ਵਾਸ਼ਿੰਗਟਨ, 21 ਅਪ੍ਰੈਲ (ਪੰਜਾਬ ਮੇਲ)- ਤਕਨਾਲੋਜੀ ਕੰਪਨੀ ਗੂਗਲ ਨੂੰ ਅਮਰੀਕਾ ‘ਚ ਵੱਡਾ ਕਾਨੂੰਨੀ ਝਟਕਾ ਲੱਗਾ ਹੈ। ਅਦਾਲਤ ਨੇ ਮੰਨਿਆ ਹੈ ਕਿ ਗੂਗਲ ਨੇ ਜਾਣਬੁੱਝ ਕੇ ਆਨਲਾਈਨ ਇਸ਼ਤਿਹਾਰ ਬਾਜ਼ਾਰ ਵਿਚ ਏਕਾਧਿਕਾਰ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ। ਫੈਸਲੇ ਵਿਚ ਕਿਹਾ ਗਿਆ ਹੈ ਕਿ ਗੂਗਲ ਨੇ ਇਸ਼ਤਿਹਾਰ ਤਕਨਾਲੋਜੀ ਰਾਹੀਂ ਪ੍ਰਕਾਸ਼ਕਾਂ ਅਤੇ ਇਸ਼ਤਿਹਾਰ ਦੇਣ ਵਾਲਿਆਂ ਨੂੰ ਜੋੜਨ ਵਾਲੇ ਸਾਧਨਾਂ ‘ਤੇ ਦਬਦਬਾ ਬਣਾਇਆ ਹੈ। ਜੱਜ ਲਿਓਨੀ ਬ੍ਰਿੰਕੇਮਾ ਨੇ ਕਿਹਾ ਕਿ ਗੂਗਲ ਨੇ ਮੁਕਾਬਲੇ ਨੂੰ ਖਤਮ ਕਰਨ ਅਤੇ ਓਪਨ-ਵੈੱਬ ਡਿਸਪਲੇ ਇਸ਼ਤਿਹਾਰਬਾਜ਼ੀ ਵਿਚ ਏਕਾਧਿਕਾਰ ਬਣਾਉਣ ਲਈ ਕਈ ਕਦਮ ਚੁੱਕੇ ਹਨ।
ਸਰਕਾਰ ਚਾਹੁੰਦੀ ਹੈ ਕਿ ਗੂਗਲ ਨੂੰ ਆਪਣੇ ਕੁਝ ਇਸ਼ਤਿਹਾਰ ਕਾਰੋਬਾਰ ਨੂੰ ਵੇਚਣ ਲਈ ਮਜਬੂਰ ਕੀਤਾ ਜਾਵੇ। ਗੂਗਲ ਇਸ ਫੈਸਲੇ ਵਿਰੁੱਧ ਅਪੀਲ ਕਰੇਗਾ। ਇਸ ਤੋਂ ਪਹਿਲਾਂ ਵੀ ਗੂਗਲ ਇੱਕ ਕੇਸ ਹਾਰ ਗਿਆ ਸੀ, ਜਿਸ ਵਿਚ ਉਸ ‘ਤੇ ਦੋਸ਼ ਲਗਾਇਆ ਗਿਆ ਸੀ ਕਿ ਉਸਨੇ ਐਪਲ ਨੂੰ ਆਈਫੋਨ ‘ਤੇ ਡਿਫਾਲਟ ਸਰਚ ਇੰਜਣ ਬਣਨ ਲਈ ਅਰਬਾਂ ਡਾਲਰ ਦਾ ਭੁਗਤਾਨ ਕੀਤਾ ਸੀ, ਤਾਂ ਜੋ ਕਿਸੇ ਹੋਰ ਸਰਚ ਇੰਜਣ ਨੂੰ ਮੌਕਾ ਨਾ ਮਿਲੇ। ਇਸੇ ਤਰ੍ਹਾਂ ਦਾ ਮਾਮਲਾ ਮੇਟਾ (ਫੇਸਬੁੱਕ ਦੀ ਮੂਲ ਕੰਪਨੀ) ਵਿਰੁੱਧ ਵੀ ਚੱਲ ਰਿਹਾ ਹੈ। ਮੈਟਾ ‘ਤੇ ਇੰਸਟਾਗ੍ਰਾਮ ਅਤੇ ਵ੍ਹਟਸਐਪ ਵਰਗੇ ਸੰਭਾਵੀ ਵਿਰੋਧੀਆਂ ਨੂੰ ਖਰੀਦ ਕੇ ਮੁਕਾਬਲੇ ਨੂੰ ਖਤਮ ਕਰਨ ਦਾ ਦੋਸ਼ ਹੈ। ਐੱਫ.ਟੀ.ਸੀ. ਨੇ ਮਾਰਕ ਜ਼ੁਕਰਬਰਗ ਦੇ ਫ਼ਲਸਫ਼ੇ ਦਾ ਹਵਾਲਾ ਦਿੱਤਾ, ”ਮੁਕਾਬਲਾ ਕਰਨ ਨਾਲੋਂ ਖਰੀਦਣਾ ਬਿਹਤਰ ਹੈ।”
ਐਪਲ ਅਤੇ ਐਮਾਜ਼ੋਨ ਵਿਰੁੱਧ ਏਕਾਧਿਕਾਰ ਨੂੰ ਲੈ ਕੇ ਵੀ ਮਾਮਲੇ ਚੱਲ ਰਹੇ ਹਨ। ਐਪਲ ‘ਤੇ ਆਈਫੋਨ ਸਿਸਟਮ ‘ਤੇ ਪੂਰਾ ਕੰਟਰੋਲ ਰੱਖਣ ਅਤੇ ਦੂਜਿਆਂ ਨੂੰ ਤਰੱਕੀ ਨਾ ਕਰਨ ਦਾ ਦੋਸ਼ ਹੈ। ਇਸ ਦੇ ਨਾਲ ਹੀ ਐਮਾਜ਼ੋਨ ‘ਤੇ ਆਪਣੇ ਪਲੇਟਫਾਰਮ ‘ਤੇ ਵਿਕਰੇਤਾਵਾਂ ਨਾਲ ਗਲਤ ਵਿਵਹਾਰ ਕਰਨ ਦਾ ਦੋਸ਼ ਹੈ। ਇਹ ਸਾਰੇ ਮਾਮਲੇ ਦਰਸਾਉਂਦੇ ਹਨ ਕਿ ਹੁਣ ਅਮਰੀਕਾ ਵਿਚ ਵੱਡੀਆਂ ਤਕਨੀਕੀ ਕੰਪਨੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ, ਤਾਂ ਜੋ ਮੁਕਾਬਲਾ ਬਣਾਈ ਰੱਖਿਆ ਜਾ ਸਕੇ ਅਤੇ ਖਪਤਕਾਰਾਂ ਕੋਲ ਵਧੇਰੇ ਬਦਲ ਹੋਣ।
ਆਨਲਾਈਨ ਇਸ਼ਤਿਹਾਰ ਏਕਾਧਿਕਾਰ ਕੇਸ ‘ਚ ਹਾਰੀ ਗੂਗਲ ਕੰਪਨੀ
