#AMERICA

ਅਮੀਰਾਂ ਉਪਰ ਟੈਕਸ ਨਹੀਂ ਲਾਇਆ ਜਾਵੇਗਾ-ਰਾਸ਼ਟਰਪਤੀ ਟਰੰਪ

ਸੈਕਰਾਮੈਂਟੋ, ਕੈਲੀਫੋਰਨੀਆ, 25 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲੱਖਪਤੀਆਂ ਉਪਰ ਟੈਕਸ ਲਾਉਣ ਦੀ  ਤਜਵੀਜ਼ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਅਜਿਹਾ ਕੀਤਾ ਤਾਂ ਉਹ ਦੇਸ਼ ਛੱਡ ਜਾਣਗੇ। ਉਨਾਂ ਆਪਣੇ ਓਵਾਲ ਦਫਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰਾ ਵਿਚਾਰ ਹੈ ਕਿ ਇਹ ਤਜਵੀਜ਼ ਪ੍ਰੇਸ਼ਾਨ ਕਰਨ ਵਾਲੀ ਹੈ ਕਿਉਂਕਿ ਕਈ ਅਮੀਰ ਦੇਸ਼ ਛੱਡ ਸਕਦੇ ਹਨ। ਇਸ ਲਈ ਜੇਕਰ ਪੈਸੇ ਦੀ ਥੋੜੀ ਬਹੁਤ ਹਾਨੀ ਹੁੰਦੀ ਹੈ ਤਾਂ ਝਲ ਲੈਣੀ ਚਾਹੀਦੀ ਹੈ। ਸਟੀਵ ਬੈਨਨ ਵਰਗੇ ਟਰੰਪ ਦੇ ਸਹਿਯੋਗੀਆਂ ਨੇ ਅਮੀਰਾਂ ਉਪਰ ਟੈਕਸ ਲਾਉਣ ਦਾ ਸਮਰਥਨ ਕੀਤਾ ਹੈ ਪਰੰਤੂ ਰਾਸ਼ਟਰਪਤੀ ਅਜਿਹਾ ਨਹੀਂ ਚਹੁੰਦੇ। ਟਰੰਪ ਦਾ ਕਹਿਣਾ ਹੈ ਕਿ ਆਮਦਨ ਟੈਕਸ ਦਾ ਬਦਲ ਟੈਰਿਫ ਬਣ ਸਕਦੇ ਹਨ।  ਉਹ ਇਥੋਂ ਤੱਕ ਐਲਾਨ ਕਰ ਚੁੱਕੇ ਹਨ ਕਿ ਆਮਦਨ ਟੈਕਸ ਖਤਮ ਹੀ ਕਰ ਦਿੱਤਾ ਜਾਵੇਗਾ। ਦੂਸਰੇ ਪਾਸੇ ਆਰਥਿਕ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਦਰਾਮਦਾਂ ਉਪਰ ਵਧਾਏ  ਟੈਰਿਫ ਤੋਂ ਆਮਦਨ ਘੱਟ ਹੋਵੇਗੀ ਪਰੰਤੂ ਮਹਿੰਗਾਈ ਵਧ ਜਾਣ ਕਾਰਨ ਇਸ ਦਾ ਘੱਟ ਆਮਦਨ ਵਾਲੇ ਲੋਕਾਂ ਉਪਰ ਬਹੁਤ ਬੁਰਾ ਅਸਰ ਪਵੇਗਾ। ਰਾਸ਼ਟਰਪਤੀ ਦਾ ਉਕਤ ਬਿਆਨ ਸੰਘੀ ਸਰਕਾਰ ਦੇ  ਖਰਚ ਬਾਰੇ ਕਾਂਗਰਸ ਵਿਚ ਬਹਿਸ ਸ਼ੁਰੂ ਹੋਣ ਤੋਂ ਪਹਿਲਾਂ ਆਇਆ ਹੈ। ਡੈਮੋਕਰੈਟਸ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਅਮੀਰਾਂ ਨੂੰ ਫਾਇਦਾ ਪਹੁੰਚਾਉਣ ਲਈ ਟਰੰਪ ਦੀ ਟੈਕਸਾਂ ਵਿਚ ਕਟੌਤੀ ਦੀ ਯੋਜਨਾ ਹੈ ਜਦ ਕਿ ਉਹ ਕੰਮਕਾਜੀ ਵਰਗ ਲਈ ਸਰਕਾਰੀ ਖਰਚ ਵਿਚ ਕਟੌਤੀ ਕਰ ਰਹੇ ਹਨ।