#PUNJAB

ਅੰਮ੍ਰਿਤਸਰ ਦਾ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ 3 ਦਿਨਾਂ ਲਈ ਮੁਕੰਮਲ ਬੰਦ

ਰਾਜਾਸਾਂਸੀ, 9 ਮਈ (ਪੰਜਾਬ ਮੇਲ)- ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਹਵਾਈ ਅੱਡੇ ਦੀ ਸੁਰੱਖਿਆ ਫੋਰਸ ਸੀ.ਆਈ.ਐੱਸ.ਐੱਫ ਤੇ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ। ਹਵਾਈ ਅੱਡੇ ਅੰਦਰ ਪ੍ਰਵੇਸ਼ ਕਰਨ ਕਰਨ ਲਈ ਕਿਸੇ ਵੀ ਯਾਤਰੀਆਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ। ਪਹਿਲਾਂ ਹਵਾਈ ਅੱਡੇ ਨੂੰ ਰਾਤ 10 ਵਜੇ ਤੱਕ ਬੰਦ ਕਰਨ ਦੇ ਹੁਕਮ ਸਨ ਪਰ ਬਾਅਦ ‘ਚ ਨਾਲ ਹੀ ਤਿੰਨ ਦਿਨਾਂ ਲਈ 10 ਮਈ ਤੱਕ ਸ਼ਾਮ 5.30 ਤੱਕ ਪੱਕੇ ਤੌਰ ‘ਤੇ ਮੁਕੰਮਲ ਬੰਦ ਕਰ ਦਿੱਤਾ ਗਿਆ।
ਵੀਰਵਾਰ ਤੜਕੇ ਦੋਹਾ ਤੋਂ 2.10 ਵਜੇ ਅਤੇ ਕਤਰ ਏਅਰਵੇਜ਼ ਦੀ ਉਡਾਣ ਇਥੇ ਪੁੱਜਣ ਹੀ ਵਾਲੀ ਸੀ, ਤਾਂ ਉਸ ਉਡਾਣ ਨੂੰ ਇਥੋਂ ਮੋੜ ਕੇ ਓਮਾਨ ਦੇ ਮਸਕਟ ਦੇ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ ਪਰ ਇਹ ਉਡਾਣ ਕਰੀਬ ਤੜਕੇ 3.30 ਵਜੇ ਇਥੋਂ ਮੁੜ ਦੋਹਾ ਨੂੰ ਰਵਾਨਾ ਹੋਣੀ ਸੀ। ਪਤਾ ਲੱਗਾ ਹੈ ਕਿ ਇਸ ‘ਚ ਸਫ਼ਰ ਕਰਕੇ ਇਥੋਂ ਰਵਾਨਾ ਹੋਣ ਵਾਲੇ ਸਾਰੇ ਯਾਤਰੀ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚ ਗਏ ਸਨ ਤੇ ਇਨ੍ਹਾਂ ਯਾਤਰੀਆਂ ਦੇ ਇਮੀਗ੍ਰੇਸ਼ਨ ਹੋਣ ਤੋਂ ਬਾਅਦ ਬੋਰਡਿੰਗ ਪਾਸ ਵੀ ਦਿੱਤੇ ਜਾ ਰਹੇ ਸਨ, ਤਾਂ ਅਚਾਨਕ ਹਵਾਈ ਕੰਪਨੀ ਦੇ ਸਟਾਫ ਨੂੰ ਹਵਾਈ ਅੱਡੇ ਨੂੰ ਬੰਦ ਕਰਨ ਦੇ ਹੁਕਮ ਦਾ ਪਤਾ ਲੱਗਣ ਤੋਂ ਕੰਮ ਨੂੰ ਰੋਕ ਦਿੱਤਾ ਗਿਆ ਤੇ ਬਾਅਦ ਵਿਚ ਇਸ ਉਡਾਣ ਰਾਹੀਂ ਸਫ਼ਰ ਕਰਕੇ ਦੋਹਾ ਕਤਰ ਪੁੱਜਣ ਵਾਲੇ ਯਾਤਰੀਆਂ ਨੂੰ ਵਾਪਸ ਘਰਾਂ ਨੂੰ ਮੋੜ ਦਿੱਤਾ ਗਿਆ, ਜਿਸ ‘ਤੇ ਯਾਤਰੀ ਖੱਜਲ-ਖੁਆਰ ਹੋਣ ਦਾ ਨਾਲ-ਨਾਲ ਡਾਢੇ ਪ੍ਰੇਸ਼ਾਨ ਵੀ ਨਜ਼ਰ ਆਏ। ਇਸ ਤੋਂ ਇਲਾਵਾ ਲੰਡਨ ਤੇ ਬਰਮਿੰਘਮ ਤੋਂ ਇਥੇ ਸਵੇਰੇ ਪੁੱਜਣ ਵਾਲੀਆਂ ਏਅਰ ਇੰਡੀਆ ਦੀਆਂ ਉਡਾਣਾਂ ਨੂੰ ਦਿੱਲੀ ਵੱਲ ਮੋੜ ਦਿੱਤਾ ਗਿਆ ਅਤੇ ਇਸ ਤੋਂ ਇਲਾਵਾ ਹੋਰ ਅੰਤਰਰਾਸ਼ਟਰੀ ਤੇ ਘਰੇਲੂ 22 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਇਨ੍ਹਾਂ ਉਡਾਣਾਂ ਦੇ ਰੱਦ ਹੋਣ ਦੀ ਸੂਚਨਾ ਯਾਤਰੀਆਂ ਨੂੰ ਕਰੀਬ 3 ਵਜੇ ਤੜਕੇ ਈ-ਮੇਲ ਰਾਹੀਂ ਸੁਨੇਹੇ ਭੇਜ ਕੇ ਜਾਣਕਾਰੀ ਦੇ ਦਿੱਤੀ ਗਈ।