#PUNJAB

ਅੱਤਵਾਦੀ ਐਲਾਨੇ ਗਏ ਕੈਨੇਡਾ ਵਾਸੀ ਲਖਬੀਰ ਸਿੰਘ ਲੰਡਾ ਖ਼ਿਲਾਫ਼ ਦਰਜ ਨੇ 33 ਮਾਮਲੇ

ਚੰਡੀਗੜ੍ਹ, 3 ਜਨਵਰੀ (ਪੰਜਾਬ ਮੇਲ)-ਗ੍ਰਹਿ ਮੰਤਰਾਲੇ ਵੱਲੋਂ ਬੀਤੇ ਦਿਨੀਂ ਅੱਤਵਾਦੀ ਐਲਾਨੇ ਗਏ ਕੈਨੇਡਾ ਵਾਸੀ ਲਖਬੀਰ ਸਿੰਘ ਲੰਡਾ ਖ਼ਿਲਾਫ਼ 33 ਗੰਭੀਰ ਮਾਮਲੇ ਦਰਜ ਹਨ। 34 ਸਾਲਾ ਲੰਡਾ ਨੇ ਬੀ. ਫਾਰਮੇਸੀ ਦੀ ਪੜ੍ਹਾਈ ਕੀਤੀ ਹੋਈ ਹੈ। ਉਸ ਖ਼ਿਲਾਫ਼ ਪਹਿਲਾ ਅਪਰਾਧਿਕ ਮਾਮਲਾ ਗਲੀ ਵਿਚ ਵਿਰੋਧੀ ਧੜੇ ਦੇ ਨੌਜਵਾਨਾਂ ਨਾਲ ਲੜਾਈ ਕਰਨ ਸਬੰਧੀ ਦਰਜ ਹੋਇਆ ਸੀ। ਹੌਲੀ-ਹੌਲੀ ਉਹ ਵੱਡੀ ਗਿਣਤੀ ਗੈਂਗਸਟਰਾਂ ਤੇ ਹੋਰ ਅਪਰਾਧੀਆਂ ਦੇ ਸੰਪਰਕ ਵਿਚ ਆਇਆ। ਲੰਡਾ ਦਾ ਪੰਜਾਬ ਵਿਚ ਅਪਰਾਧਿਕ ਘੇਰਾ ਇੰਨਾ ਵਿਸ਼ਾਲ ਹੋ ਚੁੱਕਾ ਹੈ ਕਿ ਹੁਣ ਤੱਕ ਪੰਜਾਬ ਪੁਲਿਸ ਉਸ ਦੇ ਗਿਰੋਹ ਨਾਲ ਸਬੰਧਤ 71 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਹ ਗਿਰੋਹ ਛੋਟੇ ਹਥਿਆਰਾਂ ਤੋਂ ਲੈ ਕੇ ਰਾਕੇਟ ਲਾਂਚਰ ਤੱਕ ਦੀ ਤਸਕਰੀ ਕਰਦਾ ਹੈ। ਉਹ ਆਪਣੇ ਸਾਥੀ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਨਾਲ ਰਲ ਕੇ ਨਸ਼ਾ ਤਸਕਰੀ ਦਾ ਕਾਰੋਬਾਰ ਚਲਾ ਰਿਹਾ ਹੈ। ਪਿਛਲੇ ਸਮੇਂ ਦੌਰਾਨ ਲੰਡਾ ਵੱਲੋਂ ਕੀਤੇ ਗਏ ਹਮਲਿਆਂ ਵਿਚ 9 ਮਈ 2022 ਨੂੰ ਮੋਹਾਲੀ ਸਥਿਤ ਪੰਜਾਬ ਪੁਲਿਸ ਇੰਟੈਲੀਜੈਂਸ ਦੇ ਹੈੱਡਕੁਆਰਟਰ ‘ਤੇ ਆਰ.ਪੀ.ਜੀ. ਹਮਲਾ, 16 ਅਗਸਤ 2022 ਨੂੰ ਅੰਮ੍ਰਿਤਸਰ ਵਿਚ ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਗੱਡੀ ਥੱਲੇ ਆਈ.ਈ.ਡੀ. ਲਾਉਣਾ, 11 ਅਕਤੂਬਰ 2022 ਨੂੰ ਤਰਨ ਤਾਰਨ ਵਿਚ ਇਕ ਕੱਪੜਾ ਵਪਾਰੀ ਦੀ ਹੱਤਿਆ, 10 ਦਸੰਬਰ 2022 ਨੂੰ ਤਰਨ ਤਾਰਨ ਸਥਿਤ ਸਰਹਾਲੀ ਕਲਾਂ ਥਾਣੇ ‘ਤੇ ਆਰ.ਪੀ.ਜੀ. ਹਮਲਾ ਵੀ ਸ਼ਾਮਲ ਹਨ। ਇਸ ਤੋਂ ਇਲਾਵਾ 4 ਅਗਸਤ 2022 ਨੂੰ ਕੁਰੂਕਸ਼ੇਤਰ ਦੇ ਸ਼ਾਹਬਾਦ ਵਿਚ ਆਈ.ਈ.ਡੀ. ਸਣੇ ਉਸ ਦੇ ਦੋ ਸਾਥੀ ਫੜੇ ਗਏ ਸਨ ਤੇ ਪੰਜਾਬ ਪੁਲਿਸ ਨੇ ਲੰਡਾ ਤੇ ਸਤਬੀਰ ਧੜੇ ਦੇ 15 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਨ.ਆਈ.ਏ. ਦੀ ਵਿਸ਼ੇਸ਼ ਅਦਾਲਤ ਨੇ ਅਗਸਤ 2023 ਵਿਚ ਲੰਡਾ ਦੀ ਜਾਇਦਾਦ ਜ਼ਬਤ ਕਰਨ ਅਤੇ ਸਤੰਬਰ ਮਹੀਨੇ ਵਿਚ ਲੰਡਾ ‘ਤੇ ਦਸ ਲੱਖ ਰੁਪਏ ਅਤੇ ਉਸ ਦੇ ਸਾਥੀਆਂ ‘ਤੇ ਪੰਜ ਲੱਖ ਰੁਪਏ ਦਾ ਇਨਾਮ ਦਾ ਐਲਾਨ ਕੀਤਾ ਸੀ।