#AMERICA

ਅਮਰੀਕੀ ਕਮਿਸ਼ਨ ਤੇ ਅਡਾਣੀ ਵੱਲੋਂ ਸਿਵਲ ਜ਼ਮਾਨਤ ਮਾਮਲੇ ‘ਚ ਜਵਾਬ ਦਾਖਲ ਕਰਨ ਲਈ ਸਮਾਂ ਵਧਾਉਣ ਦੀ ਮੰਗ

ਵਾਸ਼ਿੰਗਟਨ, 18 ਅਪ੍ਰੈਲ (ਪੰਜਾਬ ਮੇਲ)- ਅਮਰੀਕੀ ਜ਼ਮਾਨਤ ਅਤੇ ਵਟਾਂਦਰਾ ਕਮਿਸ਼ਨ (ਐੱਸ.ਈ.ਸੀ.) ਅਤੇ ਭਾਰਤੀ ਕਾਰੋਬਾਰੀ ਗੌਤਮ ਅਡਾਣੀ ਅਤੇ ਸਾਗਰ ਅਡਾਣੀ ਨੇ ਇਕ ਸਿਵਲ ਜ਼ਮਾਨਤ ਮਾਮਲੇ ‘ਚ ਅਹਿਮ ਜਵਾਬ ਦਾਖਲ ਕਰਨ ਲਈ ਅਮਰੀਕੀ ਅਦਾਲਤ ਤੋਂ ਵਧੇਰੇ ਸਮਾਂ ਦੇਣ ਦੀ ਸਾਂਝੀ ਅਪੀਲ ਕੀਤੀ ਹੈ। ਨਾਲ ਹੀ ਦੋਵਾਂ ਧਿਰਾਂ ਨੇ ਪ੍ਰਸਤਾਵਾਂ ਅਤੇ ਜਵਾਬਾਂ ਲਈ ਇਕ ਸੋਧੀ ਹੋਈ ਸਮਾਂ-ਹੱਦ ਪ੍ਰਸਤਾਵਿਤ ਕੀਤੀ ਹੈ।
ਨਿਊਯਾਰਕ ਦੇ ਪੂਰਬੀ ਜ਼ਿਲ੍ਹੇ ਲਈ ਅਮਰੀਕੀ ਜ਼ਿਲਾ ਅਦਾਲਤ ਦੇ ਸਾਹਮਣੇ ਦਾਇਰ ਇਕ ਪਟੀਸ਼ਨ ‘ਚ ਦੋਵਾਂ ਧਿਰਾਂ ਨੇ ਕਿਹਾ ਕਿ ਉਨ੍ਹਾਂ ਨੇ ਅਦਾਲਤ ਦੇ 7 ਅਪ੍ਰੈਲ ਦੇ ਹੁਕਮ ਦੇ ਅਨੁਰੂਪ ਵਿਚਾਰ-ਵਟਾਂਦਰਾ ਕੀਤਾ ਹੈ ਅਤੇ ਇਕ ਨਵੀਂ ਤਰੀਕ ‘ਤੇ ਸਹਿਮਤੀ ਪ੍ਰਗਟਾਈ ਹੈ। ਇਸ ਨੂੰ ਜਸਟਿਸ ਨਿਕੋਲਸ ਜੀ. ਗਰੌਫਿਸ ਦੇ ਕੋਲ ਮਨਜ਼ੂਰੀ ਲਈ ਪੇਸ਼ ਕੀਤਾ ਗਿਆ ਹੈ।
ਐੱਸ.ਈ.ਸੀ. ਨੇ ਨਵੰਬਰ 2024 ‘ਚ ਅਡਾਣੀ ਸਮੂਹ ਦੇ ਸੰਸਥਾਪਕ ਗੌਤਮ ਅਡਾਣੀ ਅਤੇ ਉਨ੍ਹਾਂ ਦੇ ਭਤੀਜੇ ਸਾਗਰ ‘ਤੇ ਮੁਕੱਦਮਾ ਦਾਇਰ ਕੀਤਾ ਸੀ। ਇਸ ‘ਚ ਦੋਸ਼ ਲਾਇਆ ਗਿਆ ਸੀ ਕਿ ਉਨ੍ਹਾਂ ਨੇ ਭਾਰਤ ਦੇ ਸਰਕਾਰੀ ਅਧਿਕਾਰੀਆਂ ਨਾਲ ਜੁੜੀ ਇਕ ਕਥਿਤ ਰਿਸ਼ਵਤਖੋਰੀ ਯੋਜਨਾ ਦਾ ਖੁਲਾਸਾ ਨਾ ਕਰ ਕੇ ਨਿਵੇਸ਼ਕਾਂ ਨੂੰ ਗੁੰਮਰਾਹ ਕੀਤਾ। ਗੌਤਮ ਅਡਾਣੀ ਅਤੇ ਸਾਗਰ ਅਡਾਣੀ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕਰਦੇ ਹੋਏ ਆਪਣੇ ਵਕੀਲਾਂ ਰਾਹੀਂ 7 ਅਪ੍ਰੈਲ ਨੂੰ 30 ਅਪ੍ਰੈਲ ਦੇ ਯੋਜਨਾਬੱਧ ਪ੍ਰਸਤਾਵ ਤੋਂ ਪਹਿਲਾਂ ਇਕ ‘ਪ੍ਰੀ-ਮੋਸ਼ਨ ਲੈਟਰ’ ਦਾਇਰ ਕੀਤਾ। ਇਸ ‘ਚ ਧੋਖਾਦੇਹੀ ਦੇ ਮੁਕੱਦਮੇ ਨੂੰ ਖਾਰਿਜ ਕਰਨ ਦੀ ਮੰਗ ਕੀਤੀ ਗਈ।