#OTHERS

ਅਮਰੀਕਾ ਵੱਲੋਂ ਚਾਬਹਾਰ ਬੰਦਰਗਾਹ ‘ਤੇ ਹਵਾਈ ਹਮਲਾ

ਇਰਾਨ ‘ਤੇ ਕੀਤੇ ਹਮਲੇ; ਭਾਰਤ ਚਾਬਹਾਰ ਬੰਦਰਗਾਹ ਜ਼ਰੀਏ ਅਫਗਾਨਿਸਤਾਨ ਅਤੇ ਮੱਧ ਏਸ਼ਿਆਈ ਦੇਸ਼ਾਂ ਤੱਕ ਕਰਦਾ ਹੈ ਵਪਾਰ
ਤਲ ਅਵੀਵ, 17 ਜੁਲਾਈ (ਪੰਜਾਬ ਮੇਲ)- ਅਮਰੀਕਾ ਵੱਲੋਂ ਲਗਾਤਾਰ ਛੇਵੀਂ ਰਾਤ ਇਰਾਨ ਉੱਤੇ ਕਈ ਹਵਾਈ ਹਮਲੇ ਕੀਤੇ ਗਏ। ਇਸ ਕਾਰਵਾਈ ਦੌਰਾਨ ਅਮਰੀਕਾ ਨੇ ਭਾਰਤ ਦੇ ਨਿਵੇਸ਼ ਵਾਲੇ ਰਣਨੀਤਕ ਤੌਰ ‘ਤੇ ਅਹਿਮ ਚਾਬਹਾਰ ਪੋਰਟ (ਬੰਦਰਗਾਹ) ਨੂੰ ਵੀ ਆਪਣੇ ਨਿਸ਼ਾਨੇ ‘ਤੇ ਲਿਆ। ਇਸ ਹਮਲੇ ਵਿਚ ਬੰਦਰਗਾਹ ਦੇ ਕੰਟਰੋਲ (ਨਿਗਰਾਨੀ) ਟਾਵਰ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ।
ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਇਸ ਹਮਲੇ ਵਿਚ ਨੁਕਸਾਨੇ ਗਏ ਕੰਟਰੋਲ ਟਾਵਰ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ। ਦੂਜੇ ਪਾਸੇ, ਇਰਾਨ ਦੀ ਅਧਿਕਾਰਤ ਨਿਊਜ਼ ਏਜੰਸੀ ‘ਮੇਹਰ’ ਨੇ ਵੀ ਚਾਬਹਾਰ ਪੋਰਟ ਅਤੇ ਉਸ ਦੇ ਕੰਟਰੋਲ ਟਾਵਰ ‘ਤੇ ਹੋਏ ਇਸ ਅਮਰੀਕੀ ਹਮਲੇ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਇੱਕ ਹਫ਼ਤੇ ਦੇ ਅੰਦਰ ਇਸ ਖਾਸ ਟਾਵਰ ‘ਤੇ ਹੋਣ ਵਾਲਾ ਇਹ ਤੀਜਾ ਹਮਲਾ ਹੈ।
ਅਮਰੀਕੀ ਸੈਂਟਰਲ ਕਮਾਂਡ (CENTCOM) ਵੱਲੋਂ ਜਾਰੀ ਬਿਆਨ ਵਿਚ ਦੱਸਿਆ ਗਿਆ ਹੈ ਕਿ ਲੜਾਕੂ ਜਹਾਜ਼ਾਂ, ਡਰੋਨਾਂ ਅਤੇ ਜੰਗੀ ਬੇੜਿਆਂ ਦੀ ਮਦਦ ਨਾਲ ਇਰਾਨ ਦੇ ਕਈ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਸੈਂਟਰਲ ਕਮਾਂਡ ਮੁਤਾਬਕ ਇਨ੍ਹਾਂ ਹਮਲਿਆਂ ਵਿਚ ਖਾਸ ਤੌਰ ‘ਤੇ ਤੱਟੀ ਨਿਗਰਾਨੀ ਕੇਂਦਰਾਂ, ਏਅਰ ਡਿਫੈਂਸ ਸਿਸਟਮ, ਫੌਜੀ ਲੌਜਿਸਟਿਕ ਅਤੇ ਸਮੁੰਦਰੀ ਫੌਜੀ ਟਿਕਾਣਿਆਂ ਨੂੰ ਤਬਾਹ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਚਾਬਹਾਰ ਪੋਰਟ ਭਾਰਤ ਲਈ ਰਣਨੀਤਕ ਅਤੇ ਵਪਾਰਕ ਪੱਖੋਂ ਬਹੁਤ ਅਹਿਮ ਹੈ। ਭਾਰਤ ਨੇ ਇਸ ਬੰਦਰਗਾਹ ਦੇ ਵਿਕਾਸ ਵਿਚ ਵੱਡਾ ਨਿਵੇਸ਼ ਕੀਤਾ ਹੈ ਅਤੇ ਮੌਜੂਦਾ ਸਮੇਂ ਵਿਚ ਇਸ ਦਾ ਸੰਚਾਲਨ ਇੱਕ ਭਾਰਤੀ ਕੰਪਨੀ ‘ਇੰਡੀਆ ਪੋਰਟਸ ਗਲੋਬਲ ਲਿਮਟਿਡ’ (ਆਈ.ਪੀ.ਜੀ.ਐੱਲ.) ਵੱਲੋਂ ਕੀਤਾ ਜਾ ਰਿਹਾ ਹੈ। ਇਹ ਬੰਦਰਗਾਹ ਭਾਰਤ ਨੂੰ ਪਾਕਿਸਤਾਨ ਦੇ ਰਸਤੇ ‘ਤੇ ਨਿਰਭਰ ਹੋਏ ਬਿਨਾਂ ਸਿੱਧੇ ਅਫਗਾਨਿਸਤਾਨ ਅਤੇ ਮੱਧ ਏਸ਼ਿਆਈ ਦੇਸ਼ਾਂ ਤੱਕ ਵਪਾਰ ਕਰਨ ਲਈ ਇੱਕ ਸੁਰੱਖਿਅਤ ਅਤੇ ਸੌਖਾ ਰਸਤਾ ਪ੍ਰਦਾਨ ਕਰਦੀ ਹੈ।