#AMERICA

ਅਮਰੀਕੀ ਚੋਣਾਂ: ਜੋਅ ਬਾਇਡਨ ਛੱਡ ਸਕਦੈ ਨੇ ਰਾਸ਼ਟਰਪਤੀ ਦੀ ਉਮੀਦਵਾਰੀ!

ਬਾਇਡਨ ਦੀ ਥਾਂ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਦੀ ਹੋ ਸਕਦੀ ਹੈ ਐਂਟਰੀ
ਵਾਸ਼ਿੰਗਟਨ, 13 ਫਰਵਰੀ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ‘ਚ ਇਸ ਸਾਲ ਦੇ ਅਖ਼ੀਰ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਹੈਰਾਨੀਜਨਕ ਐਂਟਰੀ ਹੋ ਸਕਦੀ ਹੈ। ਫੌਕਸ ਨਿਊਜ਼ ਦੀ ਰਿਪੋਰਟ ਮੁਤਾਬਕ ਰਾਸ਼ਟਰਪਤੀ ਜੋਅ ਬਾਇਡਨ ਆਖਰੀ ਸਮੇਂ ‘ਤੇ ਆਪਣੀ ਉਮੀਦਵਾਰੀ ਛੱਡ ਸਕਦੇ ਹਨ ਅਤੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਨੂੰ ਡੈਮੋਕ੍ਰੇਟਿਕ ਪਾਰਟੀ ਵੱਲੋਂ ਉਨ੍ਹਾਂ ਦੀ ਥਾਂ ‘ਤੇ ਉਮੀਦਵਾਰ ਬਣਾਇਆ ਜਾ ਸਕਦਾ ਹੈ। ਦਰਅਸਲ, ਵਿਸ਼ੇਸ਼ ਵਕੀਲ ਰਾਬਰਟ ਹੇਰ ਵੱਲੋਂ ਹਾਲ ਹੀ ਵਿਚ ਇੱਕ ਰਿਪੋਰਟ ਜਾਰੀ ਕੀਤੀ ਗਈ ਸੀ, ਜਿਸ ਵਿਚ ਇਹ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ ਬਾਇਡਨ ਮਾਨਸਿਕ ਅਤੇ ਸਰੀਰਕ ਤੌਰ ‘ਤੇ ਸੰਘਰਸ਼ ਕਰ ਰਹੇ ਹਨ। ਇਸ ਲਈ ਉਨ੍ਹਾਂ ਲਈ ਚੋਣ ਲੜਨਾ ਠੀਕ ਨਹੀਂ ਹੈ।
ਉਥੇ ਹੀ ਰਿਪੋਰਟ ਨੂੰ ਖਾਰਜ ਕਰਦਿਆਂ ਬਾਇਡਨ ਨੇ ਕਿਹਾ ਸੀ ਕਿ ਉਮਰ ਦੇ ਨਾਲ ਕੁਝ ਸਮੱਸਿਆਵਾਂ ਆਉਂਦੀਆਂ ਹਨ, ਪਰ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਫਿੱਟ ਨਹੀਂ ਹਾਂ। ਮੀਡੀਆ ਰਿਪੋਰਟਾਂ ਦਾ ਕਹਿਣਾ ਹੈ ਕਿ ਡੈਮੋਕ੍ਰੇਟਿਕ ਪਾਰਟੀ ਬਰਾਕ ਓਬਾਮਾ ਦੀ ਲੋਕਪ੍ਰਿਅਤਾ ਦਾ ਫਾਇਦਾ ਉਠਾਉਣ ਲਈ ਮਿਸ਼ੇਲ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾ ਸਕਦੀ ਹੈ। ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਵੀ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਉਮੀਦਵਾਰ ਬਣਨ ਦੀ ਦੌੜ ਵਿਚ ਸਨ। ਬਾਅਦ ਵਿਚ ਉਨ੍ਹਾਂ ਨੇ ਡੋਨਾਲਡ ਟਰੰਪ ਦੇ ਸਮਰਥਨ ਵਿਚ ਆਪਣਾ ਨਾਮ ਵਾਪਸ ਲੈ ਲਿਆ। 9 ਫਰਵਰੀ ਨੂੰ ਵਿਵੇਕ ਨੇ ਡੈਮੋਕਰੇਟ ਉਮੀਦਵਾਰ ਬਾਰੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਸੀ। ਵਿਵੇਕ ਨੇ ਕਿਹਾ ਸੀ ਕਿ ਡੈਮੋਕ੍ਰੇਟਿਕ ਪਾਰਟੀ ਬਾਇਡਨ ਦੀ ਬਜਾਏ ਮਿਸ਼ੇਲ ਓਬਾਮਾ ਨੂੰ ਰਾਸ਼ਟਰਪਤੀ ਉਮੀਦਵਾਰ ਬਣਾਉਣ ‘ਤੇ ਵਿਚਾਰ ਕਰ ਰਹੀ ਹੈ। ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਵੀ ਬਾਇਡਨ ਦੀ ਮਾਨਸਿਕ ਅਤੇ ਸਰੀਰਕ ਯੋਗਤਾ ‘ਤੇ ਸਵਾਲ ਚੁੱਕੇ ਹਨ। ਕਲਿੰਟਨ ਨੇ ਇੱਕ ਇੰਟਰਵਿਊ ਵਿਚ ਮੰਨਿਆ ਕਿ ਜੇਕਰ ਡੈਮੋਕਰੇਟਸ ਨੇ ਬਾਇਡਨ ਨੂੰ ਨਾਮਜ਼ਦ ਕੀਤਾ, ਤਾਂ ਟਰੰਪ ਨੂੰ ਸਿੱਧਾ ਫਾਇਦਾ ਹੋਵੇਗਾ। ਇਸ ਲਈ ਬਾਇਡਨ ਦਾ ਬਦਲਾਅ ਲੱਭਣਾ ਜ਼ਰੂਰੀ ਹੈ। ਉਥੇ ਹੀ ਰਿਪਬਲਿਕਨ ਪਾਰਟੀ ਵੱਲੋਂ ਟਰੰਪ ਦਾ ਉਮੀਦਵਾਰ ਬਣਨਾ ਤੈਅ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਉਨ੍ਹਾਂ ਦੀ ਕਿਸਮਤ ‘ਤੇ ਫੈਸਲਾ ਜ਼ਿਆਦਾਤਰ ਸੰਘੀ ਸੁਪਰੀਮ ਕੋਰਟ ਦੇ ਹੱਥਾਂ ਵਿਚ ਹੈ।