਮਗਰੋਂ ਵੀ ਆਸਟ੍ਰੇਲੀਆ ਰਹਿਣ ਵਾਲਿਆਂ ‘ਤੇ ਕਾਰਵਾਈ ‘ਚ ਤੇਜ਼ੀ ਲਿਆਉਣ ਸਮੇਤ ਏਜੰਟਾਂ ਦੀਆਂ ਮਾਨਤਾਵਾਂ ਰੱਦ ਕੀਤੀਆਂ ਜਾਣਗੀਆਂ।