ਵਿੰਨੀਪੈੱਗ, 17 ਜੁਲਾਈ (ਪੰਜਾਬ ਮੇਲ)- ਕੈਨੇਡਾ ਦੇ ਸੂਬੇ ਅਲਬਰਟਾ ਦੀ ਰਾਜਧਾਨੀ ਐਡਮਿੰਟਨ ਦੇ ਉੱਤਰੀ ਹਿੱਸੇ ‘ਚ ਵਾਪਰੇ ਇੱਕ ਦਰਦਨਾਕ ਹਾਦਸੇ ਅਤੇ ਅਗਨੀਕਾਂਡ ਵਿਚ ਇੱਕ ਬਜ਼ੁਰਗ ਪੰਜਾਬੀ ਜੋੜੇ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 85 ਸਾਲਾ ਮੇਜਰ ਸਿੰਘ ਭੰਡਾਲ ਅਤੇ ਉਨ੍ਹਾਂ ਦੀ ਪਤਨੀ 82 ਸਾਲਾ ਸੁਰਿੰਦਰਜੀਤ ਕੌਰ ਭੰਡਾਲ ਵਜੋਂ ਹੋਈ ਹੈ। ਪਿਛਲੇ 60 ਸਾਲਾਂ ਤੋਂ ਵੱਧ ਸਮੇਂ ਤੋਂ ਇੱਕ-ਦੂਜੇ ਦਾ ਸਾਥ ਨਿਭਾ ਰਿਹਾ ਇਹ ਜੋੜਾ ਇਸ ਦੁਨੀਆਂ ਤੋਂ ਵੀ ਇਕੱਠੇ ਹੀ ਰੁਖ਼ਸਤ ਹੋ ਗਿਆ।
ਪੁਲਿਸ ਅਤੇ ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਅਨੁਸਾਰ, ਇਹ ਹਾਦਸਾ ਸੋਮਵਾਰ ਰਾਤ ਕਰੀਬ 9:15 ਵਜੇ 82ਵੀਂ ਸਟਰੀਟ ਅਤੇ 132ਵੀਂ ਐਵਿਨਿਊ (ਕਿਲਾਰਨੀ ਇਲਾਕੇ) ਸਥਿਤ ਇੱਕ ਤਿੰਨ-ਮੰਜ਼ਿਲਾ ਅਪਾਰਟਮੈਂਟ ਵਿਚ ਵਾਪਰਿਆ। ਇੱਕ ਬੇਕਾਬੂ ਕਾਰ ਅਪਾਰਟਮੈਂਟ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ, ਜਿਸ ਕਾਰਨ ਉੱਥੋਂ ਲੰਘ ਰਹੀ ਗੈਸ ਦੀ ਮੁੱਖ ਪਾਈਪਲਾਈਨ ਫਟ ਗਈ। ਗੈਸ ਲੀਕ ਹੋਣ ਕਾਰਨ ਇੱਕ ਜ਼ਬਰਦਸਤ ਧਮਾਕਾ ਹੋਇਆ ਅਤੇ ਪੂਰੀ ਇਮਾਰਤ ਭਿਆਨਕ ਲਾਟਾਂ ਦੀ ਲਪੇਟ ਵਿਚ ਆ ਗਈ।
ਪਰਿਵਾਰਕ ਮੈਂਬਰਾਂ ਮੁਤਾਬਕ, ਜਦੋਂ ਅੱਗ ਤੇਜ਼ੀ ਨਾਲ ਫੈਲੀ ਤਾਂ ਮੇਜਰ ਸਿੰਘ ਭੰਡਾਲ ਨੇ ਖ਼ੁਦ ਨੂੰ ਬਚਾਉਣ ਲਈ ਤੀਜੀ ਮੰਜ਼ਿਲ ਦੀ ਬਾਲਕੋਨੀ ਤੋਂ ਛਾਲ ਮਾਰ ਦਿੱਤੀ। ਹਾਲਾਂਕਿ, ਉਚਾਈ ਤੋਂ ਡਿੱਗਣ ਕਾਰਨ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ। ਮੌਕੇ ‘ਤੇ ਪਹੁੰਚੇ ਪੈਰਾਮੈਡੀਕਲ ਸਟਾਫ਼ ਨੇ ਉਨ੍ਹਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਦੂਜੇ ਪਾਸੇ, ਉਨ੍ਹਾਂ ਦੀ ਪਤਨੀ ਸੁਰਿੰਦਰਜੀਤ ਕੌਰ ਭੰਡਾਲ ਅਪਾਰਟਮੈਂਟ ਦੇ ਅੰਦਰ ਹੀ ਫਸ ਗਏ ਅਤੇ ਬਾਹਰ ਨਹੀਂ ਨਿਕਲ ਸਕੇ। ਇਮਾਰਤ ਦੀ ਤਲਾਸ਼ੀ ਦੌਰਾਨ ਫਾਇਰ ਕਰਮਚਾਰੀਆਂ ਨੂੰ ਉਨ੍ਹਾਂ ਦੀ ਮ੍ਰਿਤਕ ਦੇਹ ਬਰਾਮਦ ਹੋਈ। ਪੁਲਿਸ ਨੇ ਦੋਵਾਂ ਦੀ ਮੌਤ ਦੀ ਅਧਿਕਾਰਤ ਪੁਸ਼ਟੀ ਕੀਤੀ ਹੈ। ਇਸ 16-ਸੂਈਟ ਵਾਲੀ ਇਮਾਰਤ ਵਿਚ ਲਗਪਗ 35 ਲੋਕ ਰਹਿੰਦੇ ਸਨ। ਕਈ ਪ੍ਰਭਾਵਿਤ ਪਰਿਵਾਰਾਂ ਨੂੰ ਕੈਨੇਡੀਅਨ ਰੈੱਡ ਕ੍ਰਾਸ ਵੱਲੋਂ ਸਹਾਇਤਾ ਦਿੱਤੀ ਜਾ ਰਹੀ ਹੈ।
ਪਰਿਵਾਰ ਵੱਲੋਂ ਹਾਦਸੇ ਵਾਲੀ ਥਾਂ ‘ਤੇ ਇੱਕ ਯਾਦਗਾਰ ਬਣਾਈ ਗਈ ਹੈ, ਜਿੱਥੇ ਵੱਡੀ ਗਿਣਤੀ ਵਿਚ ਸਥਾਨਕ ਲੋਕ ਪਹੁੰਚ ਕੇ ਸ਼ਰਧਾਂਜਲੀ ਭੇਟ ਕਰ ਰਹੇ ਹਨ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਹੋਮੀਸਾਈਡ ਵਿਭਾਗ ਦੀ ਨਿਗਰਾਨੀ ਹੇਠ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ। ਕਾਰ ਦੇ 62 ਸਾਲਾ ਚਾਲਕ ਨੂੰ ਵੀ ਗੰਭੀਰ ਹਾਲਤ ‘ਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਅਲਬਰਟਾ ਦੇ ਅਪਾਰਟਮੈਂਟ ‘ਚ ਵਾਪਰੇ ਭਿਆਨਕ ਅਗਨੀਕਾਂਡ ‘ਚ ਬਜ਼ੁਰਗ ਪੰਜਾਬੀ ਜੋੜੇ ਦੀ ਮੌਤ

