-ਨਕਲੀ ਸਮਾਨ ਵੇਚਣ ਦੇ ਦੋਸ਼ ਹੇਠ ਡਿਪੋਰਟ ਕਰਨ ਦੀ ਚੱਲ ਰਹੀ ਹੈ ਕਾਰਵਾਈ
ਵਾਸ਼ਿੰਗਟਨ, 22 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਦੀ ਸੁਪਰੀਮ ਕੋਰਟ ਬੁੱਧਵਾਰ ਨੂੰ ਇੱਕ ਮਹੱਤਵਪੂਰਨ ਕੇਸ ਦੀ ਸੁਣਵਾਈ ਕਰੇਗੀ, ਜਿਸ ਵਿਚ ਇਹ ਫੈਸਲਾ ਕੀਤਾ ਜਾਵੇਗਾ ਕਿ ਜੇ ਕੋਈ ਗ੍ਰੀਨ ਕਾਰਡ ਹੋਲਡਰ ਜੁਰਮ ਕਰਦਾ ਹੈ, ਤਾਂ ਕੀ ਉਸ ਨੂੰ ਅਮਰੀਕਾ ਤੋਂ ਕੱਢਿਆ ਜਾ ਸਕਦਾ ਹੈ ਜਾਂ ਨਹੀਂ।
ਇਹ ਕੇਸ ਮੁਕ ਚੋਈ ਲਾਊ ਨਾਮ ਦੇ ਚੀਨੀ ਨਾਗਰਿਕ ਨਾਲ ਜੁੜਿਆ ਹੈ, ਜੋ 2007 ਵਿਚ ਅਮਰੀਕਾ ਦੇ ਕਾਨੂੰਨੀ ਸਥਾਈ ਨਿਵਾਸੀ (ਗਰੀਨ ਕਾਰਡ ਹੋਲਡਰ) ਬਣੇ ਸਨ। 2012 ਵਿਚ ਉਨ੍ਹਾਂ ‘ਤੇ ਨਿਊ ਜਰਸੀ ਵਿਚ ਲਗਭਗ 300,000 ਡਾਲਰ ਦੇ ਨਕਲੀ ਕੱਪੜੇ ਵੇਚਣ ਦੇ ਦੋਸ਼ ਲੱਗੇ ਸਨ।
ਜਦੋਂ ਕੇਸ ਚੱਲ ਰਿਹਾ ਸੀ, ਲਾਊ ਕੁਝ ਸਮੇਂ ਲਈ ਅਮਰੀਕਾ ਤੋਂ ਬਾਹਰ ਗਏ। ਵਾਪਸੀ ਸਮੇਂ ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ ਨੇ ਉਨ੍ਹਾਂ ਨੂੰ ਆਮ ਗ੍ਰੀਨ ਕਾਰਡ ਹੋਲਡਰ ਦੀ ਥਾਂ ”Applicant for Admission” ਮੰਨਿਆ ਅਤੇ ਡਿਪੋਰਟ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ।
ਆਮ ਤੌਰ ‘ਤੇ ਗ੍ਰੀਨ ਕਾਰਡ ਵਾਲੇ ਲੋਕ ਕੁਝ ਸਮੇਂ ਲਈ ਵਿਦੇਸ਼ ਜਾ ਕੇ ਵਾਪਸ ਆ ਸਕਦੇ ਹਨ ਅਤੇ ਉਨ੍ਹਾਂ ਦੀ ਸਥਿਤੀ ਪ੍ਰਭਾਵਿਤ ਨਹੀਂ ਹੁੰਦੀ। ਪਰ ਜੇ ਕਿਸੇ ਉੱਤੇ ਧੋਖਾਧੜੀ ਜਾਂ ਨੈਤਿਕ ਤੌਰ ‘ਤੇ ਗਲਤ ਜੁਰਮ ਦਾ ਦੋਸ਼ ਹੋਵੇ, ਤਾਂ ਕਾਨੂੰਨ ਵਿਚ ਕੁਝ ਛੋਟਾਂ ਹਨ।
ਬਾਅਦ ਵਿਚ ਲਾਊ ਨੇ ਨਕਲੀ ਸਮਾਨ ਵੇਚਣ ਦੇ ਦੋਸ਼ ਕਬੂਲ ਕਰ ਲਏ ਅਤੇ ਉਨ੍ਹਾਂ ਨੂੰ ਦੋ ਸਾਲ ਪ੍ਰੋਬੇਸ਼ਨ ਮਿਲੀ। ਇਸ ਤੋਂ ਬਾਅਦ ਸਰਕਾਰ ਨੇ ਉਨ੍ਹਾਂ ਨੂੰ ਦੇਸ਼ ਨਿਕਾਲੇ ਦੀ ਕਾਰਵਾਈ ਵਿਚ ਲਿਆ।
ਲਾਊ ਦਾ ਕਹਿਣਾ ਹੈ ਕਿ ਨਕਲੀ ਸਮਾਨ ਦਾ ਕੇਸ ਕੋਈ ਐਸਾ ਜੁਰਮ ਨਹੀਂ ਸੀ, ਜਿਸ ਕਾਰਨ ਉਨ੍ਹਾਂ ਨੂੰ ਡਿਪੋਰਟ ਕੀਤਾ ਜਾਵੇ। ਉਹ ਇਹ ਵੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਨਵਾਂ ਦਾਖ਼ਲਾ ਲੈਣ ਵਾਲਾ ਮੰਨਿਆ ਗਿਆ।
ਹੁਣ ਸੁਪਰੀਮ ਕੋਰਟ ਇਹ ਫੈਸਲਾ ਕਰੇਗੀ ਕਿ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਜੁਰਮ ਦਾ ਸਬੂਤ ਉਸ ਵੇਲੇ ਦੇਣਾ ਚਾਹੀਦਾ ਸੀ, ਜਦੋਂ ਲਾਊ ਵਾਪਸ ਆਏ ਸਨ ਜਾਂ ਬਾਅਦ ਵਿਚ ਰਿਮੂਵਲ ਕਾਰਵਾਈ ਦੌਰਾਨ ਵੀ ਇਹ ਵਰਤਿਆ ਜਾ ਸਕਦਾ ਹੈ।
ਜੇ ਇਹ ਫੈਸਲਾ ਸਰਕਾਰ ਦੇ ਹੱਕ ਵਿਚ ਗਿਆ, ਤਾਂ ਭਵਿੱਖ ਵਿਚ ਗ੍ਰੀਨ ਕਾਰਡ ਵਾਲਿਆਂ ਲਈ ਵਿਦੇਸ਼ ਯਾਤਰਾ ਤੋਂ ਵਾਪਸੀ ਸਮੇਂ ਹੋਰ ਸਖ਼ਤ ਜਾਂਚ ਹੋ ਸਕਦੀ ਹੈ।
ਅਮਰੀਕੀ ਸੁਪਰੀਮ ਕੋਰਟ ਗ੍ਰੀਨ ਕਾਰਡ ਹੋਲਡਰ ਨਾਲ ਸੰਬੰਧਤ ਕੇਸ ਦੀ ਕਰੇਗੀ ਸੁਣਵਾਈ

