ਸਿਡਨੀ (ਆਸਟ੍ਰੇਲੀਆ), 23 ਜੂਨ (ਪੰਜਾਬ ਮੇਲ) – ਆਸਟ੍ਰੇਲੀਆਈ ਪੁਲਿਸ ਨੇ ਇੱਕ ਵੱਡੀ ਕਾਰਵਾਈ ਦੌਰਾਨ ਕਰੀਬ 3 ਟਨ ਕੋਕੀਨ ਬਰਾਮਦ ਕੀਤੀ ਹੈ, ਜਿਸਨੂੰ ਦੇਸ਼ ਦੇ ਇਤਿਹਾਸ ਦੀ ਸਭ ਤੋਂ ਵੱਡੀ ਕੋਕੀਨ ਜ਼ਬਤੀ ਕਰਾਰ ਦਿੱਤਾ ਜਾ ਰਿਹਾ ਹੈ। ਇਹ ਨਸ਼ੀਲਾ ਪਦਾਰਥ ਸਿਡਨੀ ਦੇ ਬਾਹਰੀ ਇਲਾਕੇ ਵਿਚ ਜ਼ਮੀਨ ਹੇਠਾਂ ਬਣਾਏ ਗਏ ਗੁਪਤ ਬੰਕਰਾਂ ਵਿਚ ਪਲਾਸਟਿਕ ਦੇ ਵੱਡੇ ਡੱਬਿਆਂ ਵਿਚ ਲੁਕਾ ਕੇ ਰੱਖਿਆ ਗਿਆ ਸੀ।
ਆਸਟ੍ਰੇਲੀਆਈ ਫੈਡਰਲ ਪੁਲਿਸ ਮੁਤਾਬਕ ਇਹ ਕੋਕੀਨ ਇੱਕ ਸੁੰਗਠਿਤ ਅੰਤਰਰਾਸ਼ਟਰੀ ਅਪਰਾਧਿਕ ਗਿਰੋਹ ਵੱਲੋਂ ਆਸਟ੍ਰੇਲੀਆ ਵਿਚ ਤਸਕਰੀ ਕਰਕੇ ਲਿਆਂਦੀ ਗਈ ਸੀ। ਜਾਂਚ ਅਨੁਸਾਰ ਇੱਕ ਵਿਦੇਸ਼ੀ ਜਹਾਜ਼ ਰਾਹੀਂ ਇਹ ਖੇਪ ਉੱਤਰੀ ਕੁਈਨਜ਼ਲੈਂਡ ਦੇ ਤੱਟ ‘ਤੇ ਉਤਾਰੀ ਗਈ ਅਤੇ ਬਾਅਦ ਵਿਚ ਇਸਨੂੰ ਸਿਡਨੀ ਇਲਾਕੇ ਵਿਚ ਲਿਆਂਦਾ ਗਿਆ, ਜਿੱਥੋਂ ਇਸਦੀ ਦੇਸ਼ ਭਰ ਵਿਚ ਵੰਡ ਕੀਤੀ ਜਾਣੀ ਸੀ।
ਪੁਲਿਸ ਨੇ ਦੱਸਿਆ ਕਿ ਬਰਾਮਦ ਕੀਤੀ ਗਈ ਕੋਕੀਨ ਦੀ ਕਾਲੇ ਬਾਜ਼ਾਰ ਵਿਚ ਕੀਮਤ 800 ਮਿਲੀਅਨ ਆਸਟ੍ਰੇਲੀਆਈ ਡਾਲਰ (ਲਗਭਗ 560 ਮਿਲੀਅਨ ਅਮਰੀਕੀ ਡਾਲਰ) ਤੋਂ ਵੱਧ ਹੋ ਸਕਦੀ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਕਾਰਵਾਈ ਨਾਲ ਸੰਗਠਿਤ ਅਪਰਾਧਿਕ ਗਿਰੋਹਾਂ ਨੂੰ ਵੱਡਾ ਝਟਕਾ ਲੱਗਿਆ ਹੈ ਅਤੇ ਕਰੋੜਾਂ ਡਾਲਰਾਂ ਦੀ ਕਮਾਈ ਰੋਕੀ ਗਈ ਹੈ।
ਇਹ ਡਰੱਗਜ਼ ਸਿਡਨੀ ਦੇ ਉੱਤਰ-ਪੱਛਮੀ ਉਪਨਗਰ ਲੰਡਨਡੈਰੀ ਵਿਚ ਇੱਕ ਜਾਇਦਾਦ ਦੇ ਪਿਛਲੇ ਹਿੱਸੇ ਵਿਚ ਲੁਕਾਈ ਗਈ ਸੀ। ਪੁਲਿਸ ਨੇ ਸ਼ੁੱਕਰਵਾਰ ਨੂੰ ਛਾਪਾ ਮਾਰਿਆ, ਤਾਂ ਉੱਥੇ ਜ਼ਮੀਨ ਹੇਠਾਂ ਬਣੇ ਬੰਕਰ ਮਿਲੇ, ਜਿਨ੍ਹਾਂ ਦੇ ਉੱਪਰ ਨਕਲੀ ਫਰਸ਼ ਲਗਾਏ ਗਏ ਸਨ, ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ।
ਕਾਰਵਾਈ ਦੌਰਾਨ 21 ਅਤੇ 25 ਸਾਲ ਦੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਨੇ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਦੋਵਾਂ ‘ਤੇ ਵਪਾਰਕ ਮਾਤਰਾ ਵਿਚ ਗੈਰਕਾਨੂੰਨੀ ਤੌਰ ‘ਤੇ ਆਯਾਤ ਕੀਤੇ ਨਸ਼ੀਲੇ ਪਦਾਰਥ ਰੱਖਣ ਦੇ ਦੋਸ਼ ਲਗਾਏ ਗਏ ਹਨ। ਇਸ ਜੁਰਮ ਲਈ ਆਸਟ੍ਰੇਲੀਆ ਵਿਚ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ।
ਪੁਲਿਸ ਨੇ ਇਹ ਵੀ ਖੁਲਾਸਾ ਕੀਤਾ ਕਿ ਇਸੇ ਮਾਮਲੇ ਨਾਲ ਜੁੜੇ ਹੋਰ 6 ਵਿਅਕਤੀਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿਚ ਇੱਕ 31 ਸਾਲਾ ਔਰਤ ਵੀ ਸ਼ਾਮਲ ਹੈ, ਜਿਸ ‘ਤੇ ਦੋਸ਼ ਹੈ ਕਿ ਉਹ ਇੱਕ ਸੁਰੱਖਿਅਤ ਠਿਕਾਣੇ ਵਿਚ ਰਹਿੰਦੀ ਸੀ ਅਤੇ ਕੋਕੀਨ ਨੂੰ ਲੁਕਾ ਕੇ ਰੱਖਣ ਵਿਚ ਮਦਦ ਕਰ ਰਹੀ ਸੀ।
ਜਾਂਚ ਏਜੰਸੀਆਂ ਹੁਣ ਇਸ ਗੱਲ ਦਾ ਪਤਾ ਲਗਾ ਰਹੀਆਂ ਹਨ ਕਿ ਇਹ ਕੋਕੀਨ ਅਸਲ ਵਿਚ ਕਿਸ ਦੇਸ਼ ਤੋਂ ਆਈ ਸੀ ਅਤੇ ਇਸ ਦੇ ਪਿੱਛੇ ਕਿਹੜੇ ਅੰਤਰਰਾਸ਼ਟਰੀ ਗਿਰੋਹ ਕੰਮ ਕਰ ਰਹੇ ਸਨ। ਪੁਲਿਸ ਨੇ ਦੱਸਿਆ ਕਿ ”ਐੱਮ.ਵੀ. ਵੈਲਥ” ਨਾਮਕ ਇੱਕ ਸ਼ੱਕੀ ਜਹਾਜ਼ ਨੂੰ ਸੋਲੋਮਨ ਆਈਲੈਂਡ ਵਿਚ ਰੋਕਿਆ ਗਿਆ ਹੈ ਅਤੇ ਉਸਦੀ ਜਾਂਚ ਕੀਤੀ ਜਾ ਰਹੀ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਦੱਖਣੀ ਅਮਰੀਕਾ ਅਤੇ ਦੱਖਣ-ਪੂਰਬੀ ਏਸ਼ੀਆ ਤੋਂ ਆਉਣ ਵਾਲੀਆਂ ਕੋਕੀਨ ਅਤੇ ਮੈਥੇਫੈਟਾਮੀਨ ਦੀਆਂ ਖੇਪਾਂ ਲਈ ਪ੍ਰਸ਼ਾਂਤ ਮਹਾਂਸਾਗਰ ਦੇ ਟਾਪੂ ਦੇਸ਼ ਇੱਕ ਮਹੱਤਵਪੂਰਨ ਟਰਾਂਜ਼ਿਟ ਰੂਟ ਬਣ ਗਏ ਹਨ। ਅਪਰਾਧਿਕ ਗਿਰੋਹ ਸਮੁੰਦਰੀ ਰਸਤਿਆਂ ਦੀ ਵਰਤੋਂ ਕਰਕੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚ ਵੱਡੇ ਪੱਧਰ ‘ਤੇ ਨਸ਼ੀਲੇ ਪਦਾਰਥ ਪਹੁੰਚਾ ਰਹੇ ਹਨ।
ਇਹ ਜ਼ਬਤੀ ਉਸ ਸਮੇਂ ਹੋਈ ਹੈ, ਜਦੋਂ ਆਸਟ੍ਰੇਲੀਆ ਵਿਚ ਕੋਕੀਨ ਦੀ ਵਰਤੋਂ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਵਿਚ ਤੇਜ਼ ਵਾਧਾ ਦਰਜ ਕੀਤਾ ਗਿਆ ਹੈ। ਪੇਨਿੰਗਟਨ ਇੰਸਟੀਚਿਊਟ ਦੀ ਤਾਜ਼ਾ ਰਿਪੋਰਟ ਅਨੁਸਾਰ 2024 ਦੌਰਾਨ ਕੋਕੀਨ ਨਾਲ ਸੰਬੰਧਿਤ ਮੌਤਾਂ ਵਿਚ 28 ਫ਼ੀਸਦੀ ਵਾਧਾ ਹੋਇਆ ਅਤੇ ਇਹ ਗਿਣਤੀ ਰਿਕਾਰਡ 141 ਤੱਕ ਪਹੁੰਚ ਗਈ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਆਸਟ੍ਰੇਲੀਆ ਵਿਚ ਕਈ ਵੱਡੀਆਂ ਡਰੱਗ ਜ਼ਬਤੀਆਂ ਹੋ ਚੁੱਕੀਆਂ ਹਨ। ਸਤੰਬਰ 2025 ਵਿਚ ਸਿਡਨੀ ਬੰਦਰਗਾਹ ‘ਤੇ ਇੱਕ ਸ਼ਿਪਿੰਗ ਕੰਟੇਨਰ ਦੀ ਝੂਠੀ ਕੰਧ ਪਿੱਛੇ ਲੁਕਾਈ ਗਈ 1,000 ਪੌਂਡ ਤੋਂ ਵੱਧ ਕੋਕੀਨ ਬਰਾਮਦ ਕੀਤੀ ਗਈ ਸੀ। ਇਸ ਤੋਂ ਇਲਾਵਾ ਦਸੰਬਰ 2024 ਵਿਚ ਪੁਲਿਸ ਨੇ 2.3 ਟਨ ਕੋਕੀਨ ਜ਼ਬਤ ਕਰਕੇ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਤਾਜ਼ਾ ਕਾਰਵਾਈ ਦਰਸਾਉਂਦੀ ਹੈ ਕਿ ਅੰਤਰਰਾਸ਼ਟਰੀ ਡਰੱਗ ਤਸਕਰ ਨਵੇਂ-ਨਵੇਂ ਤਰੀਕੇ ਅਪਣਾ ਰਹੇ ਹਨ, ਪਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੀ ਉਨ੍ਹਾਂ ਦੇ ਨੈੱਟਵਰਕ ਤੱਕ ਪਹੁੰਚਣ ਲਈ ਦੇਸ਼ਾਂ ਦੀਆਂ ਸਰਹੱਦਾਂ ਤੋਂ ਪਰੇ ਮਿਲ ਕੇ ਕੰਮ ਕਰ ਰਹੀਆਂ ਹਨ। ਇਸ ਮਾਮਲੇ ਵਿਚ ਹੋਰ ਗ੍ਰਿਫ਼ਤਾਰੀਆਂ ਅਤੇ ਅੰਤਰਰਾਸ਼ਟਰੀ ਜਾਂਚ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਆਸਟ੍ਰੇਲੀਆ ‘ਚ ਇਤਿਹਾਸ ਦੀ ਸਭ ਤੋਂ ਵੱਡੀ ਡਰੱਗ ਜ਼ਬਤ; 3 ਟਨ ਕੋਕੀਨ ਬਰਾਮਦ

