#AMERICA

ਅਮਰੀਕੀ ਫੌਜ ‘ਚ ਪਹਿਲੇ ਦਸਤਾਰਧਾਰੀ Sikh ਲੈਫਟੀਨੈਂਟ ਕਰਨਲ ਤੇਜਦੀਪ ਸਿੰਘ ਰਤਨ ਵੱਲੋਂ ਮਾਊਨਟੇਨ ਹਾਊਸ ਦੀ City ਕੌਂਸਲ ਚੋਣਾਂ ਲੜਨ ਦਾ ਐਲਾਨ

ਨਿਊਯਾਰਕ, 6 ਫਰਵਰੀ (ਸਮੀਪ ਸਿੰਘ ਗੁਮਟਾਲਾ/ਰਾਜ ਗੋਗਨਾ/ਪੰਜਾਬ ਮੇਲ)- ਮਾਊਨਟੇਨ ਹਾਊਸ, ਕੈਲੀਫੋਰਨੀਆ ‘ਚ ਸਾਲ 2009 ਵਿਚ ਆਪਣੇ ਸਿੱਖੀ ਸਰੂਪ ਨਾਲ ਅਮਰੀਕਾ ਦੀ ਫੌਜ ਵਿਚ ਭਰਤੀ ਹੋਣ ਲਈ ਆਗਿਆ ਪ੍ਰਾਪਤ ਕਰਨ ਵਾਲੇ ਪਹਿਲੇ ਸਾਬਤ ਸੂਰਤ ਦਸਤਾਰਧਾਰੀ ਸਿੱਖ, ਲੈਫਟੀਨੈਂਟ ਕਰਨਲ ਡਾ: ਤੇਜਦੀਪ ਸਿੰਘ ਰਤਨ ਨੇ ਅਮਰੀਕਾ ਵਿਚ ਕੈਲੀਫੋਰਨੀਆ ਸੂਬੇ ਦੇ ਸ਼ਹਿਰ ਮਾਊਨਟੇਨ ਹਾਊਸ ਦੀਆਂ ਅਗਾਮੀ ਮਾਰਚ 2024 ਵਾਲੀਆਂ ਸਿਟੀ ਕੌਂਸਲ ਚੋਣਾਂ ਵਿਚ ਕੌਂਸਲ ਮੈਂਬਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਕੌਂਸਲ ਦੇ 4 ਮੈਂਬਰਾਂ ਨੂੰ ਚੁਣਨ ਲਈ ਕੁੱਲ 8 ਉਮੀਦਵਾਰ ਮੈਦਾਨ ਵਿਚ ਹਨ ਅਤੇ ਇਨ੍ਹਾਂ ਵਿਚੋਂ ਸਿੱਖ ਭਾਈਚਾਰੇ ਵੱਲੋਂ ਸਿਰਫ ਤੇਜਦੀਪ ਸਿੰਘ ਰਤਨ ਹੀ ਮੈਦਾਨ ਵਿਚ ਹਨ। ਇਸ ਚੋਣ ਲਈ ਸ਼ਹਿਰ ਵਾਸੀ 5 ਫਰਵਰੀ ਤੋਂ ਲੈ ਕੇ 5 ਮਾਰਚ 2024 ਤੱਕ ਵੋਟਾਂ ਪਾ ਸਕਦੇ ਹਨ।
ਡਾ: ਰਤਨ ਨੇ ਸਾਲ 2015 ਵਿਚ ਆਪਣੀ ਕੁੱਲ-ਵਕਤੀ ਫੌਜੀ ਸੇਵਾ ਦੀ ਸਮਾਪਤੀ ਤੋਂ ਬਾਅਦ ਮਾਊਨਟੇਨ ਹਾਊਸ ਸ਼ਹਿਰ ਵਿਖੇ ਆਪਣਾ ਘਰ ਖਰੀਦਿਆ, ਜਿੱਥੇ ਉਹ ਆਪਣੀ ਪਤਨੀ ਜਸਜੀਤ ਕੌਰ ਅਤੇ ਦੋ ਬੱਚਿਆਂ ਦੇ ਨਾਲ ਰਹਿੰਦੇ ਹਨ। ਉਹ ਕਿੱਤੇ ਵਜੋਂ ਇੱਕ ਦੰਦਾਂ ਦੇ ਡਾਕਟਰ ਹੋਣ ਦੇ ਨਾਲ ਫੌਜ ਦੀ ਰਿਜ਼ਰਵ ਬਟਾਲੀਅਨ ਵਿਚ ਵੀ ਆਪਣੀ ਸੇਵਾ ਨਿਭਾ ਰਹੇ ਹਨ ਅਤੇ ਹਾਲ ਹੀ ਵਿਚ ਉਨ੍ਹਾਂ ਨੂੰ ਨਵੰਬਰ 2024 ਵਿਚ ਸ਼ੁਰੂ ਹੋਣ ਵਾਲੇ ਆਰਮੀ ਰਿਜ਼ਰਵ ਦੇ ਅਗਲੇ ਸੈਸ਼ਨ ਲਈ ਬਟਾਲੀਅਨ ਕਮਾਂਡ ਵਾਸਤੇ ਚੁਣਿਆ ਗਿਆ ਹੈ।
ਆਪਣੇ ਸਾਥੀਆਂ ਵਿਚ ‘ਟੀ.ਜੇ.’ ਦੇ ਨਾਮ ਨਾਲ ਜਾਣੇ ਜਾਂਦੇ ਰਤਨ ਦਾ ਕਹਿਣਾ ਹੈ ਕਿ ”ਫੌਜ ਵਿਚ ਨਿਰਸਵਾਰਥ ਸੇਵਾ ਦੀਆਂ ਕਦਰਾਂ-ਕੀਮਤਾਂ ਤੋਂ ਪ੍ਰੇਰਿਤ ਹੋ ਕੇ, ਅਮਰੀਕਾ ਦੇ ਸਭ ਤੋਂ ਨਵੇਂ ਸ਼ਹਿਰ ਵਜੋਂ ਮਾਨਤਾ ਪ੍ਰਾਪਤ ਮਾਊਨਟੇਨ ਹਾਊਸ ਦੀ ਸੁਰੱਖਿਆ ਤੇ ਖੁਸ਼ਹਾਲੀ ਨੂੰ ਯਕੀਨੀ ਬਣਾਉਣਾ ਅਤੇ ਭਾਈਚਾਰੇ ਨੂੰ ਵਿਕਸਤ ਕਰਨਾ ਮੇਰਾ ਮੁੱਖ ਮਕਸਦ ਹੈ। ਸਿਟੀ ਕੌਂਸਲ ਲਈ ਚੋਣ ਲੜਨ ਦਾ ਮੇਰਾ ਫੈਸਲਾ ਜਨਤਕ ਸੇਵਾ ਅਤੇ ਭਾਈਚਾਰਕ ਭਲਾਈ ਲਈ ਮੇਰੇ ਸਮਰਪਣ ਦਾ ਪ੍ਰਮਾਣ ਹੈ। ਯੂ.ਐੱਸ. ਆਰਮਡ ਫੋਰਸਿਜ਼ ਵਿਚ ਮੇਰੀ ਭੂਮਿਕਾ ਅਤੇ ਵਿਲੱਖਣ ਤਜ਼ਰਬਾ, ਮੈਨੂੰ ਸਿਟੀ ਕੌਂਸਲ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਯੋਗਦਾਨ ਪਾਉਣ ਵਿਚ ਸਹਾਈ ਹੋਵੇਗਾ।”
ਸ਼ਹਿਰ ਵਾਸੀਆਂ ਦੇ ਸਮਰਥਨ ਦੀ ਮਹੱਤਤਾ ਨੂੰ ਪਛਾਣਦੇ ਹੋਏ, ਡਾ. ਰਤਨ ਨੇ ਕਮਿਊਨਿਟੀ ਨੂੰ ਸਿਹਤਮੰਦ ਤੇ ਸੰਗਠਿਤ ਬਨਾਉਣ ਲਈ ਸੱਦਾ ਦਿੱਤਾ ਹੈ। ਉਨ੍ਹਾਂ ਮਾਊਨਟੇਨ ਹਾਊਸ ਦੇ ਹਰੇਕ 7 ਪਿੰਡਾ ਵਿਚੋਂ ਘੱਟੋ-ਘੱਟ 6 ਵਲੰਟੀਅਰਾਂ ਨੂੰ ਇਸ ਚੋਣ ਮੁਹਿੰਮ ਵਿਚ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜਨ ਦੀ ਬੇਨਤੀ ਕੀਤੀ ਹੈ। ਜਿਹੜੇ ਲੋਕ ਉਨ੍ਹਾਂ ਦਾ ਸਮਰਥਨ ਕਰਨ ਜਾਂ ਉਨ੍ਹਾਂ ਦੀ ਮੁਹਿੰਮ ਵਿਚ ਵਲੰਟੀਅਰ ਕਰਨ ਵਿਚ ਦਿਲਚਸਪੀ ਰੱਖਦੇ ਹਨ, ਉਹ ਉਨ੍ਹਾਂ ਨਾਲ ਵੈੱਬਸਾਈਟ www.tjforcouncil.com ਜਾਂ ਈਮੇਲ tejdeeprattan@gmail.com ‘ਤੇ ਸਿੱਧਾ ਸੰਪਰਕ ਕਰ ਸਕਦੇ ਹਨ।