#PUNJAB

‘ਆਪ’ ਵਿਧਾਇਕ ਪਠਾਣਮਾਜਰਾ ਮੁੜ ਚਰਚਾ ‘ਚ; ਹੁਣ ਸੋਲਰ ਪ੍ਰਾਜੈਕਟ ਵਿਵਾਦ ‘ਚ ਘਿਰਿਆ

-ਵਿਧਾਇਕ ਤੇ ਸੋਲਰ ਲਗਾਉਣ ਵਾਲੇ ਦੀ ਆਡੀਓ ਰਿਕਾਰਡਿੰਗ ਵਾਇਰਲ
ਦੇਵੀਗੜ੍ਹ, 4 ਸਤੰਬਰ (ਪੰਜਾਬ ਮੇਲ)- ਹਲਕਾ ਸਨੌਰ ਤੋਂ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਮੁੜ ਚਰਚਾ ਹੈ। ਉਸ ਦੇ ਘਰ ਲਗਾਏ ਸੋਲਰ ਸਿਸਟਮ ਕਾਰਨ ਨਵਾਂ ਵਿਵਾਦ ਪੈਦਾ ਹੋਇਆ ਹੈ। ਪਠਾਣਮਾਜਰਾ ਨੇ ਆਪਣੇ ਘਰ ਵੀਹ ਕਿੱਲੋ ਵਾਟ ਦੀ ਸਮਰੱਥਾ ਵਾਲਾ ਸੋਲਰ ਪ੍ਰਾਜੈਕਟ ਕਰੀਬ ਦੋ ਸਾਲ ਪਹਿਲਾਂ ਲਗਵਾਇਆ ਸੀ। ਵਿਧਾਇਕ ਦਾ ਦੋਸ਼ ਹੈ ਕਿ ਉਸ ਦੇ ਘਰ ਲੱਗਾ ਸੋਲਰ ਊਰਜਾ ਪਲਾਂਟ ਸਹੀ ਕੰਮ ਨਹੀਂ ਕਰ ਰਿਹਾ, ਜਿਸ ਕਾਰਨ ਸੋਲਰ ਪ੍ਰਾਜੈਕਟ ਲਗਵਾਉਣ ਵਾਲੇ ਅਤੇ ਵਿਧਾਇਕ ਵਿਚ ਪੈਸਿਆਂ ਦੇ ਲੈਣ-ਦੇਣ ਦਾ ਵਿਵਾਦ ਵੱਧਦਾ ਜਾ ਰਿਹਾ ਹੈ। ਵਿਧਾਇਕ ਅਤੇ ਸੋਲਰ ਲਗਾਉਣ ਵਾਲੇ ਦੀਆਂ ਸੋਲਰ ਪ੍ਰਾਜੈਕਟ ਸਬੰਧੀ ਆਡੀਓ ਸਾਹਮਣੇ ਆਈਆਂ ਹਨ, ਜਿਸ ਵਿਚ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਸੋਲਰ ਪ੍ਰੋਜੈਕਟ ਲਗਵਾਉਣ ਵਾਲੇ ਨੂੰ 14 ਲੱਖ ਰੁਪਏ ਦਿੱਤੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਅਤੇ ਸੋਲਰ ਸਿਸਟਮ ਉਤਾਰਕੇ ਲਿਜਾਣ ਅਤੇ ਪੈਸੇ ਵਾਪਸ ਮੋੜਨ ਦੀ ਗੱਲ ਕੀਤੀ ਜਾ ਰਹੀ ਹੈ, ਜਦੋਂ ਕਿ ਸੋਲਰ ਲਗਾਉਣ ਵਾਲੇ ਵੱਲੋਂ ਪੈਸੇ ਨਾ ਮਿਲਣ ਬਾਰੇ ਕਿਹਾ ਜਾ ਰਿਹਾ ਹੈ।
ਸੋਲਰ ਵਿਵਾਦ ਸਬੰਧੀ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਡੇਢ ਸਾਲ ਪਹਿਲਾਂ ਵੀਹ ਕਿਲੋ ਵਾਟ ਦਾ ਸੋਲਰ ਸਿਸਟਮ ਲਗਵਾਇਆ ਸੀ, ਜੋ ਸਹੀ ਨਹੀਂ ਚੱਲ ਰਿਹਾ। ਉਸ ਨੇ 14 ਲੱਖ ਰੁਪਏ ਦਿੱਤੇ ਹਨ। ਉਸ ਨੇ ਸੋਲਰ ਪ੍ਰਾਜੈਕਟ ਲਗਵਾਉਣ ਵਾਲੇ ਨੂੰ ਸਾਮਾਨ ਉਤਾਰ ਕੇ ਪੈਸੇ ਵਾਪਸ ਦੇਣ ਲਈ ਕਿਹਾ ਹੈ। ਸੋਲਰ ਲੱਗਣ ਦੇ ਬਾਵਜੂਦ ਉਸ ਨੂੰ ਲੱਖ ਰੁਪਏ ਬਿਜਲੀ ਬਿੱਲ ਆ ਰਿਹਾ ਹੈ। ਉਸ ਨੇ ਕਿਸੇ ਨਾਲ ਕੋਈ ਦੁਰਵਿਹਾਰ ਨਹੀਂ ਕੀਤਾ ਨਾ ਕਿਸੇ ਨੂੰ ਕੋਈ ਧਮਕੀ ਦਿੱਤੀ ਹੈ।
ਸੋਲਰ ਪ੍ਰਾਜੈਕਟ ਲਗਾਉਣ ਵਾਲੇ ਸੰਦੀਪ ਗਰਗ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਾਜੈਕਟ ਲਗਾਉਣ ਤੋਂ ਬਾਅਦ ਕੋਈ ਪੈਸਾ ਨਹੀਂ ਦਿੱਤਾ ਗਿਆ। ਉਨ੍ਹਾਂ ਵੱਲੋਂ ਵਿਧਾਇਕ ਦੇ ਘਰ ਲਗਾਇਆ ਸੋਲਰ ਪ੍ਰਾਜੈਕਟ ਸਹੀ ਕੰਮ ਕਰ ਰਿਹਾ ਹੈ। ਜਦੋਂ ਉਹ ਪੈਸੇ ਮੰਗਦੇ ਹਨ ਤਾਂ ਉਨ੍ਹਾਂ ਨਾਲ ਗਲਤ ਵਿਵਹਾਰ ਅਤੇ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਸਮਾਨ ਉਤਾਰਨ ਵੀ ਨਹੀਂ ਦਿੱਤਾ ਜਾ ਰਿਹਾ। ਪੈਸੇ ਨਾ ਦੇਣ ਦੀ ਮਨਸ਼ਾ ਨਾਲ ਪ੍ਰਾਜੈਕਟ ਨੂੰ ਖਰਾਬ ਦੱਸਿਆ ਜਾ ਰਿਹਾ ਹੈ।