ਅੰਮ੍ਰਿਤਸਰ, 2 ਮਈ (ਪੰਜਾਬ ਮੇਲ)- ਪੰਜਾਬ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਕਤਰ ਏਅਰਵੇਜ਼ ਨੇ ਅਪ੍ਰੈਲ ਦੇ ਆਖਰੀ ਹਫ਼ਤੇ ਤੋਂ ਆਪਣੀਆਂ ਰੋਜ਼ਾਨਾ ਉਡਾਣਾਂ ਦਾ ਸੰਚਾਲਨ ਮੁੜ ਸ਼ੁਰੂ ਕਰ ਦਿੱਤਾ ਹੈ। ਇਰਾਨ-ਇਜ਼ਰਾਈਲ ਟਕਰਾਅ ਕਾਰਨ ਕਤਰ ਦਾ ਹਵਾਈ ਖੇਤਰ ਬੰਦ ਹੋਣ ਕਾਰਨ ਮਾਰਚ ਦੇ ਪਹਿਲੇ ਹਫ਼ਤੇ ਤੋਂ ਇਹ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਸਨ, ਜਿਸ ਤੋਂ ਬਾਅਦ ਏਅਰਲਾਈਨ ਹਫ਼ਤੇ ਵਿਚ ਸਿਰਫ਼ ਦੋ ਉਡਾਣਾਂ ਹੀ ਚਲਾ ਰਹੀ ਸੀ।
ਜਾਣਕਾਰੀ ਅਨੁਸਾਰ, ਦੋਹਾ ਤੋਂ ਆਉਣ ਵਾਲੀ ਫਲਾਈਟ ਰਾਤ 2:30 ਵਜੇ ਅੰਮ੍ਰਿਤਸਰ ਪਹੁੰਚਦੀ ਹੈ, ਜਦੋਂਕਿ ਇੱਥੋਂ ਵਾਪਸੀ ਦੀ ਉਡਾਣ ਦੁਪਹਿਰ 3:30 ਵਜੇ ਰਵਾਨਾ ਹੁੰਦੀ ਹੈ। ਇਹ ਸੇਵਾ ਦੋਹਾ ਰਾਹੀਂ ਅਮਰੀਕਾ, ਕੈਨੇਡਾ ਅਤੇ ਯੂਰਪ ਜਾਣ ਵਾਲੇ ਪੰਜਾਬੀ ਮੁਸਾਫਰਾਂ ਲਈ ਬੇਹੱਦ ਅਹਿਮ ਮੰਨੀ ਜਾਂਦੀ ਹੈ।
ਇੱਕ ਹੋਰ ਹਾਂ-ਪੱਖੀ ਕਦਮ ਤਹਿਤ ਏਅਰ ਇੰਡੀਆ ਐਕਸਪ੍ਰੈੱਸ ਨੇ ਵੀ ਸ਼ਾਰਜਾਹ ਲਈ ਆਪਣੀਆਂ ਰੋਜ਼ਾਨਾ ਉਡਾਣਾਂ ਬਹਾਲ ਕਰ ਦਿੱਤੀਆਂ ਹਨ। ਯੁੱਧ ਕਾਰਨ ਗਲਫ ਦੇਸ਼ਾਂ ਨੂੰ ਜਾਣ ਵਾਲੀਆਂ ਕਈ ਉਡਾਣਾਂ ਪ੍ਰਭਾਵਿਤ ਹੋਈਆਂ ਸਨ। ਹਾਲਾਂਕਿ, ਇੰਡੀਗੋ ਨੇ ਅਜੇ ਤੱਕ ਅੰਮ੍ਰਿਤਸਰ ਤੋਂ ਆਪਣੀ ਸ਼ਾਰਜਾਹ ਸੇਵਾ ਸ਼ੁਰੂ ਨਹੀਂ ਕੀਤੀ ਹੈ, ਜਿਸ ਕਾਰਨ ਦੁਬਈ ਰੂਟ ‘ਤੇ ਕੁਝ ਦਿੱਕਤਾਂ ਬਰਕਰਾਰ ਹਨ।
ਮੁਸਾਫਰਾਂ ਦੀ ਸਹੂਲਤ ਲਈ ਕਤਰ ਏਅਰਵੇਜ਼ ਨੇ ਐਲਾਨ ਕੀਤਾ ਹੈ ਕਿ ਅਕਤੂਬਰ ਤੱਕ ਦੀ ਬੁਕਿੰਗ ਵਾਲੇ ਯਾਤਰੀ ਬਿਨਾਂ ਕਿਸੇ ‘ਚੇਂਜ ਫੀਸ’ ਦੇ ਆਪਣੀ ਯਾਤਰਾ ਦੀ ਤਰੀਕ ਬਦਲ ਸਕਦੇ ਹਨ, ਹਾਲਾਂਕਿ ਕਿਰਾਏ ਦਾ ਅੰਤਰ ਦੇਣਾ ਹੋਵੇਗਾ।
‘ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ’ ਦੇ ਸਮੀਪ ਸਿੰਘ ਨੇ ਕਿਹਾ ਕਿ ਇਨ੍ਹਾਂ ਉਡਾਣਾਂ ਦੇ ਮੁੜ ਸ਼ੁਰੂ ਹੋਣ ਨਾਲ ਖਾਸ ਕਰਕੇ ਟੋਰਾਂਟੋ, ਮਾਂਟਰੀਅਲ ਅਤੇ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਨੂੰ ਜਾਣ ਵਾਲੇ ਯਾਤਰੀਆਂ ਨੂੰ ਵੱਡਾ ਫਾਇਦਾ ਹੋਵੇਗਾ।
ਅੰਮ੍ਰਿਤਸਰ ਤੋਂ ਕਤਰ ਏਅਰਵੇਜ਼ ਦੀਆਂ ਰੋਜ਼ਾਨਾ ਉਡਾਣਾਂ ਮੁੜ ਸ਼ੁਰੂ

