#AMERICA

ਅਮਰੀਕੀ ਸੈਨੇਟ ਵੱਲੋਂ ਇਰਾਨ ਖ਼ਿਲਾਫ਼ ਫ਼ੌਜੀ ਕਾਰਵਾਈ ਰੋਕਣ ਸਬੰਧੀ ਮਤਾ ਮਨਜ਼ੂਰ

ਵਾਸ਼ਿੰਗਟਨ, 25 ਜੂਨ (ਪੰਜਾਬ ਮੇਲ)- ਅਮਰੀਕੀ ਸੰਸਦ ਦੇ ਉਪਰਲੇ ਸਦਨ ਸੈਨੇਟ ਨੇ ਇਰਾਨ ਖ਼ਿਲਾਫ਼ ਅਮਰੀਕੀ ਫ਼ੌਜੀ ਕਾਰਵਾਈ ‘ਤੇ ਰੋਕ ਲਾਉਣ ਲਈ ਜੰਗੀ ਤਾਕਤਾਂ ਸਬੰਧੀ ਮਤੇ ਨੂੰ ਪਹਿਲੀ ਵਾਰ ਮਨਜ਼ੂਰੀ ਦੇ ਦਿੱਤੀ। ਅਮਰੀਕੀ ਸੰਸਦ ਮੈਂਬਰ ਜੰਗ ਦੇ ਖ਼ਾਤਮੇ ਲਈ ਦੇਸ਼ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ‘ਤੇ ਚੌਕਸੀ ਨਾਲ ਨਜ਼ਰ ਰੱਖ ਰਹੇ ਹਨ। ਇਹ ਜੰਗ ਸ਼ੁਰੂ ਕਰਨ ਦਾ ਫ਼ੈਸਲਾ ਅਮਰੀਕੀ ਪ੍ਰਸ਼ਾਸਨ ਨੇ ਕੀਤਾ ਸੀ, ਪਰ ਹੁਣ ਉਸ ਨੂੰ ਸੰਸਦ ਤੋਂ ਪੈਸੇ ਦੀ ਲੋੜ ਹੈ। ਸੈਨੇਟ ਨੇ ਜੰਗ ਰੋਕਣ ਲਈ 10ਵੀਂ ਵਾਰ ਕੋਸ਼ਿਸ਼ ਕੀਤੀ। ਮਤੇ ਦੇ ਹੱਕ ਵਿਚ 50 ਤੇ ਵਿਰੋਧ ਵਿਚ 48 ਵੋਟ ਪਏ, ਜੋ ਪਿਛਲੀਆਂ ਕੋਸ਼ਿਸ਼ਾਂ ਦੇ ਮੁਕਾਬਲੇ ਹੈਰਾਨਕੁਨ ਤਬਦੀਲੀ ਹੈ। ਉਂਝ, ਵੋਟਿੰਗ ਅਜਿਹੇ ਮੌਕੇ ਹੋਈ ਹੈ, ਜਦੋਂ ਪੈਂਟਾਗਨ (ਅਮਰੀਕੀ ਰੱਖਿਆ ਵਿਭਾਗ ਦਾ ਮੁੱਖ ਦਫ਼ਤਰ) ਇਰਾਨ ਨਾਲ ਜੰਗ ਮਗਰੋਂ ਗੋਲਾ-ਬਾਰੂਦ ਅਤੇ ਹਥਿਆਰਾਂ ਦੇ ਆਪਣੇ ਭੰਡਾਰਾਂ ਨੂੰ ਭਰਨ ਲਈ ਅਮਰੀਕੀ ਸੰਸਦ ਤੋਂ 80 ਅਰਬ ਡਾਲਰ ਦੀ ਮੰਗ ਕਰ ਰਿਹਾ ਹੈ। ਇਹ ਮਤਾ ਕਾਫ਼ੀ ਹੱਦ ਤੱਕ ਪ੍ਰਤੀਕਾਤਮਕ ਹੈ ਤੇ ਇਸ ਨੂੰ ਪੂਰੀ ਤਰ੍ਹਾਂ ਕਾਨੂੰਨੀ ਦਰਜਾ ਹਾਸਲ ਨਹੀਂ ਹੈ, ਪਰ ਇਹ ਪ੍ਰਤੀਨਿਧ ਸਭਾ ਤੇ ਸੈਨੇਟ ਦੇ ਕਈ ਰਿਪਬਲਿਕਨਾਂ ਦੇ ਵਧਦੇ ਫ਼ਿਕਰਾਂ ਨੂੰ ਦਰਸਾਉਂਦਾ ਹੈ। ਪ੍ਰਤੀਨਿਧੀ ਸਭਾ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਇਸ ਮਤੇ ਨੂੰ ਮਨਜ਼ੂਰੀ ਦਿੱਤੀ ਸੀ। ਸੈਨੇਟ ਵਿਚ ਡੈਮੋਕਰੈਟਿਕ ਪਾਰਟੀ ਦੇ ਆਗੂ ਚੱਕ ਸ਼ੂਮਰ ਨੇ ਕਿਹਾ, ”ਸੈਨੇਟ ਵਿਚ ਵੱਡੀ ਗਿਣਤੀ ਰਿਪਬਲਿਕਨ ਪਾਰਟੀ ਦੇ ਮੈਂਬਰਾਂ ਨੇ ਅਮਰੀਕੀ ਲੋਕਾਂ ਦੀ ਥਾਂ ਵਾਰ-ਵਾਰ ਟਰੰਪ ਤੇ ਉਨ੍ਹਾਂ ਦੀ ਜੰਗ ਦਾ ਸਾਥ ਦਿੱਤਾ।”