#AMERICA

ਅਮਰੀਕਾ ਵੱਲੋਂ ਵੱਡੀ ਪੱਧਰ ‘ਤੇ ਕੌਮਾਂਤਰੀ ਵਿਦਿਆਰਥੀਆਂ ਦੇ ਰੱਦ ਕੀਤੇ ਜਾ ਰਹੇ ਵੀਜਿਆਂ ਕਾਰਨ ਭਾਰਤੀ ਵਿਦਿਆਰਥੀਆਂ ਦੀ ਚਿੰਤਾ ਵਧੀ

* ਛੋਟੇ ਮੋਟੇ ਝਗੜਿਆਂ ਵਿਚ ਸ਼ਾਮਲ ਵਿਦਿਆਰਥੀਆਂ ਦੇ ਵੀਜ਼ੇ ਵੀ ਕੀਤੇ ਜਾ ਰਹੇ ਹਨ ਰੱਦ
ਸੈਕਰਾਮੈਂਟੋ, 23 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਵੱਲੋਂ ਵੱਡੀ ਪੱਧਰ ‘ਤੇ ਕੌਮਾਂਤਰੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਕੀਤੇ ਜਾ ਰਹੇ ਹਨ, ਜਿਸ ਕਾਰਨ ਭਾਰਤੀ ਵਿਦਿਆਰਥੀਆਂ ਜਿਨ੍ਹਾਂ ਵਿਚ ਵਧੇਰੇ ਗਿਣਤੀ ਪੰਜਾਬੀ ਹਨ, ਦੀ ਪ੍ਰੇਸ਼ਾਨੀ ਵਧ ਗਈ ਹੈ। ਛੋਟੋ-ਮੋਟੇ ਝਗੜਿਆਂ ਵਿਚ ਸ਼ਾਮਲ ਵਿਦਿਆਰਥੀਆਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ। ਕੇਵਲ ਇਕ ਨੋਟਿਸ ਦੇ ਕੇ ਵਿਦਿਆਰਥੀਆਂ ਨੂੰ ਵੀਜ਼ੇ ਰੱਦ ਕਰਨ ਦੀ ਸੂਚਨਾ ਦਿੱਤੀ ਜਾ ਰਹੀ ਹੈ ਤੇ ਨਾਲ ਹੀ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਉਹ ਦੇਸ਼ ਛੱਡ ਜਾਣ, ਨਹੀਂ ਤਾਂ ਜਬਰਨ ਵਾਪਿਸ ਭੇਜ ਦਿੱਤੇ ਜਾਣਗੇ। ਅਮਰੀਕਨ ਇਮੀਗ੍ਰੇਸ਼ਨ ਲਾਇਅਰਜ਼ ਐਸੋਸੀਏਸ਼ਨ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹਾਲ ਹੀ ਵਿਚ ਜਿਨ੍ਹਾਂ 327 ਕੌਮਾਂਤਰੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਕੀਤੇ ਗਏ ਹਨ, ਉਨ੍ਹਾਂ ਵਿਚ ਅੱਧੇ ਭਾਰਤੀ ਹਨ। ਰਿਪੋਰਟ ਜਿਸ ਦਾ ਸਿਰਲੇਖ ਹੈ ”ਦ ਸਕੋਪ ਆਫ ਇਮੀਗ੍ਰੇਸ਼ਨ ਇਨਫੋਰਸਮੈਂਟ ਐਕਸ਼ਨਜ ਅਗੇਂਸਟ ਇੰਟਰਨੈਸ਼ਨਲ ਸਟੂਡੈਂਟਸ” ਅਨੁਸਾਰ ਦੂਸਰੇ ਸਥਾਨ ‘ਤੇ ਚੀਨ ਦੇ ਵਿਦਿਆਰਥੀਆਂ ਹਨ। 327 ਵਿਦਿਆਰਥੀਆਂ ਵਿਚ 14% ਚੀਨੀ ਹਨ। ਇਸ ਤੋਂ ਬਾਅਦ ਦੱਖਣੀ ਕੋਰੀਆ, ਨੇਪਾਲ ਤੇ ਬੰਗਲਾਦੇਸ਼ ਦਾ ਸਥਾਨ ਹੈ। ਆਪਸ਼ਨਲ ਪ੍ਰੈਕਟੀਕਲ ਟਰੇਨਿੰਗ (ਓ.ਪੀ.ਟੀ.) ਕਰ ਰਹੇ ਵਿਦਿਆਰਥੀ ਸਭ ਤੋਂ ਵਧ ਪ੍ਰਭਾਵਿਤ ਹੋਏ ਹਨ। ਓ.ਪੀ.ਟੀ. ਇਕ ਪ੍ਰੋਗਰਾਮ ਹੈ, ਜਿਸ ਤਹਿਤ ਐੱਫ-1 ਵਿਦਿਆਰਥੀਆਂ ਨੂੰ ਗ੍ਰੈਜੂਏਸ਼ਨ ਤੋਂ ਬਾਅਦ ਇਕ ਸਾਲ ਲਈ ਅਮਰੀਕਾ ਵਿਚ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਜਿਨ੍ਹਾਂ ਵਿਦਿਆਰਥੀਆਂ ਦੇ ਵੀਜ਼ੇ ਰੱਦ ਕੀਤੇ ਗਏ ਹਨ, ਉਨ੍ਹਾਂ ਵਿਚੋਂ 50% ਓ.ਪੀ.ਟੀ. ਵਿਚ ਹਿੱਸਾ ਲੈ ਰਹੇ ਸਨ। ਟੈਕਸਾਸ, ਕੈਲੀਫੋਰਨੀਆ, ਨਿਊਯਾਰਕ, ਮਿਸ਼ੀਗਨ ਤੇ ਐਰੀਜ਼ੋਨਾ ਵਿਚ ਪੜ੍ਹ ਰਹੇ ਵਿਦਿਆਰਥੀਆਂ ਉਪਰ ਸਭ ਤੋਂ ਵਧ ਅਸਰ ਪੈ ਰਿਹਾ ਹੈ। ਪਿਛਲੇ 4 ਮਹੀਨਿਆਂ ਦੌਰਾਨ ਯੂ.ਐੱਸ. ਸਟੇਟ ਡਿਪਾਰਟਮੈਂਟ ਐਂਡ ਇਮੀਗ੍ਰੇਸ਼ਨ ਐਂਡ ਕਸਮਟਜ਼ ਇਨਫੋਰਸਮੈਂਟ (ਆਈ.ਸੀ.ਈ.) ਨੇ ਵਿਦੇਸ਼ੀ ਵਿਦਿਆਰਥੀਆਂ ਵਿਰੁੱਧ ਛਾਣਬੀਣ ਦੇ ਕੰਮ ਵਿਚ ਤੇਜ਼ੀ ਲਿਆਂਦੀ ਹੈ। ਨਾ ਕੇਵਲ ਉਨ੍ਹਾਂ ਦੇ ਵੀਜ਼ਿਆਂ ਦੀ ਜਾਂਚ ਪੜਤਾਲ ਹੋ ਰਹੀ ਹੈ, ਬਲਕਿ ਉਨ੍ਹਾਂ ਦੀਆਂ ਸਰਗਰਮੀਆਂ ਵੀ ਜਾਂਚ ਦੇ ਘੇਰੇ ਵਿਚ ਹਨ। ਕੁਝ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਇਸ ਕੰਮ ਵਾਸਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾਅਪੇਚ ਵਰਤੇ ਜਾ ਰਹੇ ਹਨ, ਜਿਸ ਕਾਰਨ ਅਣਉਚਿੱਤ ਢੰਗ ਨਾਲ ਵਿਦਿਆਰਥੀਆਂ ਵਿਰੁੱਧ ਕਾਰਵਾਈ ਦੀ ਸੰਭਾਵਨਾ ਵਧ ਗਈ ਹੈ। ਜਿਨ੍ਹਾਂ ਵਿਦਿਆਰਥੀਆਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ ਤੇ ਨਾ ਹੀ ਉਹ ਕਿਸੇ ਪ੍ਰਦਰਸ਼ਨ ਵਿਚ ਸ਼ਾਮਲ ਹੋਏ ਹਨ, ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਇਸ ਸਮੇਂ ਭਾਰਤੀ ਵਿਦਿਆਰਥੀ ਪ੍ਰੇਸ਼ਾਨੀ ਦੀ ਹਾਲਤ ਵਿਚ ਹਨ ਤੇ ਉਹ ਭਾਰਤ ਸਰਕਾਰ ਵੱਲ ਵੇਖ ਰਹੇ ਹਨ। ਵਿਦਿਆਰਥੀਆਂ ਨੂੰ ਆਸ ਹੈ ਕਿ ਭਾਰਤ ਸਰਕਾਰ ਉਨ੍ਹਾਂ ਦੀ ਮਦਦ ‘ਤੇ ਆਵੇਗੀ ਤੇ ਬਿਨਾਂ ਵਜ੍ਹਾ ਉਨ੍ਹਾਂ ਨੂੰ ਵੀਜ਼ੇ ਰੱਦ ਕਰਨ ਦੀ ਲਟਕ ਰਹੀ ਤਲਵਾਰ ਤੋਂ ਰਾਹਤ ਮਿਲੇਗੀ।