ਚੰਡੀਗੜ੍ਹ, 7 ਮਈ (ਪੰਜਾਬ ਮੇਲ)- ਭਾਰਤੀ ਹਵਾਈ ਸੈਨਾ ਵੱਲੋਂ ਪਾਕਿਸਤਾਨ ਵਿਚ 9 ਥਾਵਾਂ ‘ਤੇ ਕੀਤੇ ‘ਆਪ੍ਰੇਸ਼ਨ ਸਿੰਦੂਰ’ ਤੋਂ ਬਾਅਦ ਆਈ.ਪੀ.ਐੱਲ. ਵਿਚ ਹਿੱਸਾ ਲੈ ਰਹੇ ਵਿਦੇਸ਼ੀ ਖਿਡਾਰੀਆਂ ਵਿਚ ਤਣਾਅ ਫੈਲ ਗਿਆ ਹੈ। ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਹੁਣ ਤੱਕ ਟੂਰਨਾਮੈਂਟ ਸ਼ਡਿਊਲ ਅਨੁਸਾਰ ਹੋਵੇਗਾ। ਹਾਲਾਂਕਿ, ਇਸ ਬਾਰੇ ਇਕ ਅਧਿਕਾਰਤ ਪੁਸ਼ਟੀ ਦਿਨ ਦੇ ਅੰਤ ਵਿਚ ਹੋਣ ਦੀ ਸੰਭਾਵਨਾ ਹੈ। ਇੱਕ ਉੱਚ ਪੱਧਰੀ ਸੂਤਰ ਨੇ ਕਿਹਾ, ”ਸਾਨੂੰ ਤਿਆਰੀ ਜਾਰੀ ਰੱਖਣ ਲਈ ਕਿਹਾ ਗਿਆ ਹੈ। ਕੋਲਕਾਤਾ ਵਿਚ ਅਤੇ ਭਲਕੇ ਧਰਮਸ਼ਾਲਾ ਦੇ ਐੱਚ.ਪੀ.ਸੀ.ਏ. ਸਟੇਡੀਅਮ ‘ਚ ਇੱਕ ਮੈਚ ਖੇਡਿਆ ਜਾਵੇਗਾ। ਦੋਵਾਂ ਥਾਵਾਂ ‘ਤੇ ਮੈਚਾਂ ਨੂੰ ਮੁਲਤਵੀ ਕਰਨ ਜਾਂ ਰੱਦ ਕਰਨ ਬਾਰੇ ਅਜੇ ਤੱਕ ਕੋਈ ਅਧਿਕਾਰਤ ਸੂਚਨਾ ਨਹੀਂ ਮਿਲੀ ਹੈ।”
ਇਸ ਦੌਰਾਨ ਫ੍ਰੈਂਚਾਇਜ਼ੀ ਇਸ ਸਮੇਂ ਖਿਡਾਰੀਆਂ ‘ਤੇ ਨਜ਼ਰ ਰੱਖ ਰਹੀਆਂ ਹਨ, ਖਾਸ ਕਰਕੇ ਵਿਦੇਸ਼ੀ ਖਿਡਾਰੀਆਂ ‘ਤੇ, ਤਾਂ ਜੋ ਕਿਸੇ ਵੀ ਘਬਰਾਹਟ ਦੀ ਸਥਿਤੀ ਤੋਂ ਬਚਿਆ ਜਾ ਸਕੇ। ਭਾਰਤੀ ਹਵਾਈ ਸੈਨਾ ਵੱਲੋਂ ਪਾਕਿਸਤਾਨ ‘ਤੇ ਕੀਤੇ ਗਏ ਅਣਐਲਾਨੇ ਹਵਾਈ ਹਮਲੇ ਨਾਲ ਵਿਦੇਸ਼ੀ ਖਿਡਾਰੀ ਘਬਰਾ ਗਏ ਹਨ। ਸੂਤਰ ਨੇ ਅੱਗੇ ਕਿਹਾ, ”ਉਹ ਘਬਰਾ ਗਏ ਹਨ.. ਭਾਰਤੀ ਖਿਡਾਰੀ ਵੀ ਘਬਰਾ ਗਏ ਹਨ। ਸਾਰੀਆਂ ਫ੍ਰੈਂਚਾਇਜ਼ੀ ਦੁਪਹਿਰ ਨੂੰ ਬੀ.ਸੀ.ਸੀ.ਆਈ. ਅਤੇ ਆਈ.ਪੀ.ਐੱਲ. ਚੇਅਰਮੈਨ ਨਾਲ ਇੱਕ ਸਮੂਹਿਕ ਮੀਟਿੰਗ ਕਰਨਗੀਆਂ ਅਤੇ ਅੱਗੇ ਦੀ ਯੋਜਨਾ ਬਣਾਉਣਗੀਆਂ।”
ਆਈ.ਪੀ.ਐੱਲ. ਖੇਡ ਰਹੇ ਵਿਦੇਸ਼ੀ ਖਿਡਾਰੀਆਂ ‘ਚ ਤਣਾਅ
