ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵੱਲੋਂ ਰਾਜਪਾਲ ਦੇ ਨਾਂ ਮੰਗ-ਪੱਤਰ
ਅੰਮ੍ਰਿਤਸਰ, 9 ਮਈ (ਪੰਜਾਬ ਮੇਲ)- ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਤੀਜੀ ਵਾਰ ਐੱਨ.ਐੱਸ.ਏ. ਲਾਏ ਜਾਣ ਦੇ ਰੋਸ ਵਜੋਂ ਬੁੱਧਵਾਰ ਇਥੇ ਅਕਾਲੀ ਦਲ ਵਾਰਿਸ ਪੰਜਾਬ ਜਥੇਬੰਦੀ ਵੱਲੋਂ ਡੀ.ਸੀ. ਦਫਤਰ ਤੱਕ ਰੋਸ ਮਾਰਚ ਕੀਤਾ ਗਿਆ ਅਤੇ ਇਸ ਸਬੰਧੀ ਪੰਜਾਬ ਦੇ ਰਾਜਪਾਲ ਨੂੰ ਮੰਗ-ਪੱਤਰ ਭੇਜਿਆ ਗਿਆ। ਮਾਰਚ ਵਿਚ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ, ਲੋਕ ਸਭਾ ਮੈਂਬਰ ਸਰਬਜੀਤ ਸਿੰਘ, ਅਮਰਜੀਤ ਸਿੰਘ ਵਨਚਿੜੀ, ਹਰਭਜਨ ਸਿੰਘ, ਸੁਰਜੀਤ ਸਿੰਘ, ਚਰਨਜੀਤ ਸਿੰਘ ਭਿੰਡਰ, ਸੰਦੀਪ ਸਿੰਘ, ਹਰਪ੍ਰੀਤ ਸਿੰਘ, ਕਾਬਲ ਸਿੰਘ, ਬਲਜੀਤ ਸਿੰਘ ਖਾਲਸਾ, ਹਰਸਿਮਰਨ ਸਿੰਘ, ਬਾਬੂ ਸਿੰਘ ਬਰਾੜ ,ਐਡਵੋਕੇਟ ਇਮਾਨ ਸਿੰਘ ਖਾਰਾ, ਪ੍ਰਗਟ ਸਿੰਘ, ਸੁਖਚੈਨ ਸਿੰਘ ਸ਼ਾਮਲ ਸਨ।
ਜਥੇਬੰਦੀ ਦੇ ਕਾਰਕੁਨ ਪਹਿਲਾਂ ਰਣਜੀਤ ਐਵੇਨਿਊ ਵਿਚ ਇਕੱਠੇ ਹੋਏ, ਜਿੱਥੋਂ ਡੀ. ਸੀ. ਦਫਤਰ ਤੱਕ ਰੋਸ ਮਾਰਚ ਕੀਤਾ। ਮਾਰਚ ਦੌਰਾਨ ਕਾਰਕੁਨਾਂ ਨੇ ਹੱਥਾਂ ਵਿਚ ਤਖਤੀਆਂ ਚੁੱਕੀਆਂ ਹੋਈਆਂ ਸਨ। ਇਨ੍ਹਾਂ ‘ਤੇ ‘ਐੱਨ.ਐੱਸ.ਏ. ਰੱਦ ਕਰੋ’, ‘ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕਰੋ’ ਅਤੇ ਹੋਰ ਸਰਕਾਰ ਵਿਰੋਧੀ ਨਾਅਰੇ ਲਿਖੇ ਹੋਏ ਸਨ। ਡੀ.ਸੀ. ਦਫ਼ਤਰ ਪਹੁੰਚ ਕੇ ਧਰਨਾਕਾਰੀਆਂ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਨਾਂ ‘ਤੇ ਮੰਗ-ਪੱਤਰ ਸੌਂਪਿਆ। ਇਸ ਦੌਰਾਨ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਮੰਗ-ਪੱਤਰ ਰਾਹੀਂ ਅੰਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ਤੀਜੀ ਵਾਰ ਲਾਇਆ ਐੱਨ.ਐੱਸ.ਏ. ਰੱਦ ਕਰਨ ਅਤੇ ਉਸ ਦੇ ਨਾਲ ਹੋਰ ਗ੍ਰਿਫ਼ਤਾਰ ਕੀਤੇ ਸਿੱਖ ਨੌਜਵਾਨਾਂ ਨੂੰ ਰਿਹਾਅ ਕਰਨ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਆਦਿ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਮੰਗਾਂ ਨਾ ਮੰਨਣ ‘ਤੇ ਜਥੇਬੰਦੀ ਵੱਲੋਂ ਸੰਘਰਸ਼ ਨੂੰ ਅੱਗੇ ਵਧਾਉਣ ਲਈ ਰੂਪਰੇਖਾ ਉਲੀਕੀ ਜਾਵੇਗੀ। ਉਨ੍ਹਾਂ ਰਾਜਪਾਲ ਨੂੰ ਅਪੀਲ ਕੀਤੀ ਹੈ ਕਿ ਉਹ ਸੰਵਿਧਾਨਿਕ ਜ਼ਿੰਮੇਵਾਰੀ ਸਮਝਦਿਆਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ।
ਅੰਮ੍ਰਿਤਪਾਲ ‘ਤੇ ਐੱਨ.ਐੱਸ.ਏ. ਵਧਾਉਣ ਖ਼ਿਲਾਫ਼ ਮਾਰਚ
